ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਵੱਛਤਾ ਸਰਵੇਖਣ ਗ੍ਰਾਮੀਣ 2018 ਦੇ ਤਹਿਤ ਸਰਕਾਰ ਵੱਲੋਂ ਜਿਲੇ੍ ਦੇ ਸਾਰੇ ਪਿੰਡਾਂ ਦਾ ਸਰਵੇ 31 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ।ਇਹ ਸਰਵੇ ਜਿਲੇ੍ਹ ਦੇ ਪਿੰਡਾਂ ਲਈ ਸਰਕਾਰ ਦੁਆਰਾ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਖੁਦ ਜਾ ਕੇ ਕੀਤਾ ਜਾਵੇਗਾ, ਜਿਸ ਅਧਾਰ ’ਤੇ ਸਫਾਈ ਨੂੰ ਵੇਖ ਕੇ ਅੰਕ ਦਿੱਤੇ ਜਾਣਗੇ।
ਸਵੱਛ ਭਾਰਤ ਗ੍ਰਾਮੀਣ ਮਿਸ਼ਨ ਤਹਿਤ ਕੀਤੀ ਗਈ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਫ ਸਫਾਈ ਦੀ ਜਾਂਚ ਕਰਨ ਵਾਲੀਆਂ ਕਮੇਟੀਆਂ ਦੁਆਰਾ ਜਿਲੇ੍ਹ ਵਿੱਚ ਵਧੀਆ ਚੁਣੇ ਹੋਏ ਪਿੰਡਾਂ ਨੂੰ 2 ਲੱਖ, ਪੇਂਡੂ ਸਿਹਤ ਸੇਵਾਵਾਂ ਨੂੰ 1 ਲੱਖ, ਆਂਗਣਵਾੜੀ ਸੈਂਟਰਾਂ ਨੂੰ 50 ਹਜ਼ਾਰ, ਪਿੰਡ ਦੇ ਹਾਈ ਸਕੂਲ ਨੂੰ 1 ਲੱਖ, ਐਲੀਮੈਂਟਰੀ ਤੇ ਮਿਡਲ ਸਕੂਲ ਨੂੰ 50 ਹਜ਼ਾਰ, ਓ.ਡੀ.ਐਫ ਨਿਗਰਾਨ ਕਮੇਟੀ ਨੂੰ 25 ਹਜ਼ਾਰ ਅਤੇ ਵਿਅਕਤੀਗਤ ਕੈਟਾਗਰੀ ਵਿੱਚ ਚੰਗੇ ਪੰਪ ਆਪਰੇਟਰ, ਚੰਗੀ ਆਸ਼ਾ ਵਰਕਰ, ਚੰਗੀ ਆਂਗਣਵਾੜੀ ਵਰਕਰ ਨੂੰ 5-5 ਹਜ਼ਾਰ ਰੁਪਏ ਦੇ ਪੁਰਸਕਾਰਾਂ ਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਸੰਘਾ ਨੇ ਦੱਸਿਆ ਕਿ ਇਹ ਸਾਰੇ ਪੁਰਸਕਾਰ 2 ਅਕਤੂਬਰ ਨੂੰ ਦਿੱਤੇ ਜਾਣਗੇ।ਸੰਘਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਸਰਵੇਖਣ ਗ੍ਰਾਮੀਣ 2018 ਐਪ ਵੱਧ ਤੋਂ ਵੱਧ ਡਾਉਨਲੋਡ ਕੀਤੀ ਜਾਵੇ ਅਤੇ ਇਸ ਐਪ ਵਿੱਚ ਆਪਣੇ ਪਿੰਡਾਂ ਦੀ ਸਫਾਈ ਪ੍ਰਤੀ ਦਿੱਤੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਾਣ। ਡਿਪਟੀ ਕਮਿਸ਼ਨਰ ਵੱਲੋਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਸਕੂਲਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਬੱਚਿਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਰੈਲੀਆਂ ਵੀ ਕੱਢੀਆਂ ਜਾਣ।
ਸੰਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 4 ਸਾਲ ਪਹਿਲਾਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦਾ ਕਿੰਨਾ ਅਸਰ ਹੋਇਆ ਹੈ, ਉਹ ਇਸ ਸਰਵੇ ਦੌਰਾਨ ਪਤਾ ਲੱਗ ਜਾਵੇਗਾ।ਉਨਾਂ ਕਿਹਾ ਕਿ ਇਹ ਟੀਮਾਂ ਪਿੰਡਾਂ ਦੇ ਸਕੂਲਾਂ, ਬੱਸ ਸਟੈਂਡ, ਹਸਪਤਾਲਾਂ, ਪੰਚਾਇਤ ਘਰ, ਡਿਸਪੈਂਸਰੀ, ਆਂਗਣਵਾੜੀ ਕੇਂਦਰ, ਧਾਰਮਿਕ ਸਥਾਨਾਂ ਦਾ ਆਲਾ ਦੁਆਲਾ ਵਿਖੇ ਜਾ ਕੇ ਸਫਾਈ ਦੀ ਜਾਂਚ ਕਰਨਗੀਆਂ ਅਤੇ ਉਸ ਅਨੁਸਾਰ ਹਰੇਕ ਪਿੰਡ ਨੂੰ ਅੰਕ ਦੇਣਗੀਆਂ। ਸ੍ਰ ਸੰਘਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ ਤਾਂ ਜੋ ਸਵੱਛਤਾ ਸਰਵੇਖਣ ਵਿਚ ਜਿਲ੍ਹੇ ਦੇ ਪਿੰਡਾਂ ਦਾ ਨਾਮ ਆ ਸਕੇ।
ਇਸ ਮੀਟਿੰਗ ਵਿੱਚ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਰਾਜੇਸ਼ ਸ਼ਰਮਾ ਐਸ.ਡੀ.ਐਮ ਅੰਮ੍ਰਿਤਸਰ-2, ਰਜਤ ਓਬਰਾਏ ਐਸ.ਡੀ.ਅੇੈਮ ਅਜਨਾਲਾ, ਸ੍ਰੀਮਤੀ ਪਲਵੀ ਐਸ.ਡੀ.ਐਮ ਮਜੀਠਾ, ਚਰਨਜੀਤ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …