ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਬੀਤੇ ਦਿਨੀ ਪਏ ਰਹੇ ਲਗਾਤਾਰ ਮੀਹ ਦੇ ਮੱਦੇਨਜਰ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਰੋਕਣ ਲਈ ਅਗਾਊ ਪ੍ਰਬੰਧ ਕੀਤੇ ਗਏ ਹਨ ਅਤੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਦੇ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਭੁਪਿੰਦਰ ਸਿੰਘ ਵਲੋ ਅਜਨਾਲਾ ਖੇਤਰ ਦਾ ਦੌਰਾ ਕੀਤਾ ਗਿਆ।ਏ.ਡੀ.ਸੀ ਜਨਰਲ ਭੁਪਿੰਦਰ ਸਿੰਘ ਅਤੇ ਐਸ.ਡੀ.ਐਮ ਅਜਨਾਲਾ ਤੇ ਨਾਇਬ ਤਹਿਸੀਲਦਾਰ ਰਮਦਾਸ ਰੌਬਨਜੀਤ ਕੌਰ ਵੱਲੋਂ ਸਾਂਝੇ ਤੋਰ ਤੇ ਬੀ.ਐਸ.ਐਫ ਦੀ ਸ਼ਾਹਪੁਰ ਪੋਸਟ ਦੇ ਬਿਲਕੁਲ ਨਾਲ ਵਗਦੇ ਰਾਵੀ ਦਰਿਆ ਦੀ ਅਤਿ ਨਾਜੁਕ ਧੁੱਸੀ ਬੰਨ ਦਾ ਜਾਇਜਾ ਲਿਆ ਗਿਆ ਅਤੇ ਉਥੇ ਡਰੇਨਿਜ਼ ਵਿਭਾਗ ਵੱਲੋਂ ਹੜਾਂ ਦੇ ਸੰਭਾਵੀ ਖਤਰੇ ਨੂੰ ਰੋਕਣ ਲਈ ਅਗਾਊਂ ਪ੍ਰਬੰਧ ਮੁਕੰਮਲ ਕਰਨ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਜਿਕਰਯਹਿ ਹੈ ਕਿ ਬੀਤੇ ਦਿਨੀਂ ਹੋਈ ਬੇਮੋਸਮੀ ਬਰਸਾਤ ਕਾਰਨ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਹੜਭ ਵਰਗੀ ਸਥਿਤੀ ਬਣੀ ਹੋਈ ਹੈ।ਜਿਲ੍ਹਾ ਅਮ੍ਰਿਤਸਰ ਅੰਦਰ ਇਹ ਦਰਿਆ ਕਦੀ ਭਾਰਤ ਅਤੇ ਕਦੀ ਪਾਕਿਸਤਾਨ ਵਿਚ ਦਾਖਿਲ ਹੁੰਦਾ ਇਹ ਦਰਿਆ ਤਹਿਸੀਲ ਅਜਨਾਲਾ ਦੇ ਪਿੰਡ ਰਾਣੀਆਂ ਤੋਂ ਪਾਕਿਸਾਤਨ ਵਿਚ ਚਲਿਆ ਜਾਂਦਾ ਹੈ।ਝੋਨਾ, ਕਮਾਦ, ਹਰਾ ਚਾਰਾ, ਤਿਲ, ਗੋਬੀ ਤੋਂ ਇਲਾਵਾ ਹੋਰ ਫਸਲਾਂ ਪ੍ਰਭਾਵਿਤ ਹੋਈਆਂ ਹਨ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਡੀ.ਸੀ ਭੁਪਿੰਦਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਚਾਰ ਲੱਖ 90 ਹਜਾਰ ਕਿਊਸਿਕ ਪਾਣੀ ਦਰਿਆ ਵਿਚ ਆ ਰਿਹਾ ਸੀ ਜੋ ਬਾਅਦ ਦੁਪਿਹਰ ਵਧ ਕੇ ਸਾਢੇ ਪੰਜ ਲੱਖ ਕਿਊਸਿਕ ਹੋ ਗਿਆ ਹੈ। ਪਰ ਮਿਲੀ ਸੂਚਨਾਂ ਅਨੁਸਾਰ ਅੱਜ ਰਾਤ-ਰਾਤ ਇਸ ਪਾਣੀ ਦਾ ਪੱਧਰ ਘਟਨਾਂ ਸ਼ੁਰੂ ਹੋ ਜਾਵੇਗਾ। ਉਨਾਂ ਦਸਿਆ ਕਿ ਇਸ ਦਰਿਆ ਵਿਚ ਪਾਕਿਸਤਾਨ ਵਾਲੇ ਪਾਸਿਉਂ ਬਸੰਤਰ, ਫਲਕੂ ਤੇ ਹੋਰ ਨਾਲਿਆਂ ਦਾ ਪਾਣੀ ਵੀ ਇਸ ਦਰਿਆ ਵਿਚ ਪੈ ਜਾਣ ਕਾਰਨ ਇਸਦੇ ਪਾਣੀ ਵਿਚ ਵਾਧਾ ਹੋਇਆ ਹੈ।
ਇਕ ਸਵਾਲ ਦੇ ਜਵਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਏ.ਡੀ.ਸੀ ਭੁਪਿੰਦਰ ਸਿੰਘ ਨੇ ਦਸਿਆ ਕਿ ਦਰਿਆ ਦੇ ਪਾਣੀ ਨਾਲ ਡੁੱਬੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਵਿਸਥਾਰਤ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਸਰਕਾਰ ਦੇ ਨਿਰਦੇਸ਼ ਮਿਲਦੇ ਸਾਰ ਹੀ ਇਸ ਜਮੀਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਯੋਗ ਮੁਆਵਜਾ ਦਿਤਾ ਜਾਵੇਗਾ। ਇਸ ਮੌਕੇ ਡਰੇਨਿਜ਼ ਵਿਭਾਗ ਦੇ ਐਕਸੀਅਨ ਜਸਬੀਰ ਸਿੰਘ ਸੰਧੂ, ਬ੍ਰਿਗੇਡੀਅਰ ਆਰ.ਆਰ ਸਿੰਘ, ਐਸ.ਡੀ.ਓ ਜਸਕਰਨ ਸਿੰਘ, ਸੁਪਰਡੈਂਟ ਸੁਖਜਿੰਦਰ ਸਿੰਘ ਰਿਆੜ, ਬਲਾਕ ਸੰਮਤੀ ਮੈਂਬਰ ਕੰਵਰਜਗਦੀਪ ਸਿੰਘ ਗੁਰਾਲਾ, ਪਰਮਬੀਰ ਸਿੰਘ ਰੋਖੇ ਤੇ ਹਰਵਿੰਦਰ ਸਿੰਘ ਸ਼ਾਹ ਸਮੇਤ ਹੋਰ ਅਧਿਕਾਰੀ ਵੀ ਮੌਕੇ ਤੇ ਮੋਜੂਦ ਸਨ।