ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਗੁਰੂ ਹੋਣ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਅਧਿਆਤਮਿਕ ਸੋਮਾ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ ਅਤੇ ਸੰਸਾਰ ਦਾ ਹਰ ਪ੍ਰਾਣੀ ਮਾਤਰ ਇਸ ਨੂੰ ਪੜ੍ਹ-ਸੁਣ ਅਤੇ ਵਿਚਾਰ ਸਕਦਾ ਹੈ। ਇਹ ਪਵਿੱਤਰ ਉਪਦੇਸ਼ ਹਰ ਇੱਕ ਦੇ ਕਲਿਆਣ, ਸੁਧਾਰ ਅਤੇ ਉਧਾਰ ਲਈ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥
(ਪੰਨਾ 748)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ/ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ।ਇਸ ਬਾਰੇ ਗੁਰੂ ਸਾਹਿਬ ਵੱਲੋਂ ਪਾਵਨ ਗੁਰਬਾਣੀ ਅੰਦਰ ਸਪੱਸ਼ਟ ਕੀਤਾ ਗਿਆ ਹੈ:
-ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
(ਪੰਨਾ 763)
-ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥
(ਪੰਨਾ 308)
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਛੇ ਗੁਰੂ ਸਾਹਿਬਾਨ ਸਮੇਤ ਭਗਤਾਂ, ਭੱਟਾਂ ਅਤੇ ਮਹਾਪੁਰਸ਼ਾਂ ਦੀ ਮੁਬਾਰਕ ਬਾਣੀ ਸ਼ਾਮਲ ਹੈ। ਧੁਰ ਕੀ ਬਾਣੀ ਦੇ ਅਨਮੋਲ ਖਜ਼ਾਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਕਰਵਾਈ। ਸੰਮਤ 1660 (1603 ਈ:) ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਥਾਨ `ਤੇ ਸੰਪਾਦਨਾ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਰੰਭ ਕਰਵਾਇਆ ਅਤੇ ਲਿਖਣ ਦੀ ਸੇਵਾ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਮਤ 1661 (1604 ਈ:) ਨੂੰ ਇਹ ਕਾਰਜ ਸੰਪੂਰਨ ਹੋਇਆ ਅਤੇ ਇਸੇ ਸਾਲ ਹੀ ਭਾਦੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ।ਸੇਵਾ-ਸੰਭਾਲ ਕਰਨ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਇਸ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਸਥਾਨ `ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਸ਼ਬਦ ਗੁਰੂ ਨਾਲ ਅਮਲੀ ਰੂਪ ਵਿਚ ਜੋੜ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਪ੍ਰਕਾਸ਼ ਦਾ ਇਤਿਹਾਸਕ ਹਵਾਲਾ ਇਸ ਮਹਾਨ ਗ੍ਰੰਥ ਦੀ ਵਡਿਆਈ ਨੂੰ ਸਪੱਸ਼ਟ ਕਰਨ ਵਾਲਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਪਾਦਨਾ ਦੇ ਕਾਰਜ ਦੀ ਸੰਪੂਰਨਤਾ ਉਪਰੰਤ ਭਾਦੋਂ ਸੁਦੀ ਏਕਮ ਸੰਮਤ 1661 (1604 ਈ:) ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਤਾਂ ਇਸ ਮੌਕੇ ਇੱਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਸੰਗਤਾਂ ਹੁਮ-ਹੁਮਾ ਕੇ ਸ਼ਾਮਲ ਹੋਈਆਂ। ਇਹ ਦ੍ਰਿਸ਼ ਅਲੌਕਿਕ ਸੀ। ਸੰਗਤਾਂ ਵਿਚ ਸ਼ਰਧਾ ਤੇ ਸਤਿਕਾਰ ਦੀ ਸਿਖ਼ਰ ਸੀ।ਸਾਰਾ ਵਾਤਾਵਰਣ ਰੱਬੀ ਰੰਗ ਵਿਚ ਰੰਗਿਆ ਹੋਇਆ ਸੀ। ਇਹ ਪ੍ਰੰਪਰਾ ਹੁਣ ਵੀ ਬਰਕਰਾਰ ਹੈ ਅਤੇ ਹਰ ਸਾਲ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ।ਇਸ ਸਮੇਂ ਅਲੌਕਿਕ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਅਦੁੱਤੀ ਹੈ।ਇਸ ਦੀ ਸੰਪਾਦਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਦੀ ਵਿਸ਼ਾਲਤਾ, ਹਰ ਧਰਮ ਦੇ ਲੋਕਾਂ ਵਿਚ ਪਰਸਪਰ ਪਿਆਰ ਰੱਖਣ ਦੇ ਉਪਰਾਲੇ, ਜ਼ਾਤਪਾਤ, ਇਲਾਕਾਵਾਦ ਅਤੇ ਬੋਲੀ ਦੇ ਝਗੜਿਆਂ ਤੋਂ ਉਚਾ ਉਠਣ ਦਾ ਪ੍ਰਤੱਖ ਸਬੂਤ ਮਿਲਦਾ ਹੈ।ਗੁਰੂ ਸਾਹਿਬ ਜੀ ਵੱਲੋਂ ਬਾਣੀ ਦੀ ਚੋਣ ਕਰਦੇ ਸਮੇਂ ਰਚਨਾਕਾਰ ਦੀ ਜ਼ਾਤ-ਪਾਤ, ਰੰਗ, ਨਸਲ, ਧਰਮ, ਦੇਸ਼ ਆਦਿ ਕਿਸੇ ਵੀ ਕਿਸਮ ਦਾ ਵਿਚਾਰ ਨਹੀਂ ਰੱਖਿਆ ਗਿਆ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਇਹ ਮਨੁੱਖਤਾ ਲਈ ਸਾਵੇਂ-ਸੁਖਾਵੇਂ ਜੀਵਨ ਦਾ ਮਾਰਗ ਦਰਸਾਉਣ ਵਾਲੀ ਅਤੇ ਸਮੁੱਚੇ ਸੰਸਾਰ ਵਿਚ ਪਰਸਪਰ ਪਿਆਰ, ਏਕਤਾ ਅਤੇ ਸ਼ਾਂਤੀ ਦਾ ਮਾਹੌਲ ਸਥਾਪਤ ਕਰਨ ਵਾਲੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਵਡਮੁੱਲਾ ਸੋਮਾ ਹੈ, ਜੋ ਅਗਿਆਨ ਰੂਪੀ ਹਨ੍ਹੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦੀ ਹੈ।ਅਸਲ ਵਿਚ ਗਿਆਨਵਾਨ ਮਨੁੱਖ ਹੀ ਜੀਵਨ ਮਾਰਗ ’ਤੇ ਚੱਲਦਿਆਂ ਆਪਣੀ ਅਸਲ ਮੰਜ਼ਿਲ ’ਤੇ ਪਹੁੰਚ ਸਕਦਾ ਹੈ, ਜਦਕਿ ਦੂਸਰੇ ਪਾਸੇ ਅਗਿਆਨੀ ਮਨੁੱਖ ਭਰਮਜਾਲ ਵਿਚ ਫਸ ਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ।ਸੋ ਗਿਆਨ ਪ੍ਰਾਪਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਬੇਹੱਦ ਜ਼ਰੂਰੀ ਹੈ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥
(ਪੰਨਾ 67)
ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ।ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦਾ ਰਸਤਾ ਦਿਖਾਇਆ ਗਿਆ ਹੈ। ਗੁਰਬਾਣੀ ਅੰਦਰ ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਹੈ:
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ॥
(ਪੰਨਾ 988)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਮੈਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਇਸ ਮੁਬਾਰਕ ਦਿਹਾੜੇ ’ਤੇ ਗੁਰਬਾਣੀ ਵਿਚ ਦਰਸਾਈ ਗੁਰਮਤਿ ਜੀਵਨ-ਜੁਗਤ ਨੂੰ ਅਪਣਾ ਕੇ ਆਦਰਸ਼ਕ ਮਨੁੱਖ ਬਣਨ ਵੱਲ ਸੇਧਤ ਹੋਈਏ।ਕਿਉਂਕਿ ਗੁਰਬਾਣੀ ਸਾਡੇ ਜੀਵਨ ਨੂੰ ਸਫਲ ਬਣਾਉਣ ਵਿਚ ਸਾਡੀ ਅਗਵਾਈ ਕਰਦੀ ਹੈ ਅਤੇ ਜੇਕਰ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਕਮਾਵਾਂਗੇ ਤਾਂ ਯਕੀਨਨ ਹੀ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਲਵਾਂਗੇ।
ਇਥੇ ਮੈਂ ਸੰਗਤ ਨੂੰ ਇੱਕ ਅਪੀਲ ਵੀ ਕਰਨੀ ਚਾਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਅਤਿਅੰਤ ਸਤਿਕਾਰਯੋਗ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਮੇਂ ਕੋਈ ਉਕਾਈ ਨਾ ਰਹੇ। ਗੁਰੂ ਘਰਾਂ ਅੰਦਰ ਬਿਜਲਈ ਉਪਕਰਣਾਂ ਦੁਆਰਾ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਸਾਨੇ ਜਾਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਰਿਹਾ ਹੈ। ਅਜਿਹੀਆਂ ਹਿਰਦੇਵੇਦਕ ਘਟਨਾਵਾਂ ਵਿਚ ਪ੍ਰਬੰਧਕੀ ਅਣਗਹਿਲੀ ਹੀ ਮੁੱਖ ਕਾਰਨ ਹੈ।ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰਾਂ ਦੀ ਸੁਚੱਜੀ ਸੇਵਾ ਸੰਭਾਲ ਲਈ ਸੁਹਿਰਦ ਪਹੁੰਚ ਅਪਣਾਈਏ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਣ।
ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।