ਦੋਸ਼ੀਆਂ ਨੂੰ ਵਲਟੋਹਾ ਪੁਲਿਸ ਨਹੀ ਕਰ ਰਹੀ ਗ੍ਰਿਫਤਾਰ

ਪੱਟੀ, 13 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਪਣੀ ਲੜਕੀ ਸਿਮਰਨਜੀਤ ਕੌਰ ਦੀ ਮੌਤ ਦੇ ਜਿੰਮੇਦਾਰ ਵਿਅਕਤੀਆਂ ਵਿਰੁੱਧ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ‘ਤੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਵਾਰਡ ਨੰਬਰ 14 ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਤੇ ਉਸ ਦੀ ਪਤਨੀ ਮਨਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਨਾਂ ਦੀ ਲੜਕੀ ਸਿਮਰਨਜੀਤ ਕੌਰ ਦਾ ਵਿਆਹ 13 ਅਪ੍ਰੈਲ 2013 ਨੂੰ ਸੂਰਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਮਰਕੋਟ ਨਾਲ ਹੋਇਆ ਸੀ ਤੇ ਵਿਆਹ ਤੋਂ ਕੁਝ ਸਮਾਂ ਬਾਦ ਹੀ ਸਹੁਰਿਆਂ ਵਲੋਂ ਦਾਜ ਘੱਟ ਲਿਆਉਣ ਕਾਰਨ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ 3 ਸਤੰਬਰ 2015 ਨੂੰ ਉਸ ਦੇ ਸਹੁਰਿਆਂ ਨੇ ਉਸ ਨੂੰ ਦਾਜ ਘੱਟ ਲਿਆਉਣ ਕਾਰਨ ਮਾਰ ਦਿੱਤਾ।ਜਿਸ ਬਾਰੇ ਰਿਸ਼ਤੇਦਾਰਾਂ ਸਮੇਤ ਪੁਲਿਸ ਥਾਣਾ ਵਲਟੋਹਾ ਵਿਖੇ ਸੂਚਿਤ ਕੀਤਾ ਤਾਂ ਉਸ ਸਮੇਂ ਪੁਲਿਸ ਨੇ ਕਾਰਵਾਈ ਕਰਦਿਆਂ 4 ਸਤੰਬਰ ਨੂੰ ਮੁਕਦਮਾ ਨੰਬਰ 81 ਜੇਰੇ ਧਾਰਾ 304 ਬੀ, 34 ਆਈ.ਪੀ.ਸੀ ਤਹਿਤ ਪਤੀ ਸੂਰਜ ਸਿੰਘ, ਸੱਸ ਗੁਰਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ, ਚੰਦ ਸਿੰਘ ਪੱਤਰ ਸੁਰਜੀਤ ਸਿੰਘ ਵਿਰੁਧ ਦਰਜ ਤਾਂ ਕਰ ਲਿਆ ਹੈ, ਪਰ ਏਨੇ ਦਿਨ ਬੀਤ ਜਾਣ ‘ਤੇ ਵੀ ਦੋਸ਼ੀ ਬਾਹਰ ਘੁੰਮ ਰਹੇ ਹਨ। ਪੁੱਛਣ ‘ਤੇ ਥਾਣਾ ਵਲਟੋਹਾ ਦੀ ਪੁਲੀਸ ਟਾਲ ਮਟੋਲ ਕਰ ਰਹੀ ਹੈ।ਇਸ ਮੌਕੇ ਹਾਜ਼ਰ ਲੜਕੀ ਦੇ ਮਾਤਾ-ਪਿਤਾ ਦੇ ਇਲਾਵਾ ਤਾਇਆ ਗੁਰਚਰਨ ਸਿੰਘ, ਬਿਮਲ ਕੌਰ, ਚਾਚੇ ਸੁਰਿੰਦਰ ਸਿੰਘ, ਕਿਰਨਦੀਪ ਕੌਰ, ਜੋਗਿੰਦਰ ਸਿੰਘ, ਕ੍ਰਿਸ਼ਨਾ, ਹਰਭਜਨ ਸਿੰਘ, ਸੋਨੀਆਂ, ਅਮਰਜੀਤ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਜਦੋਂ ਇਸ ਸਬੰਧੀ ਐਸ.ਐਚ.ਓ ਵਲਟੋਹਾ ਰਵੀਸ਼ੇਰ ਸਿੰਘ ਨਾਲ ਸਪੰਰਕ ਕੀਤਾ ਤਾਂ ਉਨਾਂ ਦੱਸਿਆ ਕਿ ਥਾਣੇ ਦੀ ਪੁਲਿਸ ਇੱਕ ਤਾਂ ਅਮਰਕੋਟ ਵਿਖੇ ਹੋਈ ਸੂਬਾ ਪੱਧਰੀ ਰੈਲੀ ਅਤੇ ਦੂਜਾ ਪਿੰਡ ਦਾਸੂਵਾਲ ਵਿਖੇ ਹੋਏ ਕਤਲ ਕੇਸ ਵਿੱਚ ਰੁੱਝੀ ਹੋਣ ਕਾਰਨ ਮਾਮਲਾ ਲੇਟ ਹੋਇਆ ਹੈ।ਜਲਦ ਹੀ ਤਿੰਨੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
Punjab Post Daily Online Newspaper & Print Media