Thursday, April 16, 2026

ੳ ਦਿੱਲੀ ਕਮੇਟੀ ਦੇ ਯਤਨਾ ਸਦਕਾ 38 ਭਗੌੜੇ ਐਨ.ਆਰ.ਆਈ. ਲਾੜਿਆਂ ਦਾ ਪਾਸਪੋਰਟ ਰੱਦ

ਭਾਰਤ ਸਰਕਾਰ ਨੇ ਭਗੌੜੇ ਲਾੜਿਆਂ ਖਿਲਾਫ਼ ਕਾਰਵਾਈ ਲਈ ਇੰਟਰਗ੍ਰੇਟਿਡ ਨੋਡਲ ਏਜੰਸੀ ਬਣਾਈ

PPN2908201814ਨਵੀਂ ਦਿੱਲੀ, 29 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਭਗੌੜੇ ਹੋਏ ਲਾੜਿਆਂ ਦੀ ਹੁਣ ਖੈਰ ਨਹੀਂ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ’ਤੇ ਕਾਰਵਾਈ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਸਮੂਹ ਮਾਮਲਿਆਂ ਦੀ ਜਾਂਚ ਲਈ ਇੰਟਰਗ੍ਰੇਟਿਡ ਨੋਡਲ ਏਜੰਸੀ ਬਣਾਉਣ ਦਾ ਐਲਾਨ ਕੀਤਾ ਹੈ।ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਵਿਵੇਕ ਜੇਪ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇਸ ਬਾਬਤ ਅੱਜ ਭੇਜੇ ਪੱਤਰ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਉਪ ਸਕੱਤਰ ਸਿਪਰਾ ਰਾਇ ਨੂੰ ਆਈ.ਐਨ.ਏ. ਦਾ ਮੁਖੀ ਥਾਪਿਆ ਗਿਆ ਹੈ।
    ਇਸ ਬਾਬਤ ਅੱਜ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਇਸ ਮਸਲੇ ’ਤੇ ਦਿਖਾਈ ਗਈ ਤੱਤਪਰਤਾ ਲਈ ਧੰਨਵਾਦ ਕੀਤਾ। ਕਾਲਕਾ ਨੇ ਦੱਸਿਆ ਕਿ 9 ਮਈ 2018 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਆਹ ਤੋਂ ਬਾਅਦ ਛੱਡ ਦਿੱਤੀਆਂ ਗਈਆਂ ਬੀਬੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਮਸਲੇ ’ਤੇ ਸਹਿਯੋਗ ਲਈ ਦਿੱਲੀ ਕਮੇਟੀ ਵੱਲੋਂ ਐਨ.ਆਰ.ਆਈ. ਸੈਲ ਖੋਲਣ ਦਾ ਐਲਾਨ ਕੀਤਾ ਗਿਆ ਸੀ। ਇਸਦੇ ਨਾਲ ਹੀ ਕੇਂਦਰੀ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਸਣੇ ਕੌਮੀ ਮਹਿਲਾ ਕਮਿਸ਼ਨ ਨੂੰ ਪੱਤਰ ਲਿੱਖਕੇ ਇਸ ਮਾਮਲੇ ’ਚ ਸਖ਼ਤ ਕਾਨੂੰਨ ਬਣਾਕੇ ਭਗੌੜੇ ਲਾੜਿਆ ਨੂੰ ਭਾਰਤ ਵਾਪਸ ਲਿਆਉਣ ਦੀ ਵਕਾਲਤ ਕੀਤੀ ਗਈ ਸੀ।
    ਕਾਲਕਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਅੱਜ ਕਾਰਵਾਈ ਇਤਿਹਾਸਕ ਕਾਰਵਾਈ ਕਰਦੇ ਹੋਏ ਜਿਥੇ ਨੋਡਲ ਏਜੰਸੀ ਬਣਾ ਦਿੱਤੀ ਹੈ, ਉਥੇ ਹੀ ਨੋਡਲ ਏਜੰਸੀ ਨੂੰ ਭਗੌੜੇ ਲਾੜਿਆ ਦੇ ਖਿਲਾਫ਼ ਲੁੱਕ ਆਉਟ ਸਰਕੂਲਰ ਜਾਰੀ ਕਰਨ ਦਾ ਪ੍ਰਭਾਵੀ ਅਧਿਕਾਰ ਵੀ ਦਿੱਤਾ ਹੈ।ਦਿੱਲੀ ਕਮੇਟੀ ਦੇ ਯਤਨਾ ਸੱਦਕਾ 38 ਭਗੌੜੇ ਲਾੜਿਆ ਦਾ ਪਾਸਪੋਰਟ ਰੱਦ ਵੀ ਹੋ ਗਿਆ ਹੈ। ਜਿਸ ਕਰਕੇ ਅੱਜ ਪੀੜਤ ਬੀਬੀਆਂ ਕਮੇਟੀ ਦਾ ਧੰਨਵਾਦ ਕਰਨ ਲਈ ਆਈਆ ਹਨ।ਕਾਲਕਾ ਨੇ ਇਸ ਮਸਲੇ ’ਤੇ ਸਹਿਯੋਗ ਦੇਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਧੰਨਵਾਦ ਕੀਤਾ।
    ਜੌਲੀ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਸਥਾਪਤ ਐਨ.ਆਰ.ਆਈ. ਸੈਲ ਜਾਤ, ਧਰਮ ਦੇ ਵਿੱਤਕਰੇ ਦੇ ਬਿਨਾਂ ਹਰ ਮਜਬੂਰ ਬੀਬੀ ਦੇ ਕੇਸ ਨੂੰ ਕਾਨੂੰਨੀ ਕਸਵਟੀ ’ਤੇ ਪਰਖ ਕੇ ਤਿਆਰ ਕਰ ਰਿਹਾ ਹੈ।ਤਾਂਕਿ ਬੇਸਹਾਰਾ ਅਤੇ ਮਜਬੂਰ ਕੁੜੀਆਂ ਨੂੰ ਸਹਾਇਤਾ ਮਿਲ ਸਕੇ।ਜੌਲੀ ਨੇ ਭਾਰਤ ਸਰਕਾਰ ਵੱਲੋਂ ਬਣਾਈ ਗਈ ਨੋਡਲ ਏਜੰਸੀ ’ਤੇ ਖੁਸ਼ੀ ਜਾਹਿਰ ਕਰਦੇ ਹੋਏ ਇਨ੍ਹਾਂ ਮਾਮਲਿਆਂ ’ਚ ਸਖਤ ਕਾਨੂੰਨ ਬਣਾਉਣ ਦੀ ਪੈਰਵੀ ਕੀਤੀ।ਜੌਲੀ ਨੇ ਕਿਹਾ ਕਿ ਨੋਡਲ ਏਜੰਸੀ ਦਾ ਫਾਇਦਾ ਸਿਰਫ਼ ਪੀੜਤ ਮਹਿਲਾਵਾਂ ਨੂੰ ਮਿਲੇਗਾ ਪਰ ਭਵਿੱਖ ’ਚ ਜੇਕਰ ਪੀੜਤ ਮਹਿਲਾਵਾਂ ਪੈਦਾ ਨਾ ਹੋਣ ਉਸਦੇ ਲਈ ਸਖ਼ਤ ਕਾਨੂੰਨ ਦੀ ਲੋੜ ਹੈ।

    ਜੌਲੀ ਨੇ ਐਨ.ਆਰ.ਆਈ. ਲਾੜੇ ਵੱਲੋਂ ਭਾਰਤੀ ਕੁੜੀ ਨਾਲ ਵਿਆਹ ਤੋਂ ਪਹਿਲਾਂ ਵਿਦੇਸ਼ਾਂ ’ਚ ਸਥਿਤ ਭਾਰਤੀ ਦੂਤਘਰਾਂ ਤੋਂ ਮਨਜੂਰੀ ਲੈਣ ਨੂੰ ਜਰੂਰੀ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਐਨ.ਆਰ.ਆਈ. ਲਾੜੇ ਦਾ ਵਿਆਹ ਰਜਿਸਟਰਡ ਕਰਨ ਲਈ ਭਾਰਤੀ ਐਮਬੈਸੀ ਅਤੇ ਲਾੜੇ ਦੇ ਮਾਲਕ ਵੱਲੋਂ ਜਾਣਕਾਰੀ ਦਾ ਪੱਤਰ ਆਉਣਾ ਜਰੂਰੀ ਹੋਣਾ ਚਾਹੀਦਾ ਹੈ।ਤਾਂਕਿ ਕੋਈ ਐਨ.ਆਰ.ਆਈ. ਲਾੜਾ ਭਾਰਤੀ ਲੜਕੀ ਦਾ ਜੀਵਨ ਬਰਬਾਦ ਨਾ ਕਰ ਸਕੇ।ਜੌਲੀ ਨੇ ਇਸ ਮਾਮਲੇ ’ਚ ਦਿੱਲੀ ਕਮੇਟੀ ਵੱਲੋਂ ਹਾਈਕੋਰਟ ਅਤੇ ਸੁਪਰੀਮ ਕੋਰਟ ਜਾਣ ਦਾ ਇਸ਼ਾਰਾ ਕੀਤਾ।
ਇਸ ਮੌਕੇ ਪੀੜਤ ਸਤਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਦਿੱਲੀ ਕਮੇਟੀ ਦਾ ਧੰਨਵਾਦ ਕਰਨ ਲਈ ਇੱਥੇ ਆਏ ਹਾਂ ਕਿਉਂਕਿ ਤਿੰਨ ਮਹੀਨੇ ’ਚ ਹੀ ਜਿਥੇ 38 ਪਾਸਪੋਰਟ ਰੱਦ ਹੋਏ ਹਨ ਉਥੇ ਕਈ ਭਗੌੜੇ ਲਾੜੇ ਪੀ.ਓ. ਘੋਸ਼ਿਤ ਹੋ ਗਏ ਹਨ।ਇਸ ਲਈ ਧੀਆਂ ਭੈਣਾਂ ਦੀ ਜਿੰਦਗੀ ਨੂੰ ਬਚਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਮਿਹਨਤ ਸਾਡੀ ਜਿੰਦਗੀ ਸਵਾਰਣ ਦਾ ਕਾਰਨ ਬਣ ਰਹੀ ਹੈ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply