Thursday, November 21, 2024

ਬਾਤਾਂ ਵਾਲਾ ਬਾਬਾ

         ਸੁਜਰਨ ਸਿਹੁੰ ਦੀ ਉਮਰ ਸੱਠਾਂ ਤੋਂ ਟੱਪ ਚੱਲੀ ਸੀ।ਚਾਲੀ ਘੁਮਾਂ ਦਾ ਮਾਲਕ ਸੀ ਸੁਰਜਨ।ਸੁੱਖ ਨਾਲ ਜਵਾਕਾਂ ਨਾਲ ਘਰ ਹਰਿਆ ਭਰਿਆ ਸੀ।ਜਵਾਨੀ ਵੇਲੇ ਸੁਰਜਨ ਨੇ ਜਾਨ ਤੋੜ ਕੇ ਕੰਮ ਕੀਤਾ ਤਾਂ ਹੀ ਤਾਂ ਦਸ ਘੁਮਾਂ ਤੋਂ ਚਾਲੀ ਘੁਮਾਂ ਜ਼ਮੀਨ ਬਣੀ ਸੀ।ਜਵਾਨੀ ਵੇਲੇ ਉਹ ਖੇਤ ਕੰਮ ਕਰਦਾ ਤੇ ਮੱਝਾਂ ਵੀ ਚਾਰਦਾ।ਜਦੋਂ ਮੁੰਡੇ ਜਵਾਨ ਹੋ ਗਏ ਤਾਂ ਇਕੱਲੀਆਂ ਮੱਝਾਂ ਚਾਰਨ `ਤੇ ਹੋ ਗਿਆ।ਸਵੇਰੇ ਸਵੇਰੇ ਨੂੰਹਾਂ ਪੋਣੇ ਵਿਚ ਮਿੱਸੀਆਂ ਰੋਟੀਆਂ ਲਪੇਟ ਕੇ ਦੇ ਦਿੰਦੀਆਂ।ਉਹ ਨੂੰ ਰੋਟੀ ਇੱਕ ਡੰਗ ਮਸਾਂ ਮਿਲਦੀ।ਦੁਪਹਿਰ ਵੇਲੇ ਚਾਹ ਉਹ ਦਾ ਮੁੰਡਾ ਜਾਂ ਪੋਤੇ ਦੇ ਆਉਂਦਾ ਕਦੇ ਕਦੇ।ਜਿਸ ਦਿਨ ਚਾਹ ਨਾ ਆਉਂਦੀ ਤਾਂ ਉਹ ਛੋਟੇ ਕੋਲੋਂ ਪੀਂਦਾ।ਸੁਰਜਨ ਸੂੰ ਦਾ ਛੋਟਾ ਪੱਕਾ ਆੜੀ ਸੀ।ਜਵਾਨੀ ਦੇ ਦਿਨਾਂ ਵਿਚ ਦੋਵਾਂ ਦੀ ਖੇਤ ਦੀ ਬਿੜੀ ਵੀ ਰਹੀ ਵਾਹਵਾ ਚਿਰ।ਛੋਟੇ ਨੇ ਜ਼ਮੀਨ ਠੇਕੇ `ਤੇ ਦੇ ਦਿੱਤੀ, ਕਿਉਂਕਿ ਛੋਟੇ ਦੇ ਇੱਕੋ ਔਲਾਦ ਸੀ ਉਹ ਸੀ ਕੁੜੀ।ਮੁੰਡੇ ਲਈ ਬਥੇਰੀ ਭੱਜ ਨੱਠ ਕੀਤੀ।ਕਈ ਸਾਧਾਂ ਤੋਂ ਸੁਆਹ ਦੀਆਂ ਪੁੜੀਆਂ ਵੀ ਲਈਆਂ।ਪਰ ਕਿਤੇ ਖੈਰ ਨਾ ਪਈ।ਅੱਕ ਕੇ ਉਹ ਘਰ ਬਹਿ ਗਿਆ।ਸੁਰਜਨ ਤੇ ਛੋਟਾ ਪਿੰਡ ਦੇ ਬਾਹਰ-ਬਾਹਰ ਖੇਤਾਂ ਕੋਲ ਬਣੇ ਰਜਾਦੀਆਣੇ ਟੋਭੇ ਕੋਲ ਬੋਹੜ ਦੀ ਛਾਂਵੇਂ ਮੱਝਾਂਂ ਨੂੰ ਤੜਕੇ ਲਿਜਾ ਬਿਠਾਉਂਦੇ ਤੇ ਸ਼ਾਮ ਨੂੰ ਘਰ ਲੈ ਕੇ ਆਉਂਦੇ।ਮੱਝਾਂ ਦੇ ਗਲ ਵਿੱਚ ਲੱਕੜ ਦੇ ਟੰਬੇ ਬੰਨ ਕੇ ਰੱਖਦੇ ਤਾਂ ਕਿ ਮੱਝਾਂ ਭੱਜ ਨਾ ਜਾਣ।
             ਰਜਾਦੀਆਣੇ ਟੋਭੇ ਵਾਲੇ ਰਾਹ `ਤੇ ਗੁੱਡੂ ਦਾ ਘਰ ਸੀ।ਗੁੱਡੂ ਜ਼ਿਮੀਂਦਾਰਾਂ ਦਾ ਮੁੰਡਾ ਸੀ।ਉਹ ਪਿੰਡ ਦੇ ਹਾਈ ਸਕੂਲ ‘ਚ ਦਸਵੀਂ ਕਲਾਸ ਵਿਚ ਪੜ੍ਹਦਾ ਸੀ।ਗੁੱਡੂ ਸਕੂਲੋਂ ਮੁੜਦਾ ਗਰਮੀ ਦੇ ਦਿਨਾਂ ਵਿਚ ਬੋਹੜ ਦੀ ਛਾਂਵੇਂ ਸੁਰਜਨ ਸੂੰ ਕੋਲ ਬੈਠ ਜਾਂਦਾ।ਉਨ੍ਹਾਂ ਨਾਲ ਗੱਲਾਂ ਮਾਰੀ ਜਾਣੀਆਂ ਇਧਰ ਉਧਰ ਦੀਆਂ।ਛੋਟੇ ਤੇ ਸੁਰਜਨ ਦਾ ਜੀਅ ਲਾਈ ਰੱਖਦਾ।
           ਸੁਰਜਨ ਸੂੰ ਵੀ ਉਹ ਨੂੰ ਹਰ ਰੋਜ਼ ਕੋਈ ਨਾ ਕੋਈ ਬਾਤ ਸਣਾਉਂਦਾ।ਕਹਿੰਦਾ ਫਲਾਨਿਆਂ ਦਾ ਇੱਕ ਬੁੜ੍ਹਾ ਸੀ।ਉਹ ਨੇ ਆਪਾਂ ਜਵਾਕਾਂ ਨੂੰ ਘਰ ਬਾਰ ਬਣਾ ਕੇ ਦਿੱਤਾ।ਪਰ ਉਹ ਦੇ ਜਵਾਕ ਉਹ ਨੂੰ ਰੋਟੀ ਨਾ ਦਿੰਦੇ।ਹੋਰ ਵੀ ਕਈ ਬਾਤਾਂ ਸਣਾਉਂਦਾ।ਪਰ ਹੁੰਦੀਆਂ ਸਾਰੀਆਂ ਬੁੜਿਆਂ ਨਾਲ ਸੰਬੰਧਤ।ਗੁੱਡੂ ਸੁਰਜਨ ਦੀਆਂ ਬਾਤਾਂ ਵਿੱਚ ਇੰਨਾ ਖੁੱਭ ਜਾਂਦਾ ਕਿ ਉਹ ਕਈ ਵਾਰ ਨੇਰੇ੍ਹ ਘਰ ਵੜਦਾ।ਗੁੱਡੂ ਦੀ ਸੁਰਜਨ ਨਾਲ ਐਨੀ ਗੂੜੀ ਸਾਂਝ ਪਈ ਕਿ ਕਈ ਵਾਰ ਉਹ ਨੂੰ ਘਰੇ ਵੀ ਮਿਲ ਕੇ ਆਇਆ।
          ਇੱਕ ਦਿਨ ਛੋਟੇ ਨੇ ਹੀ ਉਹ ਨੂੰ ਸੁਰਜਨ ਦੀ ਮੌਤ ਦਾ ਪਤਾ ਲੱਗਿਆ।ਇੱਕ ਗੁੱਡੂ ਛੋਟੇ ਕੋਲ ਰਜਾਦੀਆਣੇ ਟੋਭੇ ਕੋਲ ਰੁਕਿਆ ਤੇ ਉਥੇ ਬੈਠ ਗਿਆ ਜਿੱਥੇ ਸੁਰਜਨ ਬੈਠਦਾ ਸੀ।ਗੁੱਡੂ ਨੇ ਛੋਟੇ ਨੂੰ ਕਿਹਾ ਬਾਬਾ ਤੂੰ ਸੁਣਾ ਕੋਈ ਬਾਤ।ਛੋਟਾ ਕਹਿੰਦਾ ਓ ਭਾਈ ਮੈਨੂੰ ਨੀਂ ਆਉਂਦੀ ਕੋਈ ਬਾਤ।ਮੇਰੀ ਔਲਾਦ ਦਾ ਮੈਨੂੰ ਵਧੀਆ ਰੋਟੀ ਦਿੰਦੀ ਆ।ਪੂਰੀ ਸੇਵਾ ਕਰਦੀ ਆ ਮੇਰੀ।ਉਹ ਤਾਂ ਸੁਰਜਨ ਸਿਹੁੰ ਹੀ ਸੀ।ਜਿਹਨੇ ਸਾਰੀ ਉਮਰ ਕਮਾਈ ਕੀਤੀ ਤੇ ਬੁਢਾਪੇ ਵੇਲੇ ਰੋਟੀ ਮਸਾਂ ਜੁੜੀ ਵਿਚਾਰੇ ਨੂੰ।ਉਹ ਤੈਨੂੰ ਬਾਤਾਂ ਰਾਹੀਂ ਆਪ ਬੀਤੀਆਂ ਸੁਣਾਉਂਦਾ ਰਿਹਾ ਤੇ ਢਿੱਡ ਦਾ ਦੁੱਖ ਹੌਲਾ ਕਰਦਾ ਰਿਹਾ।ਗੁੱਡੂ ਨੇ ਅੱਖਾਂ ਭਰ ਲਈਆਂ।ਬੇਬੇ ਨੇ ਅੱਜ ਘਰ ਸੰਦੇਹਾਂ ਆਉਣ ਦਾ ਕਾਰਨ ਪੁੱਛਿਆ ਤਾਂ ਗੁਡੂ ਨੇ ਸਿਰਫ ਇੰਨਾ ਹੀ ਆਖਿਆ `ਮਰ ਗਿਆ ਮੇਰਾ ਬਾਤਾਂ ਵਾਲਾ ਬਾਬਾ`।

Marjana Beant

 

 

 

 

 

 

 

ਮਰਜਾਨਾ ਬੇਅੰਤ
ਮੋ – 6239303434

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply