ਕਥਿਤ ਦੋਸ਼ੀਆਂ ਵਿਚ ਇਕ ਮਹਿਲਾ ਸਰਪੰਚ ਵੀ ਸ਼ਾਮਿਲ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੇ ਦਿਨੀਂ ਅਟਾਰੀ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਵਿਚ ਪੰਚਾਇਤ ਫੰਡਾਂ ਵਿਚ ਹੋਏ ਘੁਟਾਲੇ ਸਬੰਧੀ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ਾਂ ਹੇਠ ਡੀ ਡੀ ਪੀਓ ਇਕਬਾਲਜੀਤ ਸਿੰਘ ਵੱਲੋਂ ਕੀਤੀ ਗਈ ਪੜਤਾਲ ਮਗਰੋਂ ਤਿੰਨ ਸਰਪੰਚਾਂ ਅਤੇ ਤਿੰਨ ਪੰਚਾਇਤ ਅਧਿਕਾਰੀਆਂ ਵਿਰੁੱਧ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਡੀ ਡੀ ਪੀ ਓ ਨੇ ਦੱਸਿਆ ਕਿ 42 ਲੱਖ ਰੁਪਏ ਦੇ ਹੋਏ ਗਬਨ ਸਬੰਧੀ ਤਤਕਾਲੀਨ ਬੀ ਬੀ ਪੀ ਓ ਤਜਿੰਦਰ ਕੁਮਾਰ, ਪੰਚਾਇਤ ਸਕੱਤਰ ਭੁਪਿੰਦਰ ਸਿੰਘ, ਸਕੱਤਰ ਸਤਪਾਲ ਸਿੰਘ, ਬਾਸਰਕੇ ਦੇ ਸਰਪੰਚ ਸਵਿੰਦਰ ਸਿੰਘ, ਕੋਟਲੀ ਨਸੀਰ ਖਾਂ ਦੇ ਸਰਪੰਚ ਅਮਨਦੀਪ ਸਿੰਘ ਅਤੇ ਦਾਉਕੇ ਦੀ ਸਰਪੰਚ ਮਨਜੀਤ ਕੌਰ ਵਿਰੁੱਧ ਧਾਰਾ 409, 420, 467, 468, 471 ਅਤੇ 120 ਬੀ ਅਧੀਨ ਪੁਲਿਸ ਥਾਣਾ ਘਰਿੰਡਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਉਕਤ ਪਿੰਡਾਂ ਨੂੰ ਪਿਛਲੀ ਸਰਕਾਰ ਵੇਲੇ ਪਿੰਡਾਂ ਵਿਚ ਲੈਟਰੀਨਾਂ ਬਨਾਉਣ ਲਈ 50 ਲੱਖ ਰੁਪਏ ਜਾਰੀ ਕੀਤੇ ਗਏ ਸਨ, ਪਰ ਇਹ ਪੈਸੇ ਉਕਤ ਕੰਮਾਂ ’ਤੇ ਨਾ ਖਰਚ ਹੋਣ ਬਾਬਤ ਸ਼ਿਕਾਇਤ ਮਿਲੀ, ਜਿਸ ’ਤੇ ਕਾਰਵਾਈ ਕਰਦੇ ਹੋਏ ਕਮਲਜੀਤ ਸਿੰਘ ਜੇ. ਈ ਅਤੇ ਜਤਿੰਦਰ ਸਿੰਘ ਜੇ. ਈ. ਨੂੰ ਪੜਤਾਲ ਕਰਨ ਲਈ ਲਿਖਿਆ ਗਿਆ। ਉਕਤ ਪੜਤਾਲ ਵਿਚ ਸਾਹਮਣੇ ਆਇਆ ਕਿ ਇੰਨਾਂ ਪਿੰਡਾਂ ਵਿਚ ਕੋਈ ਵੀ ਲੈਟਰੀਨ ਇਸ ਪੈਸੇ ਨਾਲ ਨਹੀਂ ਬਣੀ ਪਰ ਬਾਸਰਕੇ ਪੰਚਾਇਤ ਨੇ 15 ਲੱਖ 22 ਹਜ਼ਾਰ 500 ਰੁਪਏ, ਕੋਟਲੀ ਨਸੀਰ ਖਾਨ ਨੇ 16 ਲੱਖ 80 ਹਜ਼ਾਰ ਰੁਪਏ ਅਤੇ ਦਾਉਕੇ ਨੇ 17 ਲੱਖ 97 ਹਜ਼ਾਰ 500 ਰੁਪਏ ਕਢਵਾਏ ਹਨ। ਇਸ ਪੜਤਾਲ ਦੇ ਸਾਹਮਣੇ ਆਉਣ ’ਤੇ ਡੀ. ਡੀ. ਪੀ. ਓ ਦਫਤਰ ਵੱਲੋਂ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਸ. ਸੰਘਾ ਦੇ ਧਿਆਨ ਵਿਚ ਲਿਆਂਦਾ ਗਿਆ, ਜਿੰਨਾਂ ਨੇ ਤਰੁੰਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਨੂੰ ਇਸ ਸਬੰਧੀ ਕੇਸ ਦਰਜ ਕਰਨ ਦੀ ਹਦਾਇਤ ਕਰਦੇ ਹੋਏ ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਬੰਧਤ ਪੰਚਾਇਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਸ ਕਰ ਦਿੱਤੀ।
ਡੀ. ਡੀ ਪੀ ਓ ਸ. ਇਕਬਾਲਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਇਕ ਕਰੋੜ 31 ਲੱਖ ਰੁਪਏ ਦੇ ਹੋਏ ਪੰਚਾਇਤੀ ਫੰਡ ਘੁਟਾਲੇ ਦੀ ਜਾਂਚ ਜਾਰੀ ਹੈ ਅਤੇ ਛੇਤੀ ਹੀ ਉਕਤ ਦੋਸ਼ਾਂ ਸਬੰਧੀ ਪੁਲਿਸ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media