ਯਾਦਗਾਰ ਦੀ ਕੰਧ ’ਤੇ ਉਕਾਰੇ ਜਾਣਗੇ ਜੰਗਾਂ ਵਿੱਚ ਗੁੰਮ ਹੋਏ ਫੌਜੀਆਂ ਦੇ ਨਾਮ
ਅੰਮਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜੰਗਾਂ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿਚ ਛੇਹਰਟਾ ਵਿਖੇ ਉਸਾਰੇ ਗਏ ਪੰਜਾਬ ਰਾਜ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਦੀ ਕਾਰਜਕਰਨੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਾਇਰੈਕਟਰ ਡਿਫੈਂਸ ਸਰਵਿਸ ਵੈਲਫੇਅਰ ਪੰਜਾਬ ਜੀ.ਐਸ ਅਰੋੜਾ ਨੇ ਦੱਸਿਆ ਕਿ ਮਿਊਜ਼ੀਅਮ ਵਿਚ ਬਣਨ ਵਾਲੀ 8 ਨੰਬਰ ਗੈਲਰੀ ਕਾਰਗਿਲ ਜੰਗ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸਮਰਪਿਤ ਹੋਵੇਗੀ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿੳੂਜ਼ੀਅਮ ਦੀ ਕੰਧ ’ਤੇ ਵੱਖ-ਵੱਖ ਜੰਗਾਂ ਵਿਚ ਗੁੰਮਸ਼ੁਦਾ ਐਲਾਨੇ ਗਏ 54 ਫੌਜੀਆਂ ਦੇ ਨਾਮ ਵੀ ਸ਼ਹੀਦਾਂ ਦੇ ਨਾਲ ਉਕਾਰਨ ਦੀ ਹਦਾਇਤ ਕੀਤੀ ਹੈ, ਜਿਸ ’ਤੇ ਛੇਤੀ ਅਮਲ ਕਰ ਦਿੱਤਾ ਜਾਵੇਗਾ।
ਵਾਰ ਮੈਮੋਰੀਅਲ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਉਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਬਣਾਈ ਗਈ ਇਸ ਵਿਲੱਖਣ ਯਾਦਗਾਰ ’ਤੇ ਕਰੀਬ 143 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੇ ਹਦਾਇਤ ਕੀਤੀ ਹੈ ਕਿ ਯਾਦਗਾਰ ਨੂੰ ਵਿਸ਼ਵ ਦਰਜੇ ’ਤੇ ਪਹੁੰਚਾਉਣ ਵਾਸਤੇ ਹੋਰ ਰਹਿੰਦੇ ਕੰਮ ਵੀ ਛੇਤੀ ਪੂਰੇ ਕੀਤੇ ਜਾਣ। ਉਨਾਂ ਦੱਸਿਆ ਕਿ ਮਿੳੂਜ਼ੀਅਮ ਦੀ ਕੰਧ ’ਤੇ 4000 ਜੰਗੀ ਸ਼ਹੀਦਾਂ ਦੇ ਨਾਮ ਸਟੀਲ ’ਤੇ ਉਕਾਰੇ ਜਾ ਚੁੱਕੇ ਹਨ ਅਤੇ ਹੁਣ 54 ਗੁੰਮਸ਼ੁਦਾ ਫੌਜੀਆਂ ਦੇ ਨਾਮ ਉਕਾਰੇ ਜਾਣਗੇ। ਇਸੇ ਤਰਾਂ 4 ਨੰਬਰ ਗੈਲਰੀ ਵਿਚ ਪਹਿਲੀ ਤੇ ਦੂਸਰੀ ਵਿਸ਼ਵ ਜੰਗ ਨੂੰ ਸਮਰਪਿਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ’ਤੇ ਕੀਤੇ ਜਾਣ ਵਾਲੇ ਕੰਮ ਦਾ ਖੋਜ ਕੰਮ ਪੂਰਾ ਹੋ ਚੁੱਕਾ ਹੈ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਇਕ ਵਿਸ਼ੇਸ਼ ਪ੍ਰੇਰਨਾਸਰੋਤ ਪਾਰਕ ਇਸ ਮਿਊਜ਼ੀਅਮ ਵਿਚ ਉਸਾਰਿਆ ਜਾਵੇਗਾ।
ਸ੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਜੰਗੀ ਫੌਜੀਆਂ ਦੀ ਯਾਦ ਵਿਚ ਉਸਾਰੀ ਗਈ ਇਸ ਯਾਦਗਾਰ ਨੂੰ ਵਿਸ਼ਵ ਦੇ ਪ੍ਰਸਿਧ ਫੌਜੀ ਮਿਊਜੀਅਮ ਵਿਚ ਸ਼ਾਮਿਲ ਕਰਨ ਲਈ ਯਤਨ ਕਰ ਰਹੀ ਹੈ ਅਤੇ ਇਸ ਆਸ਼ੇ ਦੀ ਪੂਰਤੀ ਲਈ ਸ਼ਾਮ ਸਮੇਂ ਅਵਾਜ ਤੇ ਧੁੰਨੀ ’ਤੇ ਅਧਾਰਿਤ ਵਿਸ਼ੇਸ਼ ਸ਼ੋਅ ਸ਼ੁਰੂ ਕਰਨ ਦੀ ਯੋਜਨਾ ’ਤੇ ਵੀ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸ੍ਰੀ ਟੀ ਐਸ ਸ਼ੇਰਗਿਲ ਇਸ ਯਾਦਗਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ, ਬ੍ਰਿਗੇਡੀਅਰ ਸੁਸ਼ੀਲ ਸ਼ਰਮਾ, ਕਰਨਲ ਐਚ.ਪੀ.ਸਿੰਘ, ਜਿਲ੍ਹਾ ਸੈਨਿਕ ਭਲਾਈ ਅਫਸਰ ਕਰਨਲ ਚਾਹਲ, ਐਕਸੀਅਨ ਜਸਬੀਰ ਸਿੰਘ ਸੋਢੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …