Thursday, March 26, 2026

ਸੌਦਾ ਸਾਧ ਦੀ ਫ਼ਿਲਮ ਖਿਲਾਫ ਦਿੱਲੀ ਕਮੇਟੀ ਨੇ ਕੀਤਾ ਪ੍ਰਦਰਸ਼ਨ

 ਸੈਂਸਰ ਬੋਰਡ ਦੇ ਟ੍ਰਿਬਿਊਨਲ ਵੱਲੋਂ ਮੰਜ਼ੂਰੀ ਦੇਣ ‘ਤੇ ਕੀਤੇ ਸਵਾਲ

PPN1601201512 PPN1601201513

ਨਵੀਂ ਦਿੱਲੀ, 16 ਜਨਵਰੀ (ਅੰਮ੍ਰਿਤ ਲਾਲ ਮੰਨਣ) – ਡੇਰਾ ਸੱਚਾ ਸੋਦਾ ਸਿਰਸਾ ਦੇ ਵਿਵਾਦਿਤ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫ਼ਿਲਮ ਮੈਸੇਂਜਰ ਆਫ ਗੋਡ ਨੂੰ ਸੈਂਸਰ ਬੋਰਡ ਦੇ ਟ੍ਰਿਬਿੳਨਲ ਵੱਲੋਂ ਕੱਲ ਰਾਤ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਖਿਲਾਫ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗੁਵਾਈ ਹੇਠ ਸੈਂਕੜੇ ਸਿੱਖਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਮਹਾਦੇਵ ਰੋਡ ਤੇ ਸੈਂਸਰ ਬੋਰਡ ਦੇ ਡਿਜੀਟਲ ਥਇਏਟਰ ਤੱਕ ਰੋਸ਼ ਮਾਰਚ ਕੱਢਣ ਦਾ ਅੇੈਲਾਨ ਕੀਤਾ ਸੀ ਪਰ ਦਿੱਲੀ ਪੁਲਿਸ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਕਰਕੇ ਲੱਗੀ ਧਾਰਾ 144 ਦਾ ਹਵਾਲਾ ਦੇ ਕੇ ਪ੍ਰਦਰਸ਼ਨਕਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਦਫ਼ਤਰ ਤੋਂ ਅੱਗੇ ਅੜਿਕੇ ਖੜੇ ਕਰਕੇ ਪੰਡਿਤ ਪੰਤ ਮਾਰਗ ਤੇ ਹੀ ਰੋਕ ਲਿਆ ਗਿਆ।ਪ੍ਰਦਰਸ਼ਨਕਾਰੀ ਹੱਥ ਵਿੱਚ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਮਿਲਣ ਦੇ ਖਿਲਾਫ ਨਾਅਰੇ ਲਿਖੀਆਂ ਹੋਈਆਂ ਤਖ਼ਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ। ਜਿਨ੍ਹਾਂ ਵਿਚ ਮੁੱਖ ਨਾਅਰੇ ਸਨ ”ਕਿਸੇ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੈਸੇਂਜਰ ਆਫ ਗੌਡ ਕਿਵੇਂ ਹੋ ਸਕਦਾ ਹੈ”?, ਕਾਤਿਲ ਅਤੇ ਬਲਾਤਕਾਰੀ ਕਿ ਭਗਵਾਨ ਦਾ ਸੰਦੇਸ਼ਵਾਹਕ ਹੋ ਸਕਦਾ ਹੈ ?
ਮਨਜੀਤ ਸਿੰਘ ਜੀ.ਕੇ ਨੇ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਟ੍ਰਿਬਿਊਨਲ ਵੱਲੋਂ ਦੇਣ ਦੀ ਨਿਖੇਧੀ ਕਰਦੇ ਹੋਏ ਇੱਕ ਹੀ ਦਿਨ ਵਿਚ ਫ਼ਿਲਮ ਨੂੰ ਜਾਰੀ ਕਰਨ ਦੀ ਦਿੱਤੀ ਗਈ ਮੰਜੂਰੀ ਤੇ ਵੀ ਸਵਾਲ ਖੜੇ ਕੀਤੇ। ਸੈਂਸਰ ਬੋਰਡ ਦੀ ਮੁੱਖੀ ਲੀਲਾ ਸੈਮਸਨ ਦੇ ਫ਼ਿਲਮ ਪ੍ਰਦਰਸ਼ਨ ਦੀ ਮੰਜ਼ੂਰੀ ਟ੍ਰਿਬਿਊਨਲ ਵੱਲੋਂ ਦੇਣ ਦੇ ਵਿਰੋਧ ਵਿੱਚ ਆਪਣੇ ਅਹੁੱਦੇ ਤੋਂ ਅਸਤਿਫਾ ਦੇਣ ਨੂੰ ਜੀ.ਕੇ ਨੇ ਚੰਗਾ ਕਦਮ ਦੱਸਦੇ ਹੋਏ ਰਾਮ ਰਹੀਮ ਦੀ ਫ਼ਿਲਮ ਕਰਕੇ ਦੇਸ਼ ਵਿੱਚ ਭਾਈਚਾਰਕ ਸਾਂਝ ਵਿਚ ਦਰਾਰ ਹੋਰ ਵੱਧਣ ਦਾ ਵੀ ਖਦਸ਼ਾ ਜਤਾਇਆ।ਲੀਲਾ ਸੈਮਸਨ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਦੀ ਮੰਜ਼ੂਰੀ ਪ੍ਰਾਪਤ ਕਰਨ ਲਈ ਰਾਮ ਰਹੀਮ ਵੱਲੋਂ ਭ੍ਰਿਸ਼ਟਾਚਾਰੀ ਵਿਵਹਾਰ ਅਤੇ ਸਿਆਸੀ ਦਬਾਅ ਬਨਾਉਣ ਦੀ ਟ੍ਰਿਬਿਊਨਲ ‘ਤੇ ਜਤਾਏ ਗਏ ਖਦਸ਼ੇ ‘ਤੇ ਵੀ ਕੇਂਦਰੀ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਤੱਥ ਸਾਹਮਣੇ ਲਿਆਉਣ ਦੀ ਵੀ ਜੀ.ਕੇ ਨੇ ਅਪੀਲ ਕੀਤੀ।
ਰਾਮ ਰਹੀਮ ਦੇ ਚਾਲ-ਚੱਲਣ, ਚਰਿਤਰ ਅਤੇ ਚੇਹਰੇ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਜੀ.ਕੇ ਨੇ ਉਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਰੱਖਿਆ ਕਾਰਣਾ ਤੋਂ ਪੇਸ਼ ਨਾ ਹੋਣ ਦੇ ਦਿੱਤੇ ਗਏ ਹਲਫ਼ਨਾਮੇ ਨੂੰ ਵੀ ਫਰਜ਼ੀ ਦੱਸਿਆ। ਜੀ.ਕੇ ਨੇ ਕਿਹਾ ਕਿ ਇਕ ਪਾਸੇ ਰਾਮ ਰਹੀਮ ਪੂਰੇ ਦੇਸ਼ ਵਿਚ ਸ਼ਰੇਆਮ ਆਪਣੀ ਫ਼ਿਲਮ ਦਾ ਪ੍ਰਚਾਰ ਕਰਦਾ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਆਪਣੇ ਜ਼ੁਰਮਾਂ ‘ਤੇ ਪਰਦਾ ਪਾਉਣ ਲਈ ਅਦਾਲਤਾਂ ਨੂੰ ਗੁੰਮਰਾਹ ਕਰਨ ਲਈ ਘਟੀਆ ਹੱਥਕੰਡੇ ਅਪਨਾਉਂਦਾ ਹੈ।ਰਾਮ ਰਹੀਮ ‘ਤੇ ਕਤਲ, ਬਲਾਤਕਾਰ ਅਤੇ ਆਪਣੇ ਸਾਧੂਆਂ ਨੂੰ ਨਿਪੁੰਸਕ ਬਨਾਉਣ ਦੇ ਲੱਗੇ ਦੋਸ਼ਾਂ ਤੋਂ ਧਿਆਨ ਭਟਕਾਉਣ ਲਈ ਆਡੰਬਰ ਅਤੇ ਪਾਖੰਡਵਾਦ ਨੂੰ ਵਧਾਉਣ ਵਾਲੀ ਉਕਤ ਫ਼ਿਲਮ ਬਨਾਉਣ ਦਾ ਵੀ ਜੀ.ਕੇ ਨੇ ਦੋਸ਼ ਲਾਇਆ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਸੌਦਾ ਸਾਧ ਨੂੰ ਰਾਮ ਰਹੀਮ ਦੇ ਨਾਂ ਤੋਂ ਉਚਾਰਣ ਨੂੰ ਖਾਰਿਜ਼ ਕਰਦੇ ਹੋਏ ਦਾਅਵਾ ਕੀਤਾ ਕਿ ਨਾ ਤੇ ਇਹ ਪਾਖੰਡੀ ਰਾਮ ਹੈ ਤੇ ਨਾ ਹੀ ਰਹੀਮ ਹੈ।ਇਹ ਸਮਾਜ ਦਾ ਸਭ ਤੋਂ ਵੱਡਾ ਸ਼ਰਾਰਤੀ ਅੰਸਰ ਹੈ। ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ, ਰਵੈਲ ਸਿੰਘ, ਚਮਨ ਸਿੰਘ, ਹਰਦੇਵ ਸਿੰਘ ਧਨੋਆ, ਮਨਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਸਮਰਦੀਪ ਸਿੰਘ ਸੰਨੀ, ਹਰਵਿੰਦਰ ਸਿੰਘ ਕੇ.ਪੀ., ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਪੱਪੂ, ਸਤਪਾਲ ਸਿੰਘ, ਧੀਰਜ ਕੌਰ, ਪਰਮਜੀਤ ਸਿੰਘ ਚੰਢੋਕ, ਗੁਰਬਚਨ ਸਿੰਘ ਚੀਮਾ, ਰਵਿੰਦਰ ਸਿੰਘ ਲਵਲੀ ਅਕਾਲੀ ਆਗੂ ਵਿਕ੍ਰਮ ਸਿੰਘ, ਗੁਰਮੀਤ ਸਿੰਘ ਬੋਬੀ, ਜਗਜੀਤ ਸਿੰਘ ਕਮਾਂਡਰ ਆਦਿਕ ਮੁੱਖ ਤੌਰ ਤੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply