ਤਸਵੀਰ ਅਵਤਾਰ ਸਿੰਘ ਕੈਂਥ
ਬਠਿੰਡਾ, 30 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਭਾਈ ਮਤੀ ਦਾਸ ਨਗਰ ਵਿਖੇ ਰਾਤ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਪਾਈ ਜਾ ਰਹੀ ਹਾਈਪਾਵਰ ਬਿਜਲੀ ਤਾਰ ਉਸਦੇ ਹੇਠਾਂ ਲੰਘ ਰਹੀਆਂ 66 ਕੇ ਵੀ ਤਾਰਾਂ ਤੇ ਡਿੱਗਣ ਨਾਲ ਕਰੀਬ ਦਸ ਘਰ ਮੌਤ ਦੇ ਮੂੰਹ ਵਿੱਚੋਂ ਹੀ ਬਚੇ, ਮੁਹੱਲਾ ਨਿਵਾਸੀ ਲੰਬੇਂ ਸਮੇਂ ਤੋਂ ਇਹ ਲਾਈਨ ਅਬਾਦੀ ਤੋਂ ਬਾਹਰ ਲਿਜਾਣ ਲਈ ਬਿਜਲੀ ਬੋਰਡ, ਪ੍ਰਸਾਸਨ ਅਤੇ ਰਾਜ ਸਰਕਾਰ ਕੋਲ ਦਰਖਾਸਤਾਂ ਅਪੀਲਾਂ ਕਰ ਰਹੇ ਹਨ, ਪਰ ਕਿਸੇ ਨੇ ਵੀ ਹੋਣ ਵਾਲੇ ਕਿਸੇ ਭਿਆਨਕ ਹਾਦਸੇ ਰੋਕਣ ਲਈ ਕਾਰਵਾਈ ਨਹੀਂ ਕੀਤੀ।
ਕਾਫ਼ੀ ਸਮੇਂ ਤੋਂ 33 ਕੇ ਵੀ ਲਾਈਨ ਭਾਈ ਮਤੀ ਦਾਸ ਨਗਰ, ਨਛੱਤਰ ਨਗਰ, ਭੋਜ ਰਾਜ ਨਗਰ ਆਦਿ ਮੁਹੱਲਿਆਂ ਵਿੱਚੋ ਲੰਘ ਰਹੀ ਸੀ, ਬਿਨ੍ਹਾਂ ਲੋਕਾਂ ਨੂੰ ਨੋਟਿਸ ਦਿੱਤੀਆਂ ਬਿਜਲੀ ਬੋਰਡ ਨੇ ਕਈ ਸਾਲ ਪਹਿਲਾਂ ਇਹ ਲਾਈਨ ਦੀ ਪਾਵਰ ਵਧਾ ਕੇ ੬੬ ਕੇ ਵੀ ਕਰ ਦਿੱਤੀ। ਇਹ ਲਾਈਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਬਿਲਕੁਲ ਨਜ਼ਦੀਕ ਦੀ ਲੰਘ ਰਹੀ ਹੈ, ਸਾਲ 2009 ਵਿੱਚ ਇਸ ਤਾਰ ਦੇ ਕਰੰਟ ਨਾਲ ਗਲੀ ਨੰਬਰ 11 ਭਾਈ ਮਤੀ ਦਾਸ ਨਗਰ ਦੇ ਇੱਕ ਨੌਜਵਾਨ ਮੁਹੰਮਦ ਅਲੀ ਦੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਮੁਹੱਲਾ ਨਿਵਾਸੀਆਂ ਨੇ ਵਾਰ ਵਾਰ ਪਾਵਰਕਾਮ ਦੇ ਅਫ਼ਸਰਾਂ, ਜਿਲ੍ਹਾ ਪ੍ਰਸਾਸਨ ਅਤੇ ਰਾਜ ਸਰਕਾਰ ਕੋਲ ਦਰਖਾਸਤਾਂ ਦੇ ਕੇ ਬੇਨਤੀਆਂ ਕੀਤੀਆਂ ਕਿ ਇਸ ਲਾਈਨ ਨੂੰ ਅਬਾਦੀ ਤੋਂ ਬਾਹਰ ਦੀ ਕੀਤਾ ਜਾਵੇ, ਪਰ ਪਾਵਰਕਾਮ ਨੇ ਬਾਹਰ ਦੀ ਕਰਨ ਦੀ ਬਜਾਏ ਤਾਰ ਉੱਚੀ ਕਰਨ ਲਈ ਟਾਵਰ ਲਾ ਦਿੱਤੇ। ਇਨ੍ਹਾਂ ਟਾਵਰਾਂ ਤੇ ਜੋ ਤਾਰ ਪਾਈ ਜਾ ਰਹੀ ਹੈ, ਉਸ ਬਾਰੇ ਪਤਾ ਲੱਗਾ ਕਿ ਇਹ 11000 ਕੇ ਵੀ ਦੀ ਹੈ, ਇਹ ਪਤਾ ਲੱਗਣ ਤੇ ਮੁਹੱਲਾ ਨਿਵਾਸੀਆਂ ਨੇ ਬਹੁਤ ਭੱਜ ਨੱਠ ਕੀਤੀ, ਪਰ ਜਦ ਕਿਸੇ ਨਾ ਸੁਣੀ ਤਾਂ ਉਨ੍ਹਾਂ ਸਥਾਨਕ ਸਿਵਲ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਇਸ ਲਾਈਨ ਵਿੱਚ ਬਿਜਲੀ ਨਾ ਚਲਾਉਣ ਲਈ ਸਟੇਅ ਹਾਸਲ ਕਰ ਲਿਆ।
ਪਾਵਰ ਕਾਮ ਨੇ ਅਜੇ ਟਾਵਰਾਂ ਉਪਰ ਦੋ ਤਾਰਾਂ ਹੀ ਖਿੱਚੀਆਂ ਸਨ, ਉਨ੍ਹਾਂ ਟਾਵਰਾਂ ਦਾ ਕੰਮ ਰੋਕ ਕੇ ਪਹਿਲਾਂ ਵਾਲੀ 66 ਕੇ ਵੀ ਲਾਈਨ ਵਿੱਚ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ। ਬੀਤੀ ਕਰੀਬ ਸਾਢੇ 11 ਵਜੇ ਨਵੀਂ ਪਾਈ ਵੱਡੀ ਤਾਰ ਟੁੱਟ ਕੇ ਹੇਠਾਂ ਚੱਲ ਰਹੀ ਸਪਲਾਈ ਲਾਈਨ ਤੇ ਡਿੱਗ ਪਈ, ਜਿਸ ਨਾਲ ਧਮਾਕੇ ਵਰਗੀ ਅਵਾਜ ਆਈ, ਜਿਸ ਨਾਲ ਮੁਹੱਲਾ ਨਿਵਾਸੀਆਂ ਵਿੱਚ ਭੱਗਦੜ ਮੱਚ ਗਈ। ਤਾਰ ਡਿੱਗਣ ਨਾਲ ਭਾਈ ਮਤੀ ਦਾਸ ਨਗਰ ਦੀ ਗਲੀ ਨੰਬਰ 11 ਦੇ ਸਰਵ ਸ੍ਰੀ ਸੁਖਦੇਵ ਸਿੰਘ, ਅਵਤਾਰ ਸਿੰਘ ਕੈਂਥ, ਹਰਬਿੰਦਰ ਸਿੰਘ, ਵਜੀਰ ਖਾਨ, ਹਰਜੀਤ ਸਿੰਘ, ਕਿੱਕਰ ਸਿੰਘ, ਖੇਤਾ ਸਿੰਘ, ਬਲਵਿੰਦਰ ਸਿੰਘ, ਗੁਰਬਚਨ ਸਿੰਘ ਤੇ ਮੱਖਣ ਸਿੰਘ ਆਦਿ ਦੇ ਪਰਿਵਾਰ ਮੌਤ ਦੇ ਮੂੰਹੋਂ ਮਸਾਂ ਬਚੇ, ਜਿਨ੍ਹਾਂ ਦੇ ਘਰਾਂ ਤੇ ਇਹ ਤਾਰ ਲੰਘ ਰਹੀ ਸੀ। ਰਾਤ ਸਮੇਂ ਪਰਿਵਾਰਿਕ ਮੈਂਬਰ ਘਰਾਂ ਦੇ ਅੰਦਰ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣਾ ਟਲ ਗਿਆ, ਮੁਹੱਲਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਹ ਬਿਜਲੀ ਲਾਈਨ ਮੁਹੱਲੇ ਤੋਂ ਬਾਹਰ ਕੀਤੀ ਜਾਵੇ, ਉਨ੍ਹਾਂ ਕਿਹਾ ਕਿ ਜੇਕਰ ਕੋਈ ਘਟਨਾ ਵਾਪਰੀ ਤਾਂ ਉਸਦੀ ਜੁਮੇਵਾਰੀ ਪਾਵਰਕਾਮ, ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।