ਰਜ਼ੀਆ ਸੁਲਤਾਨਾ ਮੁਬਾਰਕਬਾਦ ਦੀ ਹੱਕਦਾਰ – ਜਮੀਲ, ਐਡਵੋਕੇਟ ਇਜਾਜ਼
ਮਾਲੇਰਕੋਟਲਾ (ਸੰਦੌੜ) 21 ਜੂਨ (ਪੰਜਾਬ ਪੋਸਟ- ਭੱਟ) – ਪੰਜਾਬ ਵਿਧਾਨ ਸਭਾ `ਚ ਮੌਜੂਦਾ ਵਿਤੀ ਵਰ੍ਹੇ ਦੇ ਲਈ ਪੇਸ਼ ਕੀਤੇ ਗਏ ਬਜਟ `ਚ ਜਿਸ ਤਰ੍ਹਾਂ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਲਈ ਦਿਲ ਖੋਲਕੇ ਗ੍ਰਾਂਟਾਂ ਦਾ ਐਲਾਨ ਕੀਤਾ ਗਿਆ ਹੈ।ਉਸ ਦੇ ਲਈ ਸਥਾਨਕ ਵਿਧਾਇਕਾ ਤੇ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਮੁਬਾਰਕਬਾਦ ਦੀ ਹੱਕਦਾਰ ਹਨ, ਕਿਉਂਕਿ ਉਨ੍ਹਾਂ ਨੇ ਬੜੀ ਤਨਦੇਹੀ ਦੇ ਨਾਲ ਮਿਹਨਤ ਕਰਕੇ ਮਾਲੇਰਕੋਟਲਾ ਹਲਕੇ ਦਾ ਨਾਮ ਪੰਜਾਬ ਦੇ ਬਜਟ ਵਿੱਚ ਵਿਸ਼ੇਸ਼ ਤੌਰ ਤੇ ਚਮਕਾਇਆ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਉੱਘੇ ਉਦਯੋਗਪਤੀ ਤੇ ਨਿਊ ਫਰੈਂਡਜ਼ ਕਲੱਬ ਦੇ ਪ੍ਰਧਾਨ ਜਮੀਲ ਵਕੀਲ ਬ੍ਰਾਦਰਜ਼ ਤੇ ਜਿਲ੍ਹਾ ਅਦਾਲਤ ਲੁਧਿਆਣਾ ਦੇ ਨਾਮਵਰ ਐਡਵੋਕੇਟ ਮੁਹੰਮਦ ਇਜਾਜ ਆਲਮ ਨੇ ਸਾਂਝੇ ਤੌਰ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਯਤਨਾਂ ਨਾਲ ਮਾਲੇਰਕੋਟਲਾ ਸ਼ਹਿਰ ਵਿਸ਼ੇਸ਼ ਕਰਕੇ ਵਿਦਿਅਕ ਖੇਤਰ ਵਿੱਚ ਉੱਚੀਆਂ ਪੁਲਾਂਘਾਂ ਪੁੱਟੇਗਾ।ਪੰਜਾਬ ਦੇ ਬਜਟ ਵਿੱਚ ਪਹਿਲੀ ਵਾਰ ਪੰਜਾਬ ਉਰਦੂ ਅਕੈਡਮੀ ਲਈ 3 ਕਰੋੜ ਰੁਪਏ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਲਈ 2 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਜਿਸ ਨਾਲ ਮਾਲੇਰਕੋਟਲਾ ਕਾਲਜ ਅਤੇ ਪੰਜਾਬ ਉਰਦੂ ਅਕੈਡਮੀ ਅਪਣੇ ਉਦੇਸ਼ਾਂ ਨੂੰ ਹਾਸਿਲ ਕਰਨ ਵਿੱਚ ਸਫਲ ਹੋਣਗੇ।ਜਿਸ ਦਾ ਲਾਭ ਇਲਾਕੇ ਦੀ ਨਵੀਂ ਪੀੜ੍ਹੀ ਨੂੰ ਪਹੁੰਚੇਗਾ।ਉਨ੍ਹਾਂ ਕਿਹਾ ਕਿ ਪੰਜਾਬ ਉਰਦੂ ਅਕੈਡਮੀ ਦੀ ਬਿਲਡਿੰਗ ਦੇ ਨਿਰਮਾਣ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕਰਵਾਉਣ ਦਾ ਸਿਹਰਾ ਵੀ ਮੈਡਮ ਰਜ਼ੀਆ ਸੁਲਤਾਨਾ ਸਿਰ ਹੈ।ਮਾਲੇਰਕੋਟਲਾ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਐਲਾਨ ਵੀ ਮੈਡਮ ਰਜ਼ੀਆ ਸੁਲਤਾਨਾ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ।ਹਲਕੇ ਦੇ ਇਤਿਹਾਸ ਵਿੱਚ ਇਨ੍ਹਾਂ ਪ੍ਰਾਪਤੀਆਂ ਨੂੰ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।ਜਮੀਲ ਤੇ ਐਡਵੋਕੇਟ ਇਜਾਜ਼ ਆਲਮ ਨੇ ਮੈਡਮ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਵਿੱਚ ਇਨ੍ਹਾਂ ਪ੍ਰਾਪਤੀਆਂ ਦੇ ਕਾਰਣ ਖੁਸ਼ੀ ਦੀ ਲਹਿਰ ਦੋੜ ਗਈ ਹੈ।
Punjab Post Daily Online Newspaper & Print Media