
ਨਵੀਂ ਦਿੱਲੀ, 1 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਕਾਂਗ੍ਰਸ ਦੇ ਸਮਰਥਨ ਦਾ ਮੁਲ ਚੁਕਾਣ ਲਈ, ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਨ੍ਹਈਆ ਪਾਸ ਹੋਰ ਵੀ ਬਹੁਤ ਸਾਰੇ ਮੁੱਦੇ ਹੋ ਸਕਦੇ ਹਨ, ਪਰ ਉਸਨੂੰ ਕਿਸੇ ਵੀ ਤਰ੍ਹਾਂ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਿੱਖਾਂ ਦੇ ਕਤਲੇਆਮ ਵਿੱਚ ਕਾਂਗ੍ਰਸ ਪਾਰਟੀ ਅਤੇ ਸਰਕਾਰ ਦੀ ਸਾਬਤ ਹੋ ਚੁਕੀ ਭੂਮਿਕਾ ਵਿਚੋਂ ਉਸਨੂੰ ਦੋਸ਼-ਮੁਕਤੀ ਦਾ ਸਰਟੀਫਿਕੇਟ ਜਾਰੀ ਕਰ ਸਕੇ। ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਜਾਰੀ ਆਪਣੇ ਬਿਆਨ ਵਿੱਚ ਇਹ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਜਿਸ ਸਮੇਂ ਸਿੱਖਾਂ ਦੇ ਕਤਲੇਆਮ ਦਾ ਸਾਕਾ ਵਾਪਰਿਆ ਸੀ, ਉਸ ਸਮੇਂ ਤਾਂ ਉਸ (ਕਨ੍ਹਈਆ) ਦਾ ਤਾਂ ਜਨਮ ਵੀ ਨਹੀਂ ਸੀ ਹੋਇਆ, ਇਸ ਕਰਕੇ ਉਸਨੂੰ ਸੱਚਾਈ ਜਾਣੇ ਬਿਨਾਂ ਕਾਂਗ੍ਰਸੀਆਂ ਦੀ ਚੁਕ ਵਿੱਚ ਆ ਅਜਿਹੇ ਬਿਆਨ ਜਾਰੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ, ਜਿਨ੍ਹਾਂ ਬਾਰੇ ਉਸਨੂੰ ਕੁਝ ਵੀ ਪਤਾ ਨਹੀਂ। ਸ. ਰਾਣਾ ਨੇ ਪੁਛਿਆ ਕਿ ਜੇ ਸਿੱਖਾਂ ਦੇ ਕਤਲੇਆਮ ਵਿੱਚ ਕਾਂਗ੍ਰਸ ਸਰਕਾਰ ਤੇ ਪਾਰਟੀ ਦੀ ਕੋਈ ਭੂਮਿਕਾ ਨਹੀਂ ਸੀ ਤਾਂ ਇਹ ਕਤਲੇਆਮ ਕੇਵਲ ਕਾਂਗ੍ਰਸੀ ਸੱਤਾ ਵਾਲੇ ਰਾਜਾਂ ਵਿੱਚ ਹੀ ਕਿਉਂ ਵਾਪਰਿਆ? ਸਿੱਖਾਂ ਦੇ ਕਾਤਲਾਂ ਅਤੇ ਲੁਟੇਰਿਆਂ ਨੂੰ ਸਿੱਖਾਂ ਦੇ ਘਰਾਂ ਤੇ ਕਾਰੋਬਾਰੀ ਸੰਸਥਾਨਾਂ ਦੀਆਂ ਸੂਚੀਆਂ ਕਿਸਨੇ ਉਪਲਬੱਧ ਕਰਵਾਈਆਂ? ਸ. ਰਾਣਾ ਨੇ ਕਿਹਾ ਕਿ ਇਤਨਾ ਹੀ ਨਹੀਂ ਦੇਸ਼ ਭਰ ਵਿੱਚ ਇਕੋ ਸਮੇਂ ਸਿੱਖਾਂ ਦੇ ਕਾਤਲਾਂ ਨੂੰ ਜਵਲਨਸ਼ੀਲ ਪਦਾਰਥ ਤੇ ਹੋਰ ਸਾਧਨ ਉਪਲਬੱਧ ਕਰਵਾਣ, ਸਿੱਖਾਂ ਦਾ ਕਤਲੇਆਮ ਅਤੇ ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਨੂੰ ਲੁਟਣ-ਸਾੜਨ ਲਈ ਸਮਾਂ ਦੇਣ ਵਾਸਤੇ ਸਮੁਚੇ ਦੇਸ਼ ਵਿੱਚ ਤਿੰਨ-ਦਿਨਾਂ ਜੰਗਲ ਰਾਜ ਕਾਇਮ ਕਰੀ ਰਖਣ ਵਿੱਚ ਕਿਸਦੀ ਭੂਮਿਕਾ ਸੀ? ਸ. ਰਾਣਾ ਨੇ ਪੁਛਿਆ ਕਿ ਕੀ ਕਨ੍ਹਈਆ ਨੂੰ ਪਤਾ ਹੈ ਕਿ ਸਿੱਖਾਂ ਦੇ ਹੋ ਰਹੇ ਕਤਲ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਲੁਟਣ ਤੇ ਸਾੜਨ ਦੀਆਂ ਹੋ ਰਹੀਆਂ ਘਟਨਾਵਾਂ ਦੌਰਾਨ, ਉਨ੍ਹਾਂ ਪੁਰ ਕਾਬੂ ਪਾਣ ਦੀ ਬਜਾਏ ਸਮੁਚੇ ਰੂਪ ਵਿੱਚ ਦੇਸ ਦੇ ਨਾਗਰਿਕਾਂ ਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੁਰਖਿਆ ਲਈ ਜ਼ਿਮੇਂਦਾਰ ਪੁਲਿਸ ਤੇ ਸੁਰਖਿਆ ਬਲ ਤਮਾਸ਼ਬੀਨ ਬਣੇ ਰਹੇ ਸਨ। ਕੀ ਉਹ ਜਾਣਦਾ ਹੈ ਕਿ ਇਸ ਦੌਰਾਨ ਗੁਨਾਹਗਾਰਾਂ ਵਿਰੁਧ ਕਾਰਵਾਈ ਕਰਨ ਤੋਂ ਉਨ੍ਹਾਂ ਨੂੰ ਕਿਸਨੇ ਰੋਕੀ ਰਖਿਆ ਸੀ? ਸ. ਰਾਣਾ ਨੇ ਕਿਹਾ ਕਿ ਸਿੱਖਾਂ ਦੇ ਕਤਲੇਆਮ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਲੁਟ ਮਾਰ ਕਰਨ ਤੇ ਸਾੜਨ ਵਿੱਚ ਕਾਂਗ੍ਰਸ ਸਰਕਾਰ ਤੇ ਪਾਰਟੀ ਦੀ ਭੂਮਿਕਾ ਨੂੰ ਉਸ ਸਮੇਂ ਦੇ ਕਾਂਗ੍ਰਸੀ ਸਰਕਾਰ ਦੇ ਮੁਖੀ, ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪ ਇਹ ਆਖ, ਸਵੀਕਾਰ ਕਰ ਲਿਆ ਸੀ ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’। ਸ. ਰਾਣਾ ਨੇ ਕਿਹਾ ਕਿ ਇਹ ਸਾਰੇ ਤੱਥ ਕਾਂਗ੍ਰਸ ਸਰਕਾਰ ਅਤੇ ਪਾਰਟੀ ਨੂੰ ਸਿੱਖਾਂ ਦੇ ਕਤਲੇਆਮ ਲਈ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਿਆਂ ਕਰਦੇ ਹਨ। ਜਿਨ੍ਹਾਂ ਦੇ ਅਧਾਰ ਤੇ ਸਾਰੀਆਂ ਹੀ ਗੈਰ-ਸਰਕਾਰੀ ਅਤੇ ਕੁਝ ਸਰਕਾਰੀ ਜਾਂਚ ਏਜੰਸੀਆਂ ਅਤੇ ਕਮਿਸ਼ਨਾਂ ਨੇ ਸਿੱਖ ਕਤਲੇਆਮ ਲਈ ਕਾਂਗ੍ਰਸ ਸਰਕਾਰ ਤੇ ਪਾਰਟੀ ਨੂੰ ਹੀ ਦੋਸ਼ੀ ਕਰਾਰ ਦਿੱਤਾ ਹੈ। ਸ. ਰਾਣਾ ਨੇ ਕਿਹਾ ਕਿ ਕਾਂਗ੍ਰਸ ਸਰਕਾਰ ਅਤੇ ਪਾਰਟੀ ਦੇ ਗੁਨਾਹਾਂ ਦੀ ਪੁਸ਼ਟੀ ਕਰਦੀ ਇੱਕ ਕਾਲੌਨੀ ਪਛਮੀ ਦਿੱਲੀ ਵਿੱਚ ਆਬਾਦ ਹੈ, ਜੋ ਸੰਸਾਰ ਦੀ ਇਕੋ-ਇੱਕ ਅਜਿਹੀ ਕਾਲੌਨੀ ਹੈ, ਜੋ ਵਿਧਵਾ ਕਾਲੌਨੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਤੇ ਜਿਸ ਵਿੱਚ ਉਹ ਵਿਧਵਾਵਾਂ ਵਸਦੀਆਂ ਹਨ, ਜਿਨ੍ਹਾਂ ਦੇ ਸੁਹਾਗ ਕਾਂਗ੍ਰਸੀ ਸ਼ਹਿ ਤੇ ਮਦੱਦ ਨਾਲ ਉਜਾੜ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਹਾਲਾਤ ਦੀ ਰੋਸ਼ਨੀ ਵਿੱਚ ਕੋਈ ਕਿਵੇਂ ਸਿੱਖ ਕਤਲੇਆਮ ਦੇ ਕੀਤੇ ਤੇ ਕਰਵਾਏ ਗਏ ਗੁਨਾਹ ਤੋਂ ਕਾਂਗ੍ਰਸ ਸਰਕਾਰ ਤੇ ਪਾਰਟੀ ਨੂੰ ਦੋਸ਼-ਮੁਕਤ ਕਰਾਰ ਦੇ ਸਕਦਾ ਹੈ?
Punjab Post Daily Online Newspaper & Print Media