ਨਵੀਂ ਦਿੱਲੀ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨੇੜੇ ਦੀ ਨਜ਼ਰ ਦੀ ਐਨਕ ਕੋਰਿਅਰ ਰਾਹੀਂ ਭੇਜੀ ਹੈ।ਦਰਅਸਲ ਬੀਤੇ ਦਿੱਨੀਂ ਸਰਨਾ ਨੇ ਪ੍ਰੈਸ ਕਾਨਫਰੰਸ ਰਾਹੀਂ ਬੀਬੀ ਰਣਜੀਤ ਕੌਰ ‘ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕਮੇਟੀ ਵੱਲੋੇਂ 4 ਲੱਖ ਰੁਪਏ ਦੀ ਸਹਾਇਤਾ ਪ੍ਰਾਪਤ ਕਰਕੇ ਘੋਟਾਲਾ ਕਰਨ ਦਾ ਦੋਸ਼ ਲਗਾਇਆ ਸੀ।ਜਿਸ ਦੇ ਜਵਾਬ ਵੱਜੋਂ ਅੱਜ ਬੀਬੀ ਰਣਜੀਤ ਕੌਰ ਨੇ ਸਰਨਾ ਨੂੰ ਮਹਿਲਾ ਵਿਰੋਧੀ ਮਾਨਸਿਕਤਾ ਦਾ ਆਗੂ ਦੱਸਦੇ ਹੋਏ ਕਰਾਰਾ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਨਾ ਨੇ ਜਿਸ ਸਹਾਇਤਾ ਰਾਸ਼ੀ ਨੂੰ ਘੋਟਾਲਾ ਦੱਸਿਆ ਹੈ, ਦਰਅਸਲ ਉਹ ਸਰਨਾ ਦੀ ਮਾੜੀ ਨੀਅਤ ਅਤੇ ਦਿੱਲੀ ਕਮੇਟੀ ਵੱਲੋਂ ਮਾਂ-ਬੋਲੀ ਨੂੰ ਬਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਦੀ ਸਾਜ਼ਸ਼ ਹੈ। ਉਨਾਂ੍ਹ ਦੱਸਿਆ ਕਿ ਬੀਤੇ ਦਿਨੀਂ ਘਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਵੱਲੋਂ ਇੱਕ ਕੇਸ ਦੀ ਸੁਣਵਾਈ ਦੌਰਾਨ ਦਿੱਲੀ ਕਮੇਟੀ ਨੂੰ ਦਿੱਲੀ ਦੇ 1024 ਸਰਕਾਰੀ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਪੜਨ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਦਾ ਸਰਵੇ ਕਰਵਾਉਣ ਦੀ ਹਿਦਾਇਤ ਦਿੱਤੀ ਗਈ ਸੀ। ਜਿਸ ਤੇ ਕਮੇਟੀ ਵੱਲੋਂ ਆਪਣੇ ਸਕੂਲਾਂ ਦੇ ਚੋਣਵੇਂ ਸਟਾਫ਼ ਨੂੰ ਸਰਵੇ ਕਰਨ ਵਾਸਤੇ ਜੋਨਾਂ ਵਿਚ ਵੰਡਕੇ ਜਿੰਮੇਵਾਰੀ ਦਿੱਤੀ ਗਈ ਸੀ। ਸਰਨਾ ਜਿਸ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਜਿਕਰ ਕਰ ਰਹੇ ਹਨ ਉਹ ਸਾਰੀ ਰਾਸ਼ੀ ਸਟਾਫ਼ ਨੂੰ ਕਮੇਟੀ ਵੱਲੋਂ ਸੇਵਾ ਫਲ ਦੇ ਤੌਰ ‘ਤੇ ਬਕਾਇਦਾ ਚੈਕਾਂ ਰਾਹੀਂ ਦਿੱਤੀ ਗਈ ਸੀ। ਜਿਸ ਦੀ ਇੱਕ-ਇੱਕ ਪਾਈ ਦਾ ਹਿਸਾਬ ਸਾਡੇ ਕੋਲ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਉਕਤ ਸਰਵੇ ਦੀ ਸਿਫਾਰਸ਼ਾਂ ਦੇ ਆਧਾਰ ‘ਤੇ ਹੀ ਕਮਿਸ਼ਨ ਨੇ ਦਿੱਲੀ ਸਰਕਾਰ ਨੂੰ ਲਗਭਗ 1460 ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀ ਲੋੜੀਂਦੀਆਂ ਅਸਾਮੀਆਂ ਭਰਨ ਦੇ ਆਦੇਸ਼ ਦਿੱਤੇ ਸਨ।ਉਨ੍ਹਾਂ ਕਿਹਾ ਕਿ ਸਰਨਾ ਦੇ 12 ਸਾਲ ਦੇ ਕਾਰਜਕਾਲ ਦੇ ਦੌਰਾਨ ਕੱਦੇ ਵੀ ਮਾਂ-ਬੋਲੀ ਨੂੰ ਬਚਾਉਣ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਮੌਜੂਦਾ ਕਮੇਟੀ ਨੇ ਮਾਂ-ਬੋਲੀ ਦੀ ਹੋਂਦ ਨੂੰ ਬਚਾਉਣ ਵਾਸਤੇ ਤਨ, ਮਨ ਤੇ ਧਨ ਨਾਲ ਜੋ ਸੇਵਾ ਕੀਤੀ ਹੈ, ਉਹ ਮਿਸਾਲ ਹੈ।
ਸਰਨਾ ‘ਤੇ ਸਵਾਲਾਂ ਦੀ ਝੜੀ ਲਗਾਉਂਦੇ ਹੋਏ ਉਨ੍ਹਾਂ ਪੁਛਿਆ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ 760 ਪੰਜਾਬੀ ਅਧਿਆਪਕਾਂ ਦੀ ਨਵੀਂ ਲੋੜ ਨੂੰ ਪਛਾਣਨਾ ਕਿ ਦਿੱਲੀ ਕਮੇਟੀ ਦੀ ਪ੍ਰਾਪਤੀ ਨਹੀਂ ? ਦਿੱਲੀ ਸਰਕਾਰ ਵੱਲੋਂ ਮਜਬੂਰ ਹੋ ਕੇ ਨਵੀਂ ਭਰਤੀ ਦੇ ਇਸ਼ਤਿਹਾਰ ਕੱਢਣਾ ਦਿੱਲੀ ਕਮੇਟੀ ਦੀ ਜਿੱਤ ਨਹੀਂ ? ਸਟਾਫ਼ ਨੂੰ ਮਿਹਨਤ ਬਦਲੇ ਸੇਵਾ ਫਲ ਦੇਣਾ ਘੋਟਾਲਾ ਹੈ ? ਉਨ੍ਹਾਂ ਕਿਹਾ ਕਿ ਸਰਨਾ ਨੂੰ ਸੋੜੀ ਸਿਆਸੀ ਸੋਚ ਸਦਕਾ ਕਮੇਟੀ ਦਾ ਹਰ ਉਸਾਰੂ ਕਾਰਜ ਘੋਟਾਲਾ ਜਾਪਦਾ ਹੈ।ਸਰਨਾ ਨੂੰ ਇਸ ਮਸਲੇ ‘ਤੇ ਪੰਜਾਬੀ ਪ੍ਰੇਮੀਆਂ ਤੋਂ ਮੁਆਫ਼ੀ ਮੰਗਣ ਦੀ ਮੰਗ ਕਰਦੇ ਹੋਏ, ਉਨ੍ਹਾਂ ਨੇ ਸਰਨਾ ਦੀ ਨਜ਼ਰ ਅਤੇ ਨਜ਼ਰੀਏ ਨੂੰ ਦੁਰਸਤ ਕਰਨ ਵਾਸਤੇ ਐਨਕ ਭੇਜਣ ਦੀ ਵੀ ਜਾਣਕਾਰੀ ਦਿੱਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media