ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਵਿਰਸਾ ਵਿਹਾਰ ਵਿਚ ਸੈਮੀਨਾਰ
ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ)- ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਦੀ ਅੱਜ ਰਸਮੀ ਸ਼ੁਰੁਆਤ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੀਤੀ ਗਈ।ਨੈਸ਼ਨਲ ਇੰਸਟੀਚਿਊਟ ਆਫ ਫੂਡ ਟਕਨਲੌਜੀ ਐਂਡ ਮੈਨਜਮੈਂਟ ਨੈਸ਼ਨਲ ਇੰਸਟੀਚਿਊਟ ਫਾਰ ਮਾਈਕਰੋ, ਸਮਾਲ ਤੇ ਮੀਡੀਅਮ ਇੰਟਰਪ੍ਰਾਈਜ਼ ਹੈਦਰਾਬਦ ਵੱਲੋਂ ਵਿਰਸਾ ਵਿਹਾਰ ਵਿਚ ਉਦਮੀ ਜਾਗਰੂਕਤਾ ਮੁਹਿੰਮ ਤਹਿਤ ਇਹ ਸੈਮੀਨਾਰ ਕੇ ਵੀ ਕੇ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਦੇਸ਼ ਭਰ ਵਿਚੋਂ ਪੁੱਜੇ ਮਾਹਿਰਾਂ ਵੱਲੋਂ ਖੁਰਾਕ ਦੀ ਪ੍ਰਾਸੈਸਿੰਗ ਸਨਅਤ ਦੀਆਂ ਸੰਭਾਵਨਾਵਾਂ ਦਾ ਖੁਲਾਸਾ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦੇ ਡਾ. ਅਨੁਰਿਧ ਸਿੰਘ ਨੇ ਕਿਹਾ ਕਿ ਕੇਂਦਰੀ ਫੂਡ ਟਕਨਾਲੌਜੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਆਦੇਸ਼ ‘ਤੇ ਇਹ ਪ੍ਰੋਗਰਾਮ ਸਾਰੇ ਦੇਸ਼ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਅਸੀਂ ਅੰਮ੍ਰਿਤਸਰ ਤੋਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਦੀ ਜਾਗਰੂਕਤਾ ਮੁਹਿੰਮ ਤੋਂ ਬਾਅਦ ਪੰਜ ਰੋਜ਼ਾ ਵਰਕਸ਼ਾਪ ਚਾਹਵਾਨ ਉਦਮੀਆਂ ਲਈ ਅੰਮ੍ਰਿਤਸਰ ਵਿਚ ੪ ਤੋਂ ੮ ਅਗਸਤ ਤੱਕ ਲਗਾਈ ਜਾਵੇਗੀ, ਜਿਸ ਵਿਚ ਹਰੇਕ ਕਿੱਤੇ ਨਾਲ ਸਬੰਧਤ ਮਾਹਿਰ ਆਪਣੇ-ਆਪਣੇ ਖੇਤਰਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣਗੇ।ਇਸ ਮਗਰੋਂ ਨੈਸ਼ਨਲ ਇੰਸਟੀਚਿਊਟ ਆਫ ਫੂਡ ਟਕਨਲੌਜੀ ਐਂਡ ਮੈਨਜਮੈਂਟ ਹਰਿਆਣਾ ਵਿਖੇ ਫੂਡ ਸਨਅਤ ਦੀ ਸਾਰੀ ਸਿਖਲਾਈ ਉਦਮੀਆਂ ਨੂੰ ਦਿੱਤੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦੇ ਪ੍ਰੋ. ਗਲੋਰੀ ਸਵਰੂਪਾ ਨੇ ਦੱਸਿਆ ਕਿ ਦੇਸ਼ ਵਿਚ ਕਿੰਨੀਆਂ ਫਲ ਅਤੇ ਸਬਜੀਆਂ ਸੰਭਾਲ ਦੀ ਘਾਟ ਕਾਰਨ ਵਿਅਰਥ ਹੋ ਜਾਂਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਅੱਗੇ ਆਉਣ ਦਾ ਸੱਦਾ ਦਿੱਤਾ, ਤਾਂ ਜੋ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ।ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਬੀ ਵੀ ਸੀ ਮਹਾਜਨ ਅਤੇ ਡਾ. ਐਚ ਐਸ ਬਾਜਵਾ ਨੇ ਵੱਖ-ਵੱਖ ਹਲਾਤਾਂ ਵਿਚ ਫਲ ਅਤੇ ਸਬਜੀਆਂ ਦੀ ਸਟੋਰਜ਼ ਕਰ ਸਕਣ ਦਾ ਵਿਸਥਾਰ ਸਾਂਝਾ ਕੀਤਾ।ਉਨ੍ਹਾਂ ਬਾਜ਼ਾਰ ਵਿਚ ਫਲ ਪਕਾਉਣ ਲਈ ਵਰਤੇ ਜਾ ਰਹੇ ਗੈਰ ਕਾਨੂੰਨੀ ਤਰੀਕਿਆਂ ਤੋਂ ਸੁਚੇਤ ਕਰਦੇ ਦੱਸਿਆ ਕਿ ਕਿਸ ਤਰਾਂ ਇਹ ਫਲ ਸਾਡੇ ਸਰੀਰ ਲਈ ਘਾਤਕ ਸਾਬਤ ਹੁੰਦੇ ਹਨ। ਡਾ. ਮਹੇਸ਼ ਕੁਮਾਰ ਨੇ ਫਲ, ਸਬਜੀਆਂ, ਅਨਾਜ, ਤੇਲ ਅਤੇ ਹੋਰ ਵਸਤਾਂ ਦੀ ਢੁਕਵੀਂ ਪੈਕਿੰਗ ਦੇ ਤਰੀਕੇ ਸਾਂਝੇ ਕਰਦੇ ਦੱਸਿਆ ਕਿ ਕਿਸ ਤਰਾਂ ਵਪਾਰੀ ਪੈਕਿੰਗ ‘ਤੇ ਮਾਮੂਲੀ ਖਰਚ ਕਰਕੇ ਵੱਧ ਮੁਨਾਫਾ ਕਮਾ ਰਹੇ ਹਨ। ਡਾ. ਮਨਦੀਪ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਦੀ ਸਹਾਇਤਾ ਲਈ ਆਤਮਾ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਕਿਸਾਨਾਂ ਨਾਲ ਸਾਂਝੇ ਕੀਤੇ। ਇੰਨਾਂ ਤੋਂ ਇਲਾਵਾ ਡਾ. ਚੇਤਨ ਸ਼ਰਮਾ ਨੇ ਫੂਡ ਸਨਅਤ ਵਿਚ ਆਏ ਨਵੇਂ ਤਰੀਕੇ ਦੱਸਦੇ ਉਨ੍ਹਾਂ ਨੂੰ ਅਪਨਾਉਣ ਦੀ ਅਪੀਲ ਕੀਤੀ।ਕੇ ਵੀ ਕੇ ਦੇ ਡਿਪਟੀ ਡਾਇਰੈਕਟਰ ਸ. ਭੁਪਿੰਦਰ ਸਿੰਘ ਢਿਲੋਂ ਨੇ ਸਾਰੇ ਆਏ ਸਰੋਤਿਆਂ ਦਾ ਧੰਨਵਾਦ ਕਰਦੇ ਜ਼ਿਲ੍ਹੇ ਦੀਆਂ ਸੰਖੇਪ ਪ੍ਰਾਪੀਆਂ ਵੀ ਨੌਜਵਾਨਾਂ ਨਾਲ ਸਾਂਝੇ ਕਰਦੇ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਵਿਚ ਆਉਣ ਦਾ ਸੱਦਾ ਦਿੱਤਾ।