
ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ)- ਅੱਜ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਸਾਰੀ ਦੁਨੀਆ ਵਿੱਚ ਮਨਾਇਆ ਗਿਆ। ਸਾਲ 2016 ਦਾ ਮੁੱਦਾ ‘Go wild for life –zero tolerance for illegal wildlife trade’. ਪੰਜਾਬ ਦੇ ਵਿੱਚ ਇਸ ਦਿਨ ਦੀ ਮਹੱਤਤਾ ਇਸ ਕਰਕੇ ਵੀ ਹੈ ਕਿਉਂਕਿ 1947 ਤੋਂ ਬਾਅਦ ਅਸੀਂ ਆਪਣੇ ਜੰਗਲਾਂ ਨੂੰ ਵੱਢ ਕੇ ਜੰਗਲੀ ਜਾਨਵਰਾਂ ਅਤੇ ਪਸ਼ੂ-ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਖਾਤਮੇ ਵੱਲ ਲੈ ਆਏ ਹਾਂ। ਇਹ ਪੰਜ-ਆਬਾਂ ਦਾ ਪੰਜਾਬ ਜਿਸ ਵਿੱਚ ਪਸ਼ੂ-ਪੰਛੀ, ਹਰਿਆਵਲ ਅਤੇ ਪਾਣੀ ਦੇ ਤਾਜੇ ਸੋਮੇ ਭਰਪੂਰ ਸਨ, ਅੱਜ ਦਰਦਨਾਕ ਹਾਲਤ ਵਿੱਚ ਹੈ। ਪੰਜਾਬ ਨੂੰ ਤਾਜਾ ਆਬੋ-ਹਵਾ, ਹਰਿਆਵਲ ਅਤੇ ਕੁਦਰਤੀ ਸੰਪਤੀ ਕਰ ਕੇ ਜਾਣਿਆ ਜਾਂਦਾ ਸੀ ਪਰ ਅਫਸੋਸ ਅੱਜ ਉਹੀ ਪੰਜਾਬ ਪਾਣੀ ਲਈ, ਤਾਜੀ ਆਬੋ ਹਵਾ ਲਈ, ਉਪਜਾਊ ਮਿੱਟੀ ਲਈ ਤਰਸ ਰਿਹਾ ਹੈ। ਜਿਸਦਾ ਮਾੜਾ ਅਸਰ ਇਸਦੇ ਵਸਨੀਕਾਂ ਦੇ ਉੱਪਰ ਪੈ ਰਿਹਾ ਹੈ।ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸਾਨੂੰ ਕੁਦਰਤੀ ਸੰਪਤੀ ਦੀ ਸਾੰਭ-ਸੰਭਾਲ ਲਈ ਸੋਚ ਵਿਚਾਰ ਕੇ ਠੋਸ ਕਦਮ ਪੁੱਟਣੇ ਜਰੂਰੀ ਹਨ। ਇਸ ਮੌਕੇ ਤੇ ਇਹ ਵੀ ਪੜਚੋਲ ਕਰਨ ਦੀ ਲੋੜ੍ਹ ਹੈ ਕਿ ਜੋ ਜਾਨਵਰੀ ਉਤਪਾਦ ਵਰਤੇ ਜਾਂਦੇ ਹਨ ਉਸ ਤੋਂ ਗੁਰੇਜ ਹੋਣਾ ਚਾਹੀਦਾ ਹੈ ਜਿਵੇਂ ਕਿ ਹਾਥੀ ਦੰਦ ਤੋਂ ਬਣੀਆਂ ਵਸਤਾਂ, ਸ਼ਾਹਤੂਸ਼ ਦੀਆਂ ਸ਼ਾਲਾਂ, ਬਾਘ ਤੇ ਮਗਰਮੱਛ ਦੀ ਚਮੜੀ ਤੋਂ ਬਣੀਆਂ ਵਸਤਾਂ, ਮੋਰ ਪੰਖਾਂ ਦੀ ਵਰਤੋਂ ਅਦਿ।ਜੰਗਲੀ ਜੀਵਾਂ ਦੀ ਸਾੰਭ-ਸੰਭਾਲ ਨਾਲ ਹੀ ਕੁਦਰਤੀ ਸੰਤੁਲਨ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ।
WWF-India Punjab ਨੇ Big FM ਦਾ ਸਾਥ ਦੇ ਕੇ ਬੱਚਿਆਂ ਦਾ ਪੇਂਟਿਂਗ ਕੰਪੀਟੀਸ਼ਨ ‘ਪਾਣੀ ਬਚਾਉ-ਲਾਈਫ ਬਣਾਉ’ ਕਰਵਾਇਆ। ਇਹ ਕੰਪੀਟੀਸ਼ਨ Big FM ਨੇ ਭਾਰਤ ਦੇ 45 ਸ਼ਹਿਰਾਂ ਦੇ ਵਿੱਚ ਕਰਵਾਇਆ ਤਾਂ ਜੋ ਬੱਚਿਆਂ ਨੂੰ ਕੁਦਰਤ ਦੀਆਂ ਨੇਮਤਾਂ ਬਾਰੇ ਜਾਗਰੂਕ ਕੀਤਾ ਜਾਵੇ।
ਗੁਨਬੀਰ ਸਿੰਘ ਚੇਅਰਪਰਸਨ WWF-INDIA (ਪੰਜਾਬ) ਨੇ ਕਿਹਾ ਕਿ ਜਦੋਂ ਅਸੀਂ ਜੰਗਲੀ ਜੀਵਾਂ ਦੇ ਬਚਾਉ ਕਰਦੇ ਹਾਂ ਤਾਂ ਉਹਨਾਂ ਦੇ ਜੰਗਲਾਂ ਦੀ ਸਾੰਭ-ਸੰਭਾਲ ਦਾ ਵਿਸ਼ਾ ਉੱਭਰ ਕੇ ਆਉਂਦਾ ਹੈ। ਸਿੱਟੇ ਵਜੋਂ ਜੰਗਲ ਤਾਂ ਬਚਦੇ ਹੀ ਹਨ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਜਾਂਦਾ ਹੈ ਪਰ ਅਫਸੋਸ ਪੰਜਾਬ ਦਾ ਰਾਜ ਪੰਛੀ – ‘ਬਾਜ’ (Northern Goshawk) ਜੋ ਕਿ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਹੈ, ਅੱਜ ਦਿਸਦਾ ਹੀ ਨਹੀਂ। ਇਸੇ ਤਰ੍ਹਾਂ ਇਸ ਸੂਬੇ ਦਾ ਰਾਜ ਹਿਰਨ ਬਲੈਕਬੱਕ ਸਿਰਫ ਚਿੜੀਆ-ਘਰਾਂ ਜੋਗਾ ਹੀ ਰਹਿ ਗਿਆ ਹੈ। ਪੰਜਾਬ ਦਾ ਰਾਜ ਰੁੱਖ ਸ਼ੀਸ਼ਮ (ਟਾਹਲੀ) ਤੇਜੀ ਨਾਲ ਘੱਟਦਾ ਜਾ ਰਿਹਾ ਹੈ। ਇਹ ਸੱਭ ਸਮੱਸਿਆਵਾਂ ਸਾਨੂੰ ਨਜਰ ਆ ਰਹੀਆਂ ਹਨ ਪਰ ਅਸੀਂ ਇਸ ਦਾ ਸਮਾਧਾਨ ਸੋਚਣ ਦੀ ਬਜਾਏ ਅੱਖਾਂ ਮੀਚ ਕੇ ਤਬਾਹੀ ਵੱਲ਼ ਵੱਧ ਰਹੇ ਹਾਂ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media