1984 ਪੀੜਤਾਂ ਨੂੰ ਇੰਨਸਾਫ ਦਿਵਾਉਣ ਲਈ ਸਰਕਾਰ ਪਾਸੋਂ ਮੰਗੀ ਮਦਦ

ਨਵੀਂ ਦਿੱਲੀ, 1 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਉੱਚ ਪੱਧਰੀ ਵਫਦ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ ਤੇ ਕੁਲਦੀਪ ਸਿੰਘ ਭੋਗਲ ਨੇ ਸਰਕਾਰੀ ਤੰਤਰਾਂ ਦੁਆਰਾ ਸਿੱਖ ਕੌਮ ਨਾਲ ਕੀਤੇ ਜਾ ਰਹੇ ਧੱਕੇ ਦੇ ਬਾਰੇ ਜਾਣੂੰ ਕਰਵਾਉਣ ਲਈ ਮੁਲਾਕਾਤ ਕੀਤੀ। ਵਫਦ ਨੇ 1992 ‘ਚ ਨਾਂਗਲੋਈ ਥਾਣੇ ‘ਚ ਸੱਜਣ ਕੁਮਾਰ ਦੇ ਖਿਲਾਫ ੧੯੮੪ ਸਿੱਖ ਕਤਲੇਆਮ ਮਾਮਲੇ ਵਿਚ ਦਰਜ ਹੋਈ ਐਫ.ਆਈ.ਆਰ. ਦੀ ਕਾਰਵਾਈ ਦੌਰਾਨ ਦਿੱਲੀ ਪੁਲਿਸ ਵੱਲੋਂ 22 ਸਾਲ ਬਾਅਦ ਵੀ ਕੋਰਟ ਵਿਚ ਚਾਰਜਸ਼ੀਟ ਨਾ ਦਰਜ ਕਰਨ ਤੇ ਵੀ ਸ਼ਿਕਾਇਤ ਕੀਤੀ।
ਜੀ.ਕੇ. ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੰਨਸਾਫ ਦਿਵਾਉਣ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐਸ.ਆਈ.ਟੀ. ਬਨਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ 1984 ਸਿੱਖ ਕਤਲੇਆਮ ਦੇ ਸ਼ਹੀਦਾ ਦੀ ਯਾਦ ‘ਚ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਬਣਾਏ ਜਾ ਰਹੇ ਸਮਾਰਕ ਦਾ ਹਵਾਲਾ ਦਿੰਦੇ ਹੋਏ ਐਨ.ਡੀ.ਐਮ.ਸੀ. ਵੱਲੋਂ ਇਸ ਦੇ ਬਨਣ ਤੇ ਦਿੱਲੀ ਕਮੇਟੀ ਦੇ ਖਿਲਾਫ ਕੋਰਟ ‘ਚ ਚਲ ਰਹੇ ਮੁਕਦਮੇ ਬਾਰੇ ਵੀ ਜਾਣਕਾਰੀ ਦਿੱਤੀ। ਕਾਨਪੁਰ ਵਿਚ ੧੯੮੪ ਸਿੱਖ ਕਤਲੇਆਮ ਦੌਰਾਨ ਸਰਕਾਰੀ ਆਂਕੜਿਆਂ ਅਨੁਸਾਰ ਮਾਰੇ ਗਏ 218 ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ ਲਈ ਪੁਰਾਣੇ ਮੁਕਦਮਿਆਂ ਨੂੰ ਫਿਰ ਖੋਲਣ ਦੀ ਵੀ ਮੰਗ ਕੀਤੀ। ਗ੍ਰਹਿ ਮੰਤਰੀ ਨੇ ਦਿੱਲੀ ਕਮੇਟੀ ਵਫਦ ਦੀਆਂ ਸਾਰੀਆਂ ਗੱਲਾਂ ਸੁਨਣ ਤੋਂ ਬਾਅਦ ਸੰਬਧਿਤ ਮੰਤਰਾਲਿਆਂ ਅਤੇ ਏਜੰਸੀਆਂ ਨਾਲ ਰਾਫਤਾ ਕਾਇਮ ਕਰਦੇ ਹੋਏ ਛੇਤੀ ਹੀ ਮਸਲੇ ਸੁਲਝਾਉਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਰਾਜਨਾਥ ਸਿੰਘ ਨੂੰ ਉਕਤ ਆਗੂਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media