ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਪੀਆਰਟੀਸੀ ਵਰਕਰ ਯੂਨੀਅਨ ਆਜਾਦ ਦੇ ਸੱਦੇ ਤੇ ਬਠਿੰਡਾ ਡਿਪੂ ਦੀ ਵਰਕਸ਼ਾਪ ਦੇ ਮੇਨ ਗੇਟ ਦਾ ਪਿਛਲੇ ਕਈ ਦਿਨਾਂ ਤੋਂ ਘਿਰਾਓ ਕਰਕੇ ਰੋਸ ਧਰਨਾ ਲਾਇਆ ਗਿਆ ਪਰ ਅੱਜ ਸੰਘਰਸ਼ ਉਸ ਸਮੇਂ ਹੋਰ ਵੀ ਭੱਖਦਾ ਹੋਇਆ ਨਜਰ ਆਇਆ ਜਦੋਂ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਦਿਆਂ ਆਜਾਦੀ ਦੀ ਦੂਜੀ ਲੜਾਈ ਦੇ ਨਾਅਰੇ ਹੇਠ ਕਰਮਚਾਰੀਆਂ ਦੇ ਸਹਿਯੋਗ ਨਾਲ ਮੈਨੇਜਮੈਂਟ ਤੇ ਸੰਘਰਸ਼ ਨੂੰ ਨਜਰਅੰਦਾਜ ਕਰਨ ਦਾ ਦੋਸ਼ ਲਾਉਂਦਿਆਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀ ਮੈਨੇਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਜਿਸ ਕਰਕੇ ਪਿੰਡਾਂ ਵਿੱਚ ਬੱਸਾਂ ਨਾ ਆਉਣ ਕਰਕੇ ਪੇਂਡੂ ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਮੇਨ ਰੂਟਾਂ ਤੇ ਬੱਸਾਂ ਨਾ ਚੱਲਣ ਕਰਕੇ ਟਰਾਂਸਪੋਰਟ ਵਿਭਾਗ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਤੇ ਮੰਗਾਂ ਨਾ ਮੰਨਣ ਤੱਕ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਵੀ ਕੀਤਾ ਗਿਆ। ਪ੍ਰਧਾਨ ਹਰਬੰਸ ਸਿੰਘ ਭੋਲਾ ਨੇ ਮੰਗ ਕੀਤੀ ਕਿ ਗੁਰਚਰਨ ਸਿੰਘ ਡੀ ਆਈ ਤੇ ਟੀ ਟੀ ਆਈ ਨੂੰ ਦੋਨੇ ਥਾਵਾਂ ਤੋਂ ਬਦਲਿਆ ਜਾਵੇ ਕਿਉਂਕਿ ਉਸ ਦਾ ਰਵੱਈਆ ਕਰਮਚਾਰੀਆਂ ਪ੍ਰਤੀ ਮਾੜਾ ਹੈ, ਵਰਕਰਾਂ ਲਈ ਬੱਸ ਸਟੈਂਡ ਵਿੱਚ ਕਮਰੇ ਦਾ ਪ੍ਰਬੰਧ, ਤਨਖਾਹ ੧੦ ਤਾਰੀਕ ਤੱਕ ਮਿਲਣੀ ਯਕੀਨੀ, ਓਵਰ ਟਾਈਮ ਦੇਣਾ ਯਕੀਨੀ ਬਨਾਉਣ, ਨਵੀਂ ਭਰਤੀ, ਕੱਚੇ ਕਾਮੇ ਪੱਕੇ ਕਰਨਾ, ਬੰਦ ਪਏ ਰੂਟ ਸ਼ੁਰੂ ਕਰਨ ਅਤੇ ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ। ਉਹਨਾਂ ਦੱਸਿਆ ਕਿ ਹੱਕੀ ਮੰਗਾਂ ਪ੍ਰਤੀ ਕਈ ਵੀ ਜੀ ਐਮ ਬਠਿੰਡਾ ਅਤੇ ਪੀਆਰਟੀਸੀ ਐਮ ਡੀ ਨੂੰ ਕਈ ਵਾਰ ਮੰਗ ਪੱਤਰ ਅਤੇ ਚੇਤਾਵਨੀ ਪੱਤਰ ਦੇਕੇ ਜਾਣੂ ਕਰਵਾਇਆ ਗਿਆ ਪਰ ਮੈਨੇਜਮੈਂਟ ਵੱਲੋਂ ਹਰ ਵਾਰ ਟਾਲ ਮਟੋਲ ਦੀ ਨੀਤੀ ਅਪਣਾਈ ਜਾਂਦੀ ਹੈ। ਉਹਨਾਂ ਦੋਸ਼ ਲਾਏ ਕਿ ਮੈਨੇਜਮੈਂਟ ਦੀਆਂ ਗਲਤੀਆਂ ਕਾਰਨ ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਅੱਡਾ ਇੰਚਾਰਜਾਂ ਵੱਲੋਂ ਪ੍ਰਾਈਵੇਟ ਬੱਸਾਂ ਤੋਂ ਆਪਣੇ ਨਿੱਜੀ ਮੁਫਾਦਾਂ ਲਈ ਰੂਟ ਮਿਸ ਕਰਵਾਏ ਜਾ ਰਹੇ ਹਨ। ਇਸ ਮੌਕੇ ਮੱਖਣ ਸਿੰਘ, ਗੁਰਬਿੰਦਰ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਰਛਪਾਲ ਸਿੰਘ, ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।