Monday, April 6, 2026

ਸਿਆਸਤ ਦੀ ਭੇਟ ਚੜ੍ਹਿਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਇੱਕ ਸਿਰੋਪਾਓ ਤੱਕ ਨਹੀਂ ਦਿੱਤਾ ਗਿਆ- ਸ਼ੇਰਗਿੱਲ

Baba Jiwan Singh Ji

ਅੰਮ੍ਰਿਤਸਰ, 15 ਫਰਵਰੀ (ਪ੍ਰਵੀਨ ਸਹਿਗਲ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਰਬਾਰ ਸਾਹਿਬ ਦੀ ਹਦੂਦ ਅੰਦਰ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਦਾ ਸ਼ਹੀਦੀ ਦਿਹਾੜਾ ਸਿਆਸਤ ਦੀ ਭੇਟ ਚੜ੍ਹ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਜਥੇ: ਅਮਰੀਕ ਸਿੰਘ ਸ਼ੇਰਗਿੱਲ ਅਤੇ ਕੈਪਟਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪਹਿਲਾਂ ਇਹ ਸ਼ਹੀਦੀ ਸਮਾਗਮ 22 ਦਸੰਬਰ 2014 ਨੂੰ ਕਰਨ ਸਬੰਧੀ ਫੈਸਲਾ ਕੀਤਾ ਸੀ, ਫੇਰ ਆਪੇ ਹੀ ਮੁਲਤਵੀ ਕਰਕੇ ਨਵੀਂ ਤਰੀਕ 2 ਜਨਵਰੀ 2015 ਦੇ ਦਿੱਤੀ ਗਈ ਅਤੇ ਉਸ ਨੂੰ ਦੁਬਾਰਾ ਰੱਦ ਕਰਕੇ 15 ਫਰਵਰੀ 2015 ਦਿਹਾੜਾ ਮਿਥਿਆ ਗਿਆ ਅਤੇ ਅੱਜ ‘ਬੁੰਗਾ ਮਜ੍ਹਬੀ ਸਿੱਖਾਂ’ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਰੱਖਿਆ ਗਿਆ ਪਰ ਇਸ ਵਿੱਚ ਵੀ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਤੇ ਨਾ ਹੀ ਕੋਈ ਹੋਰ ਜਿੰਮੇਵਾਰ ਅਧਿਕਾਰੀ, ਸਿਵਾਏ ਮੈਨੇਜਰ ਪ੍ਰਤਾਪ ਸਿੰਘ ਤੋਂ ਸਮਾਗਮ ਵਿੱਚ ਹਾਜ਼ਰ ਹੋਇਆ।ਸੇਵਾ ਸੁਸਾਇਟੀ ਦੇ ਚੇਅਰਮੈਨ ਜਥੇ: ਸ਼ੇਰਗਿੱਲ ਅਨੁਸਾਰ ਉਨ੍ਹਾਂ ਵੱਲੋਂ 30 ਅਹਿਮ ਸਖਸ਼ੀਅਤਾਂ ਨੂੰ ਸਿਰੋਪਾਓ, ਸ਼ਾਲਾਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਇੱਕ ਸਿਰੋਪਾਓ ਨਹੀਂ ਦਿੱਤਾ ਗਿਆ, ਸਗੋਂ ਮੈਨੇਜਰ ਦਾ ਵਤੀਰਾ ਸੁਸਾਇਟੀ ਆਗੂਆਂ ਪ੍ਰਤੀ ਵੀ ਨਾਂਹ ਪੱਖੀ ਸੀ।ਸੰਗਤਾਂ ਵਿੱਚ ਇਹ ਸਭ ਵੇਖ ਕੇ ਰੋਸ ਦੀ ਲਹਿਰ ਪੈਦਾ ਹੋ ਗਈ ਅਤੇ ਕੁੱਝ ਸ਼ਰਧਾਲੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਹੀਦਾਂ ਦਾ ਸਨਮਾਨ ਨਹੀਂ ਸਗੋਂ ਅਪਮਾਨ ਕਰ ਰਹੀ ਹੈ।
ਉਨਾਂ ਦੱਸਿਆ ਕਿ ਸੁਸਾਇਟੀ ਵਲੋਂ ਇਸ ਸਮਾਗਮ ਦੌਰਾਨ ਜਿੱਥੇ ਹਰਜੀਤ ਸਿੰਘ ਹੀਰਾ ਦੇ ਢਾਡੀ ਜਥੇ ਨੇ ਵਾਰਾਂ ਗਾਇਨ ਕੀਤੀਆਂ ਅਤੇ ਅਜੀਤ ਸਿੰਘ ਨਬੀਪੁਰੀ, ਗਿਆਨੀ ਪਿਆਰਾ ਸਿੰਘ ਜਾਚਕ ਤੋਂ ਇਲਾਵਾ ਬੱਚੀ ਸਿਮਰਨਜੀਤ ਕੌਰ ਨੇ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸੁਸਾਇਟੀ ਦੇ ਆਗੂਆਂ ਨੇ ਸੰਗਤਾਂ ਨਾਲ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਅਤੇ ਬਹਾਦਰੀ ਸਬੰਧੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਿਰਨਜੀਤ ਕੌਰ ਗਹਿਰੀ, ਕਸ਼ਮੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਦੁੱਗਰੀ, ਧਰਵਿੰਦਰ ਸਿੰਘ ਔਲਖ, ਹਰੀ ਸਿੰਘ ਗਰੀਬ, ਚਰਨ ਸਿੰਘ ਫੌਜੀ, ਧਰਵਿੰਦਰ ਸਿੰਘ ਔਲਖ, ਹਰੀ ਸਿੰਘ ਗਰੀਬ, ਚਰਨ ਸਿੰਘ ਫੌਜੀ, ਸੰਤੋਖ ਸਿੰਘ ਜਿਲ੍ਹਾ ਪ੍ਰਧਾਨ, ਬਲਕਾਰ ਸਿੰਘ ਫੌਜੀ, ਗੁਰਮੇਜ ਸਿੰਘ ਪ੍ਰਚਾਰ ਸਕੱਤਰ, ਬੀਬੀ ਕਰਤਾਰ ਕੌਰ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply