ਭਾਜਪਾ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਤੋੜ ਨਹੀ -ਵਿਧਾਇਕ ਸੋਨੀ, ਗੁਰਜੀਤ ਔਜਲਾ
ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ/ਬਲਜੀਤ ਸਿੰਘ ਬੱਲ)- ਗੁਰੂ ਨਗਰੀ ‘ਚ ਰਣਜੀਤ ਐਵੀਨਿਊ ਵਿਖੇ 22 ਜਨਵਰੀ ਨੂੰ ਹੋ ਰਹੀ ਨਸ਼ਿਆ ਦੇ ਖਿਲਾਫ ਕਾਂਗਰਸ ਦੀ ਲਲਕਾਰ ਰੈਲੀ ਅਕਾਲੀ ਭਾਜਪਾ ਸਰਕਾਰ ਦੀਆਂ ਜੜ੍ਹਾ ਹਿੱਲਾ ਕੇ ਰੱਖ ਦੇਵੇਗੀ ਜਿਸ ਨਾਲ ਵਿਰੋਧੀ ਧਿਰ ਬੌਖਲਾਏ ਜਾਣਗੇ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੱਲੋ ਭਾਜਪਾ ਨੂੰ ਖਦੇੜਣ ਲਈ ਭਾਜਪਾ ਰੈਲੀ ਵਿਰੁੱਧ ਐਲਾਨੀ ਰੈਲੀ ਤੋ ਘਬਰਾ ਕੇ ਭਾਜਪਾ ਨੇ ਆਪਣੀ ਹੋਣ ਵਾਲੀ ਇਸ ਕਰਕੇ ਰੈਲੀ ਰੱਦ ਕੀਤੀ ਕਿਉਂਕਿ ਭਾਜਪਾ ਕੋਲ ਪੰਜਾਬ ਦੇ ਸ਼ੇਰ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਤੋੜ ਨਹੀ ਹੈ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਆਗੂਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਮਾਝਾ ਜੋਨ ਦੇ ਇੰਚਾਰਜ਼ ਓਮ ਪ੍ਰਕਾਸ਼ ਸੋਨੀ, ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ, ਉਪ ਚੇਅਰਮੈਨ ਐਸ. ਸੀ.ਐਸ. ਟੀ. ਕਮਿਸ਼ਨ ਡਾ. ਰਾਜ ਕੁਮਾਰ ਵੇਰਕਾ, ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਐਡਵੋਕੇਟ ਰਾਜੀਵ ਭਗਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ।
ਵਿਧਾਇਕ ਓ.ਪੀ. ਸੋਨੀ ਤੇ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਕਿਹਾ ਕਿ ਮੈਦਾਨ ਛੱਡ ਕੇ ਭੱਜਣਾ ਅਕਾਲੀ-ਭਾਜਪਾਈਆਂ ਦੀ ਪੁਰਾਣੀ ਆਦਤ ਹੈ। ਨਸ਼ੇ ਦੇ ਮੁੱਦੇ ਤੇ ਕਾਂਵਾ ਰੋਲੀ ਪਾਉਣ ਵਾਲੇ ਭਾਜਪਾਈਆਂ ਨੇ ਪਹਿਲਾਂ ਕਾਂਗਰਸ ਵੱਲੋ ਵਿਧਾਨ ਸਭਾ ਅੰਦਰ ਨਸ਼ਿਆ ਨੂੰ ਲੈ ਕੇ ਲਿਆਦੇ ਬੇਭਰੋਸਗੀ ਮਤੇ ਤੇ ਪਿੱਠ ਦਿਖਾ ਕੇ ਅਕਾਲੀਆ ਦੀ ਹੀ ਹਮਾਇਤ ਕੀਤੀ ਸੀ, ਜੋ ਅੱਜ ਸੂਬੇ ਦੇ ਲੋਕਾਂ ਦੀ ਹਮਦਰਦੀ ਲਈ ਨਸ਼ਿਆਂ ਦੇ ਵਿਰੋਧ ਚ ਵੱਡੇ ਵੱਡੇ ਬਿਆਨ ਦਾਗ ਰਹੇ ਹਨ ਜੋ ਕਿ ਇਕ ਝੂਠ ਦਾ ਪੁਲੰਦਾ ਹਨ। ਅਸਲ ਵਿਚ ਸੂਬੇ ਅੰਦਰ ਨਸ਼ਿਆ ਦੇ ਪ੍ਰਸਾਰ ਲਈ ਅਕਾਲੀ ਦਲ ਦੇ ਨਾਲ ਨਾਲ ਭਾਜਪਾ ਵੀ ਬਰਾਬਰ ਦੀ ਜਿੰਮੇਵਾਰ ਹੈ।
ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਭਾਜਪਾ ਸਰਕਾਰ ਦੇ 8 ਸਾਲ ਦੇ ਰਾਜਕਾਲ ਦੌਰਾਨ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨ ਨਸ਼ਿਆ ਵਿਚ ਫਸ ਚੁੱਕੇ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਡਰੱਗ ਮਾਫੀਆ ਦਾ ਹਿੱਸਾ ਬਣ ਗਏ ਹਨ, ਜਿਸ ਨਾਲ ਪੰਜਾਬ ਵਿਚ ਧੜੱਲੇ ਨਾਲ ਨਸ਼ਾ ਵਿੱਕ ਕੇ ਨੌਜਵਾਨ ਪੀੜੀ ਦੀ ਜਿੰਦਗੀ ਬਰਬਾਦ ਹੋ ਚੁੱਕੀ ਤੇ ਕਈ ਘਰ ਉਜੜ ਕੇ ਬਰਬਾਦ ਹੋ ਚੁੱਕੇ ਹਨ।ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਅਕਾਲੀ ਭਾਜਪਾ ਵਿਚ ਉਜਾਗਰ ਹੋ ਰਹੀ ਫੁੱਟ ਦੇ ਨਤੀਜੇ ਵਜੋ ਸੂਬੇ ਅੰਦਰ ਸਮੇਂ ਤੋ ਪਹਿਲਾ ਵਿਧਾਨ ਸਭਾ ਚੋਣਾਂ ਹੋਣ ਦੇ ਆਸਾਰ ਹਨ, ਜਿਸ ਵਿਚ ਸੂਬੇ ਦੇ ਸਮੁੱਚੇ ਲੋਕ ਨਸ਼ੇ ਦੇ ਸੌਦਾਗਰ ਅਕਾਲੀ ਭਾਜਪਾਈਆਂ ਨੂੰ ਸਬਕ ਸਿਖਾਉਣਗੇ।ਕਾਂਗਰਸੀ ਬੁਲਾਰਿਆਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀ ਲਲਕਾਰ ਰੈਲੀ ਵਿਚ ਜੱਥਿਆ ਸਮੇਤ ਸ਼ਿਰਕਤ ਕਰਨ।