Sunday, December 22, 2024

ਖ਼ਾਲਸਾ ਕਾਲਜ ਵਿੱਦਿਅਕ ਖੇਤਰ ਦੀ ਸਿਰਮੌਰ ਸੰਸਥਾ – ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਖਾਲਸਾ ਕਾਲਜ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ ’ਤੇ ‘ਅਰਦਾਸ ਦਿਵਸ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿੱਦਿਅਕ ਖੇਤਰ ਦੀ ਇਕ ਸਿਰਮੌਰ ਸੰਸਥਾ ਹੈ ਅਤੇ ਇਸ ਵਰਗਾ ਅਦਾਰਾ ਸ਼ਾਇਦ ਹੀ ਸੰਸਾਰ ’ਚ ਕਿਧਰੇ ਹੋਵੇ।ਮਾਣ ਵਾਲੀ ਗੱਲ ਹੈ ਕਿ ਖ਼ਾਲਸਾ ਕਾਲਜ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਧਾਰਮਿਕ ਤੇ ਵਿਰਸੇ ਦਾ ਗਿਆਨ ਵੀ ਪ੍ਰਦਾਨ ਕਰਦਾ ਹੈ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਵਿਦਿਆਰਥੀਆਂ ਨੂੰ ਬਾਣੀ ਅਤੇ ਬਾਣੇ ਦੇ ਲੜ ਲਗਾਉਣ ਲਈ ਸਥਾਪਿਤ ਕੀਤਾ ਗਿਆ ‘ਗੁਰਮਤਿ ਸਟੱਡੀ ਸੈਂਟਰ’ ਇਕ ਸ਼ਲਾਘਾਯੋਗ ਉਪਰਾਲਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਸਾਲ 2023-24 ਦੀ ਸ਼ੁਰੂਆਤ ਸਬੰਧੀ ‘ਆਰਭਿੰਕ ਅਰਦਾਸ ਦਿਵਸ’ ਮੌਕੇ ਉਚੇਚੇ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੱਚਖੰਡ ਸ੍ਰ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੀਤਾ।ਉਨ੍ਹਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬਾਨਾਂ ਦੁਆਰਾ ਵਿੱਦਿਆ ਦੀ ਮਹਾਨਤਾ ਬਾਰੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ।ਕਾਲਜ ਵਿਦਿਆਰਥੀਆਂ ਵੱਲੋਂ ਤੰਤੀ ਸਾਜ਼ਾਂ ਨਾਲ ਬਹੁਤ ਹੀ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਜੀਵਨ ਦੀ ਹਰੇਕ ਚੁਣੌਤੀ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਗਵਰਨਿੰਗ ਕੌਂਸਲ ਦੀਆਂ ਪੁਰਾਤਨ ਸਮੇਂ ਤੋਂ ਚਲੀਆਂ ਆ ਰਹੀਆਂ ਪ੍ਰੰਪਰਾਵਾਂ ਦਾ ਜ਼ਿਕਰ ਵੀਕੀਤਾ।
ਛੀਨਾ ਨੇ ਕਿਹਾ ਕਿ ਖ਼ਾਲਸਾ ਸੰਸਥਾਵਾਂ ’ਚ ਪੜ੍ਹ ਰਹੇ ਵਿਦਿਆਰਥੀ ਦੇਸ਼ ਦੇ ਕੋਨੇ-ਕੋਨੇ ’ਚ ਇਸ ਦੀ ਖ਼ੁਸ਼ਬੂ ਬਿਖੇਰਨ ਅਤੇ ਸਿੱਖੀ ਜੀਵਨ ’ਚ ਪ੍ਰਪੱਕ ਰਹਿਣ।
ਸਿੰਘ ਸਾਹਿਬ ਅਤੇ ਛੀਨਾ ਨੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਧਾਰਮਿਕ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤਕਸੀਮ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ।ਡਾ. ਮਹਿਲ ਸਿੰਘ ਨੇ ਕਾਲਜ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਕਾਲਜ ਦਾ ਚੁਫ਼ੇਰੇ ਨਾਮ ਰੌਸ਼ਨਾ ਰਹੇ ਹਨ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕ ਤਰ ਰਾਜਬੀਰ ਸਿੰਘ, ਪਰਮਜੀਤ ਸਿੰਘ ਬੱਲ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਸਿੱਖ ਇਤਿਹਾਸ ਖੋਜ ਸੈਂਟਰ ਦੇ ਮੁੱਖੀ ਡਾ. ਹਰਦੇਵ ਸਿੰਘ, ਭਗਵਾਨ ਸਿੰਘ, ਸੀਨੀਅਰ ਫ਼ੈਕਲਟੀ ਮੈਂਬਰ, ਸਮੂਹ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …