ਹੁਸ਼ਿਆਰਪੁਰ, 4 ਜੁਲਾਈ (ਸਤਵਿੰਦਰ ਸਿੰਘ) – ਲਿੰਗ ਅਨੁਪਾਤ ਵਿਚਲੇ ਪਾੜ੍ਹੇ ਨੂੰ ਖਤਮ ਕਰਨ ਅਤੇ ਧੀਆਂ ਲਈ ਹੋਰ ਉਸਾਰੂ ਸਮਾਜਿਕ ਮਾਹੌਲ ਸਿਰਜਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੱਲੋਂ ਪਿੰਡ ਪੰਡੋਰੀ ਅਟਵਾਲ ਵਿਖੇ ਅੱਜ ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ‘ਬੇਟੀ ਬਚਾਓ ਅਭਿਆਨ’ ਦੀ ਨਿਵੇਕਲੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸਨਰ ਵਲੋਂ ਪਿੰਡ ਪੰਡੋਰੀ ਅਟਵਾਲ ਵਿਖੇ 0 ਤੋੋਂ 1 ਸਾਲ ਦੀਆਂ 16 ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਤੇ ਪਰਿਵਾਰਾਂ ਨੂੰ ਇੱਕ-ਇੱਕ ਫਰਾਕ, ਮੱਗ, ਪਿੱਗੀ ਬੈਂਕ, ਜੌਹਨਸਨ ਬੇਬੀ ਕਿੱਟ ਅਤੇ ਬੱਚੀਆਂ ਦੀਆਂ ਮਾਵਾਂ ‘ਤੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਚਾਂਦੀ ਦੀਆਂ ਪੰਜੇਬਾਂ ਅਤੇ ਪੂਰੇ ਪਰਿਵਾਰ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਚਿੰਨ੍ਹ ਦਿੱਤੇ ਗਏ । ਇਸ ਮੁਹਿੰਮ ਨਾਲ ਲੋਕਾਂ ਨੂੰ ਜੋੜ੍ਹਨ ਅਤੇ ਸਮੂਹਿਕ ਜਾਗਰੂਕਤਾ ਲਈ ਘਰਾਂ ਦੇ ਦਰਵਾਜਿਆਂ ‘ਤੇ ਸਟਿੱਕਰ ਵੀ ਲਗਾਏ ਗਏ। ਇਸ ਸਬੰਧੀ ਪਿੰਡ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਸਮਾਜ ਅੰਦਰ ਲੜਕੇ ਅਤੇ ਲੜਕੀਆਂ ਦੀ ਜਨਮ ਦਰ ਵਿਚ ਪਾੜੇ ਦਾ ਹੋਣਾ ਸਾਡੇ ਸਮਾਜ ਦੇ ਭਵਿੱਖ ਲਈ ਚਿੰਤ੍ਹਾ ਦਾ ਵਿਸ਼ਾ ਹੈ। ਉਨ੍ਹਾ ਕਿਹਾ ਭਾਵੇੇਂ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਹੁਸ਼ਿਆਰਪੁਰ ਜ਼ਿਲ੍ਹਾ ਲਿੰਗ ਅਨੁਪਾਤ ਪੱਖੋੋਂ ਵਧੀਆ ਸਥਿਤੀ ਵਿੱਚ ਹੈ ਤਾਂ ਵੀ ਸਾਨੂੰ ਲੜਕਿਆਂ ਅਤੇ ਲੜਕੀਆਂ ਦੀ ਜਨਮ ਦਰ ਵਿਚਲੇ ਪਾੜ੍ਹੇ ਨੂੰ ਖਤਮ ਕਰਨ ਲਈ ਸਤਰਕਤਾ ਤੇ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਮੁਹਿੰਮ ਦੀ ਸ਼ੁਰੂਆਤ ਲਈ ਪਿੰਡ ਪੰਡੋਰੀ ਅਟਵਾਲ ਨੂੰ ਚੁਣੇ ਜਾਣ ਦੀ ਵਜ੍ਹਾ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਪਿੰਡ ਪੰਡੋਰੀ ਅਟਵਾਲ ਵਿੱਚ ਲਿੰਗ ਅਨੁਪਾਤ 1000 ਲੜਕਿਆਂ ਪਿੱਛੇ 653 ਲੜਕੀਆਂ ਹੋਣ ਕਰਕੇ ਇਸ ਪਿੰਡ ਦੀਆਂ ਮਾਵਾਂ ਤੇ ਪਰਿਵਾਰਾਂ ਨੂੰ ਜਾਗਰੂਕ ਕਰਨ ਲਈ ਹੀ ਇਸ ਪਿੰਡ ਦੀ ਚੋਣ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਲਿੰਗ ਅਨੁਪਾਤ 1000 ਲੜਕਿਆਂ ਪਿੱਛੇ 895 ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਹੁਸਿਆਰਪੁਰ ਵਿੱਚ ਇਹ ਅਨੁਪਾਤ 1000 ਪਿਛੇ 961 ਹੈ। ਉਨ੍ਹਾ ਕਿਹਾ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਅਤੇ ਕਿਸੇ ਨੂੰ ਇਹੋ ਜਿਹਾ ਕੋਈ ਅਧਿਕਾਰ ਨਹੀ ਜਨਮ ਲੈਣ ਤੋ ਪਹਿਲਾ ਹੀ ਕੁੱਖ ਵਿੱਚ ਹੀ ਲੜਕੀਆਂ ਨੂੰ ਮਾਰ ਦਿੱਤਾ ਜਾਵੇ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਰੂਣ ਹੱਤਿਆਂ ਵਗਰੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਾਂਝਾ ਹੰਭਲਾ ਮਾਰਨ। ਡਿਪਟੀ ਕਮਿਸ਼ਨਰ ਨੇ ਭਾਰਤ ਦੀਆਂ ਧੀਆਂ ਵੱਲੋੋਂ ਵਿਗਿਆਨ, ਸਿੱਖਿਆ, ਖੇਡਾਂ, ਸੁਰੱਖਿਆ ਸੈਨਾਵਾਂ ਸਮੇਤ ਹਰ ਖੇਤਰ ਵਿੱਚ ਮਾਰੀਆਂ ਜਾ ਰਹੀਆਂ ਮੱਲਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਉਨ੍ਹਾਂ 116 ਪਿੰਡਾਂ ਨੂੰ ਚੁਣਿਆ ਗਿਆ ਹੈ ਜਿਥੇ ਲਿੰਗ ਅਨੁਪਾਤ ਵਿੱਚ ਸੁਧਾਰ ਦੀ ਵਧੇਰੇ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਇਸ ਮੁਹਿੰਮ ਨੂੰ ਜਾਰੀ ਰੱਖਿਆਂ ਜਾਵੇਗਾ ਅਤੇ ਇਸ ਮੁਹਿੰਮ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਘੱਟ ਲੜਕੀਆਂ ਵਾਲੇ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ। ਇਸ ਤੋੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋੋਂ ਸਮਾਗਮ ਵਿੱਚ ਪੁੱਜਣ ‘ਤੇ ਪਿੰਡ ਦੇ ਸਰਪੰਚ ਸਤਿੰਦਰ ਕੁਮਾਰ ਦੀ ਅਗਵਾਈ ਹੇਠ ਸਮੂਹ ਪੰਚਾਇਤ ‘ਤੇ ਸੀ.ਡੀ.ਪੀ.ਓ ਭੂੰਗਾ ਸੰਤੋਸ਼ ਕੁਮਾਰੀ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਨਿਰਮਲ ਸਿੰਘ,ਸ਼੍ਰੀਮਤੀ ਤਜਿੰਦਰ ਕੌਰ, ਬਿਕਰਮਜੀਤ ਕੌਰ, ਸੁਰਿੰਦਰ ਰਾਣੀ, ਅਮਰਜੀਤ ਕੌਰ, ਜੋਗਿੰਦਰ ਕੌਰ, ਲੀਲਾ ਦੇਵੀ, ਹਰਪਾਲ ਕੌਰ, ਜਗੀਰ ਦੇਵੀ, ਨੰਬਰਦਾਰ ਸਵਰਨ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ, ਪੰਚ ਨਿਰਮਲ ਸਿੰਘ, ਪੰਚ ਅਮਰਜੀਤ ਕੌਰ, ਹਰਮਿੰਦਰ ਸਿੰਘ, ਕੁਲੰਿਵਦਰ ਕੁਮਾਰ, ਪਵਨਦੀਪ , ਨਿਰਮਲ ਸਿੰਘ, ਸਰਪੰਚ ਸੁਖਵਿੰਦਰ ਕੌਰ ਬਾਹਲਾ, ਸਾਬਕਾ ਸਰੰਪਚ ਨਾਥ ਰਾਮ, ਰਜੀਵ ਬਜਾਜ , ਪ੍ਰਿਸੀਪਲ ਦੇਸਬੀਰ ਸ਼ਰਮਾ, ਨੰਬਰਦਾਰ ਜਸਜੀਤ ਸਿੰਘ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media