`ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ।
1699 ਈ. ਦੀ ਵਿਸਾਖੀ ਇਸ ਤਿਉਹਾਰ ਨੂੰ ਨਵਾਂ ਰੂਪ ਪ੍ਰਦਾਨ ਕਰਦੀ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ।ਗੁਰੂ ਸਾਹਿਬ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ(1675 ਈ.) ਨਾਲ ਠੱਲ੍ਹ ਨਹੀਂ ਪਾਈ ਜਾ ਸਕੀ।ਇਸ ਲਈ ਅਜਿਹੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਅਤੇ ਸਰਫਰੋਸ਼ ਪ੍ਰਵਾਨਿਆਂ ਦੀ ਉਸ ਸੂਰਬੀਰ ਅਤੇ ਸਰਦਾਰ ਖ਼ਾਲਸਾ ਕੌਮ ਦੀ ਸਿਰਜਣਾ ਕੀਤੀ, ਜਿਸ ਨੇ ਦੇਸ਼, ਧਰਮ ਅਤੇ ਕੌਮ ਦੀ ਖਾਤਰ ਜਿੰਦੜੀਆਂ ਵਾਰਨਾ ਆਪਣਾ ਮੁੱਖ ਉਦੇਸ਼ ਮਿਥ ਲਿਆ:
ਓਸ ਪਾਵਨ ਵਿਸਾਖੀ ਤੇ ਪਾਤਿਸ਼ਾਹ ਨੇ
ਪ੍ਰਗਟ ਕੀਤਾ ਨਿਆਰਾ ਗੁਰ ਖ਼ਾਲਸਾ ਸੀ।
ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ
ਲੱਗਦਾ ਬੜਾ ਪਿਆਰਾ ਗੁਰੂ ਖ਼ਾਲਸਾ ਸੀ।
ਖ਼ਾਸ ਰੂਪ ਅੰਦਰ ਕਲਗੀਧਰ ਜੀ ਦਾ
ਬਣਿਆ ਅੱਖਾਂ ਦਾ ਤਾਰਾ ਗੁਰ ਖ਼ਾਲਸਾ ਸੀ।
ਬਰਫ਼ ਵਾਂਗ ਠੰਡਾ ਨਾਲ ਸੱਜਣਾਂ ਦੇ
ਦੁਸ਼ਮਣ ਲਈ ਅੰਗਿਆਰਾ ਗੁਰ ਖ਼ਾਲਸਾ ਸੀ।
ਬੜੀ ਡੂੰਘੀ ਸੋਚ-ਵਿਚਾਰ ਪਿੱਛੋਂ ਦਸਮੇਸ਼ ਪਿਤਾ ਨੇ ਫੈਸਲਾ ਕੀਤਾ ਕਿ ਉਨ੍ਹਾਂ ਦੇ ਸਿੱਖ ਹਥਿਆਰਬੰਦ ਹੋ ਜਾਣ ਅਤੇ ਆਪਣੀ ਹੋਂਦ ਤੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਲੜਨ-ਮਰਨ ਵਾਸਤੇ ਤੱਤਪਰ ਹੋ ਜਾਣ।1699 ਈ. ਦੀ ਵਿਸਾਖੀ ਤੋਂ ਕਈ ਮਹੀਨੇ ਪਹਿਲਾਂ ਗੁਰੂ ਸਾਹਿਬ ਨੇ ਸਮੁੱਚੇ ਦੇਸ਼-ਵਾਸੀਆਂ ਨੂੰ ਸੰਦੇਸ਼ ਭੇਜਿਆ ਕਿ ਉਹ ਵਿਸਾਖੀ ਵਾਲੇ ਦਿਨ ਆਪਣੇ ਘੋੜਿਆਂ ਅਤੇ ਸ਼ਸਤਰਾਂ ਨਾਲ ਸੁਸੱਜਿਤ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਤਰ ਹੋਣ।
ਇਕ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ਼ ਮੁਤਾਬਕ ਇਸ ਦਿਨ 80000 ਤੋਂ ਵੀ ਵਧੀਕ ਲੋਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ।ਧਾਰਮਿਕ ਇਕੱਠ ਪੂਰੇ ਜੋਬਨ `ਤੇ ਸੀ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਮੰਚ `ਤੇ ਹਾਜ਼ਰ ਹੋਏ:
ਕੱਢੀ ਤੇਗ਼ ਮਿਆਨ `ਚੋਂ ਗੁਰੂ ਦਸਵੇਂ
ਸੂਰੇ ਚੁਣਨ ਲਈ ਭਰੇ ਦਰਬਾਰ ਵਿੱਚੋਂ।
ਉਚੀ ਗਰਜ਼ ਕੇ ਮੁੱਖੋਂ ਫੁਰਮਾਨ ਕੀਤਾ
ਲਓ ਜਨਮ ਤਲਵਾਰ ਦੀ ਧਾਰ ਵਿਚੋਂ।
ਲਾਲ ਖੂਨੀ ਅੱਖਾਂ ਕਰਕੇ ਉਨ੍ਹਾਂ ਨੇ ਚਾਰੇ ਪਾਸੇ ਨਜ਼ਰ ਮਾਰੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸੇ ਸਿਰ ਦੀ ਜ਼ਰੂਰਤ ਹੈ। ਜਿਹੜਾ ਵਿਅਕਤੀ ਨੇਕ ਕੰਮ ਲਈ ਆਪਣਾ ਸੀਸ ਕੁਰਬਾਨ ਕਰ ਸਕਦਾ ਹੋਵੇ, ਉਹ ਸਾਹਮਣੇ ਆ ਜਾਵੇ।ਕੇਸਗੜ੍ਹ ਦੀ ਉੱਚੀ ਪਹਾੜੀ ਤੋਂ ਨੰਗੀ ਤਲਵਾਰ ਨਾਲ ਸੀਸ ਭੇਟ ਮੰਗ ਰਿਹਾ ਗੁਰੂ ਮੌਤ ਤੋਂ ਜੀਵਨ ਦੇਣ ਦਾ ਅਨੋਖਾ ਨੁਸਖਾ ਦੱਸ ਰਿਹਾ ਸੀ। ਉਨ੍ਹਾਂ ਨੇ ਐਲਾਨ ਕੀਤਾ:
ਜਿਨ ਕੀ ਜਾਤ ਔਰ ਕੁਲ ਮਾਹੀਂ
ਸਰਦਾਰੀ ਨਹਿੰ ਭਈ ਕਦਾਹੀਂ।
ਉਨਹੀਂ ਕੋ ਸਰਦਾਰ ਬਣਾਵੋਂ
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।
ਅਚਾਨਕ ਅਜਿਹੀ ਅਪੀਲ ਕਾਰਨ ਪੰਡਾਲ ਵਿੱਚ ਸਹਿਮ ਜਿਹਾ ਛਾ ਗਿਆ।ਪਰ ਫਿਰ ਹੌਸਲਾ ਕਰਕੇ ਲਾਹੌਰ ਦਾ ਇੱਕ ਯੁਵਕ ਦਯਾ ਰਾਮ ਖੜ੍ਹਾ ਹੋਇਆ ਅਤੇ ਉਸ ਨੇ ਲਾਸਾਨੀ ਸ਼ਹੀਦੀ ਲਈ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਉਹਨੂੰ ਮੰਚ ਦੇ ਪਿੱਛੇ ਬਣੇ ਇੱਕ ਤੰਬੂ ਵਿੱਚ ਲੈ ਗਏ।ਸੰਗਤ ਨੇ ਤਲਵਾਰ ਦੇ ਵਾਰ ਨੂੰ ਸੁਣਿਆ ਅਤੇ ਗੁਰੂ ਸਾਹਿਬ ਦੁਬਾਰਾ ਲਹੂ-ਭਿੱਜੀ ਤਲਵਾਰ ਲੈ ਕੇ ਮੰਚ `ਤੇ ਆ ਖੜ੍ਹੇ ਹੋਏ।
ਉਨ੍ਹਾਂ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਅਤੇ ਇਸ ਸਮੇਂ ਦਿੱਲੀ ਦਾ ਇੱਕ ਆਦਮੀ ਧਰਮ ਦਾਸ ਆਪਣਾ ਆਪਾ ਲੈ ਕੇ ਹਾਜ਼ਰ ਹੋਇਆ।ਗੁਰੂ ਜੀ ਨੇ ਇਸ ਵਾਰ ਵੀ ਉਹੀ ਵਿਧੀ ਅਪਣਾਈ ਅਤੇ ਪੰਡਾਲ ਵਿੱਚ ਬੈਠੇ ਲੋਕਾਂ ਨੇ ਫਿਰ ਤਲਵਾਰ ਦੇ ਵਾਰ ਨੂੰ ਸੁਣਿਆ।ਗੁਰੂ ਜੀ ਫਿਰ ਤੰਬੂ ਤੋਂ ਬਾਹਰ ਆਏ ਅਤੇ ਤੀਜੇ ਸੀਸ ਲਈ ਮੰਗ ਕੀਤੀ।ਸੰਗਤਾਂ ਭੈਭੀਤ ਹੋ ਗਈਆਂ।ਬਹੁਤ ਸਾਰੇ ਵਿਅਕਤੀ ਖਿਸਕਣ ਲੱਗੇ।ਕਈਆਂ ਨੇ ਮਾਤਾ ਗੁਜਰੀ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ।
ਤੀਜੀ ਵਾਰ ਦੁਆਰਕਾ ਦਾ ਮੋਹਕਮ ਚੰਦ ਸੀਸ-ਭੇਟ ਲਈ ਅੱਗੇ ਆਇਆ।ਪਹਿਲਾਂ ਵਾਂਗ ਹੀ ਤਲਵਾਰ ਦੇ ਵਾਰ ਨੂੰ ਸੰਗਤਾਂ ਨੇ ਤੰਬੂ ਦੇ ਅੰਦਰੋਂ ਸੁਣਿਆ।ਗੁਰੂ ਜੀ ਮੁੜ ਲਹੂ- ਲਿਬੜੀ ਤਲਵਾਰ ਲੈ ਕੇ ਚੌਥੇ ਸੀਸ ਦੀ ਮੰਗ ਕਰਨ ਲਈ ਬਾਹਰ ਆਏ।ਇਸ ਵੇਰ ਬਿਦਰ ਦਾ ਸਾਹਿਬ ਚੰਦ ਕੁਰਬਾਨੀ ਲਈ ਪੇਸ਼ ਹੋਇਆ।ਉਸ ਨਾਲ ਵੀ ਉਹੀ ਕੁੱਝ ਵਾਪਰਿਆ, ਜੋ ਪਹਿਲੇ ਤਿੰਨਾਂ ਨਾਲ ਵਾਪਰਿਆ ਸੀ।ਗੁਰੂ ਜੀ ਨੇ ਪੰਜਵੇਂ ਸਿਰ ਦੀ ਮੰਗ ਕੀਤੀ ਤਾਂ ਜਗਨਨਾਥ ਪੁਰੀ ਦੇ ਹਿੰਮਤ ਰਾਏ ਨੇ ਹਿੰਮਤ ਕੀਤੀ।ਇਸ ਸਮੁੱਚੀ ਵਾਰਤਾ ਨੂੰ ਡਾ. ਹਰਿਭਜਨ ਸਿੰਘ ਨੇ `ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ` ਕਵਿਤਾ ਵਿੱਚ ਵਿਸਤਾਰ ਸਹਿਤ ਉਲੀਕਿਆ ਹੈ:
ਸੀਸ ਵਾਲੇ ਸੀਸ ਅਰਪਨ ਵਾਸਤੇ
ਤਲਵਾਰ ਦੇ ਮੁਹਤਾਜ ਨਹੀਂ ਹੁੰਦੇ
ਚਮਤਕਾਰੀ ਨੇ ਆਪਣਾ ਸੀਸ
ਇਉਂ ਸਹਿਜੇ ਟਿਕਾਇਆ ਸੀ ਤੇਰੇ ਚਰਨੀਂ
ਜਿਵੇਂ ਅੰਬਰ ਦੇ ਪੈਰੀਂ
ਨਿੱਤ ਸਵੇਰਾ ਆਪਣਾ
ਸੂਰਜ ਬਾਲ ਧਰਦਾ ਹੈ।
ਜਿਉਂ ਹੀ ਇਹ ਪ੍ਰਕਿਰਿਆ ਖਤਮ ਹੋਈ, ਗੁਰੂ ਸਾਹਿਬ ਇਨ੍ਹਾਂ ਪੰਜਾਂ ਨੂੰ ਜੀਵਤ ਰੂਪ ਵਿੱਚ ਸਟੇਜ਼ ਤੇ ਲੈ ਕੇ ਪੇਸ਼ ਹੋਏ ਅਤੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ:
ਬਖਸ਼ੀ ਗੁਰਾਂ ਨੇ ਅੰਮ੍ਰਿਤ ਦੀ ਦਾਤ ਪਹਿਲਾਂ,
ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ।
ਪੰਜ ਹੋਏ ਪ੍ਰਵਾਨ ਸੰਸਾਰ ਅੰਦਰ
ਸਿੱਖੀ ਝਲਕਦੀ ਦਿਸੀ ਦਸਤਾਰ ਵਿੱਚੋਂ।
ਹੁਣ ਉਹ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਬਣ ਚੁੱਕੇ ਸਨ। ਇਨ੍ਹਾਂ ਪੰਜ ਪਿਆਰਿਆਂ ਨੂੰ ਇੱਕੋ ਬਾਟੇ ਵਿਚੋਂ ਅੰਮ੍ਰਿਤ ਛਕਾਇਆ ਗਿਆ, ਤਾਂ ਜੋ ਉਨ੍ਹਾਂ `ਚੋਂ ਜਾਤਪਾਤ, ਛੂਤਛਾਤ ਅਤੇ ਭੇਦਭਾਵ ਨੂੰ ਮਿਟਾਇਆ ਜਾ ਸਕੇ।
ਇੱਕੋ ਬਾਟੇ ਵਿਚੋਂ ਸਦੀਵੀ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਛਕ ਕੇ ਉਹ ਸਚਮੁੱਚ `ਗੁਰੂ ਕੇ ਬੇਟੇ` ਬਣ ਗਏ। ਇਸ ਆਬੇ-ਹਯਾਤ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਅਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਕਰ ਵਿਖਾਈ।ਜਦੋਂ ਕੌਮ-ਨਿਰਮਾਤਾ ਆਪਣੇ ਹੀ ਚੇਲਿਆਂ ਅੱਗੇ ਅੰਮ੍ਰਿਤ-ਅਭਿਲਾਖੀ ਹੋਣ ਲਈ ਬੇਨਤੀ ਕਰ ਰਿਹਾ ਸੀ, ਤਾਂ ਲੋਕਾਈ ਅਸ਼-ਅਸ਼ ਕਰ ਉੱਠੀ ਅਤੇ `ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ` ਦੀ ਧੁਨੀ ਨਾਲ ਧਰਤ-ਆਕਾਸ਼ ਗੂੰਜ ਉਠੇ।
ਵੱਖ-ਵੱਖ ਜਾਤੀਆਂ ਤੇ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਇਹ ਪੰਜ ਪਿਆਰੇ ਹੁਣ ਸਭ ਵਹਿਮਾਂ-ਭਰਮਾਂ ਅਤੇ ਮੱਤ-ਮਤਾਂਤਰਾਂ ਤੋਂ ਸ਼ੁੱਧ ਹੋ ਚੁੱਕੇ ਸਨ।ਉਹ ਹੁਣ ਇੱਕ ਨਵੇਂ ਭਾਈਚਾਰੇ `ਖ਼ਾਲਸਾ ਪੰਥ` ਵਿੱਚ ਦਾਖ਼ਲ ਹੋ ਚੁੱਕੇ ਸਨ, ਜੋ ਮਨੁੱਖੀ, ਸਮਾਜਿਕ, ਧਾਰਮਿਕ ਤੇ ਅਧਿਆਤਮਕ ਬਰਾਬਰੀ `ਤੇ ਆਧਾਰਿਤ ਹੈ। ਇਨ੍ਹਾਂ ਪੰਜ ਪਿਆਰਿਆਂ ਨੂੰ ਪੰਜ ਕਕਾਰ (ਕਛਹਿਰਾ, ਕੜਾ, ਕਿਰਪਾਨ, ਕੰਘਾ, ਕੇਸ) ਧਾਰਨ ਕਰਨ ਦਾ ਆਦੇਸ਼ ਦਿੱਤਾ ਗਿਆ।ਗੁਰੂ ਸਾਹਿਬ ਨੇ ਇਨ੍ਹਾਂ ਸ਼ੁੱਧ ਹੋ ਚੁੱਕੇ ਵਿਅਕਤੀਆਂ ਨੂੰ `ਖ਼ਾਲਸਾ` (ਭਾਵ ਖ਼ਾਲਸ) ਦਾ ਨਾਮ ਬਖਸ਼ਿਆ:
ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹਉ ਕਰਉ ਨਿਵਾਸ॥
ਖਾਲਸਾ ਸੋ ਜੋ ਕਰੇ ਨਿੱਤ ਜੰਗ॥
ਖ਼ਾਲਸਾ ਸੋਈ ਜੋ ਚੜ੍ਹੇ ਤੁਰੰਗ॥
ਨਵੇਂ ਪੰਥ ਵਿੱਚ ਪ੍ਰਵੇਸ਼ ਕਰਨ ਨਾਲ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਨਾਵਾਂ ਨਾਲ `ਸਿੰਘ` (ਆਦਮੀ) ਅਤੇ `ਕੌਰ` (ਔਰਤਾਂ) ਸ਼ਬਦ ਦੀ ਵਰਤੋਂ ਕਰਨ ਅਤੇ ਸਦਾਚਾਰਕ ਤੇ ਨੈਤਿਕ ਮਾਨਤਾਵਾਂ ਦੀ ਸਖਤੀ ਨਾਲ ਪਾਲਣਾ ਕਰਨ, ਜਿਸ ਨੂੰ `ਰਹਿਤ ਮਰਿਆਦਾ` ਦਾ ਨਾਂ ਦਿੱਤਾ ਗਿਆ ਹੈ।ਉਨ੍ਹਾਂ ਨੂੰ `ਸੰਤ ਸਿਪਾਹੀ` ਦੀ ਜ਼ਿੰਦਗੀ ਬਤੀਤ ਕਰਨ ਲਈ ਕਿਹਾ ਗਿਆ।ਉਨ੍ਹਾਂ ਨੂੰ ਇਹ ਵੀ ਦ੍ਰਿੜ ਕਰਵਾਇਆ ਗਿਆ ਕਿ ਉਹ ਉਚੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹਿਣ।ਫਾਰਸੀ ਦਾ ਇੱਕ ਇਤਿਹਾਸਕਾਰ ਗੁਲਾਮ ਮੁਹੀਉਦੀਨ ਲਿਖਦਾ ਹੈ ਕਿ 1699 ਈ. ਦੀ ਵਿਸਾਖੀ (30 ਮਾਰਚ) ਨੂੰ ਲਗਭਗ ਵੀਹ ਹਜ਼ਾਰ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ।
ਇਸ ਤੋਂ ਬਾਅਦ ਗੁਰੂ ਸਾਹਿਬ ਦਾ ਵਧੇਰੇ ਸਮਾਂ ਜੰਗਾਂ-ਯੁੱਧਾਂ ਵਿੱਚ ਬਤੀਤ ਹੋਇਆ।ਆਖ਼ਿਰ 1705 ਈ. ਵਿੱਚ ਆਪ ਚੌਧਰੀ ਡੱਲੇ ਦੀ ਤਲਵੰਡੀ ਆ ਬਿਰਾਜੇ, ਜਿਸ ਨੂੰ ਅਜਕਲ੍ਹ ਸਾਬੋ ਕੀ ਤਲਵੰਡੀ/ ਤਲਵੰਡੀ ਸਾਬੋ/ ਦਮਦਮਾ ਸਾਹਿਬ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।ਇਥੇ ਆ ਕੇ ਆਪ ਨੇ ਆਪਣਾ ਕਮਰਕੱਸਾ ਖੋਲ੍ਹਿਆ ਅਤੇ ਕਰੀਬ ਨੌਂ ਮਹੀਨੇ, ਨੌਂ ਦਿਨ ਦਾ ਲੰਮਾ ਸਮਾਂ ਬਿਸਰਾਮ ਕੀਤਾ।ਅੰਗਰੇਜ਼ ਵਿਦਵਾਨ ਡਾਕਟਰ ਟਰੰਪ ਦੇ ਕਥਨ ਅਨੁਸਾਰ ਇਸੇ ਅਸਥਾਨ ਤੇ ਆਪ ਨੇ 1706 ਈ. ਦੀ ਵਿਸਾਖੀ ਨੂੰ ਕਰੀਬ ਸਵਾ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ।ਇਸੇ ਕਰਕੇ ਵਿਸਾਖੀ ਦਾ ਤਿਉਹਾਰ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ-ਨਾਲ ਤਲਵੰਡੀ ਸਾਬੋ ਵਿਖੇ ਵੀ ਪੂਰੇ ਖਾਲਸਾਈ ਜਾਹੋ-ਜਲਾਲ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਦਸਮੇਸ਼ ਪਿਤਾ ਜੀ ਉਸ ਨਿਆਰੀ ਅਤੇ ਅਨੋਖੀ ਛਬ ਵਾਲੀ ਵਿਸਾਖੀ ਬਾਰੇ ਇਹ ਕਾਵਿ-ਪੰਕਤੀਆਂ ਕਿੰਨੀਆਂ ਪ੍ਰਾਸੰਗਿਕ ਹਨ :
ਪਟਨਾ ਛੱਡ ਆਨੰਦਪੁਰ ਆਉਣਾ,
ਪੰਜਾਬ ਦੀ ਧਰਤੀ ਨੂੰ ਭਾਗ ਲਾਉਣਾ।
52 ਕਵੀਆਂ ਨਾਲ ਬੈਠ,
ਉਸ ਅਕਾਲ ਪੁਰਖ ਦੇ ਗੀਤ ਗਾਉਣਾ।
ਹੋਲੀ ਦੇ ਕੱਚੇ ਰੰਗਾਂ ਨੂੰ ਛੱਡ,
ਤੇਗਾਂ ਛਹਿਬਰਾਂ ਨਾਲ ਹੋਲਾ ਮਨਾਉਣਾ।
ਅੰਮ੍ਰਿਤ ਦੀ ਦਿਬ ਬੂੰਦ ਪਿਆ ਕੇ,
ਚਿੜੀਆਂ ਨੂੰ ਬਾਜ਼ਾਂ ਨਾਲ ਲੜਾਉਣਾ।
ਤੇਰਾ ਅਜੀਬ ਜਲੌਅ ਹੈ, ਤੇਰਾ ਅਜੀਬ ਫਬੌਅ ਹੈ।
ਤੇਰਾ ਅਜੀਬ ਸੁਭਾਓ ਹੈ, ਤੂੰ ਵੱਖਰਾ ਹੈਂ ਸਭ ਤੋਂ।
ਤੇਰੇ ਵਾਂਗੂੰ ਵਿਸਾਖੀ ਨੂੰ ਕਿਸ ਨੇ ਮਨਾਉਣਾ?
ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ-151302
ਮੋ – 9417692015