ਨਵੀਂ ਦਿੱਲੀ, 17 ਸਤੰਬਰ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣਨ ਵਾਲੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ਨੂੰ ਰੋਕਣ ਲਈ ਕੁੱਝ ਸਿਆਸੀ ਧਿਰਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਤਾਸ਼ ਤੇ ਨਿਰਾਸ਼ ਲੋਕਾਂ ਵੱਲੋਂ ਇਸ ਮਸਲੇ ‘ਤੇ ਆਪਣੀ ਸੰਭਾਵਿਤ ਹਾਰ ਨੂੰ ਮੂਹਰੇ ਰੱਖਕੇ ਕੱਢੀ ਜਾ ਰਹੀ ਭੜਾਸ ਦੱਸਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇਸ ਯਾਦਗਾਰ ਦੀ ਉਸਾਰੀ ਨੂੰ ਜਾਇਜ਼ ਕਰਾਰ ਦਿੰਦੇ ਹੋਏ ਉਕਤ ਧਿਰਾਂ ਨੂੰ ਪੰਥਕ ਮਸਲਿਆਂ ‘ਤੇ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਵਿਖੇ ਹਜ਼ਾਰਾਂ ਸਿੱਖਾਂ ਦਾ ਜਿਥੇ ਕਤਲ ਹੋਇਆ, ਬੀਬੀਆਂ ਦੀ ਬੇਪਤੀ ਕੀਤੀ ਗਈ ਉਥੇ ਨਾਲ ਹੀ ਗੁਰਦੁਆਰਾ ਰਕਾਬ ਗੰਜ ਸਾਹਿਬ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਸੀ ਜੋ ਕਿ ਡੇਢ ਦਿਨ ਤੱਕ ਚਲਦਾ ਰਿਹਾ ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਮੁੱਖ ਦਰਵਾਜ਼ੇ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਸਾਰੀ ਕਾਰਵਾਈ ਦੌਰਾਨ ਦੋ ਸਿੰਘ ਗੁਰਦੁਆਰਾ ਸਾਹਿਬ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ। ਦਿੱਲੀ ਕਮੇਟੀ ਵੱਲੋਂ ਇਸ ਤਜਵੀਜ ਸ਼ੁਦਾ ਯਾਦਗਾਰ ਦਾ ਮਤਾ ਦਿੱਲੀ ਕਮੇਟੀ ਦੇ ਜਨਰਲ ਹਾਊਸ ਵਿੱਚ ਪਾਸ ਕਰਨ ਉਪਰੰਤ ਹੋਈ ਅਰਦਾਸ ‘ਤੇ ਸਮੂੰਹ ਕਮੇਟੀ ਮੈਂਬਰਾਂ ਵੱਲੋਂ ਪਹਿਰਾ ਦੇਣ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। ਉਕਤ ਧਿਰਾਂ ਵੱਲੋਂ ਕਾਤਲ ਕਾਂਗਰਸ ਦਾ ਪੱਖ ਪੂਰਨ ਲਈ ਇਹ ਸਾਰੀ ਕਾਰਵਾਈ ਕਰਨ ਦਾ ਦੋਸ਼ ਵੀ ਜੀ.ਕੇ. ਨੇ ਲਗਾਇਆ।
ਦਿੱਲੀ ਕਮੇਟੀ ਵੱਲੋਂ ਬੀਤੇ ਵਰ੍ਹੇ ਪੰਜ ਸਿੰਘ ਸਾਹਿਬਾਨਾਂ ਦੀ ਮੌਜ਼ੂਦਗੀ ਵਿੱਚ ਅਰਦਾਸ ਉਪਰੰਤ ਰੱਖੇ ਗਏ ਨੀਂਹ ਪੱਥਰ ਦਾ ਜ਼ਿਕਰ ਕਰਕੇ ਹੋਏ ਜੀ.ਕੇ. ਨੇ ਇਸ ਮਸਲੇ ‘ਤੇ ਅਦਾਲਤਾਂ ਵਿੱਚ ਜਾਣ ਵਾਲੇ ਕਾਂਗਰਸ ਪੱਖੀ ਸਿੱਖਾਂ ਨੂੰ ਕੌਮ ਨਾਲ ਧੋਖਾ ਨਾ ਕਰਨ ਦੀ ਵੀ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਸ+ੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਮਗਰੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅਦਾਲਤ ਵਿੱਚ ਕੇਸ ਵਾਪਿਸ ਲੈਣ ਦੀ ਦਿੱਤੀ ਗਈ ਅਰਜ਼ੀ ਦੇ ਬਾਵਜ਼ੂਦ ਵਾਰ-ਵਾਰ ਯਾਦਗਾਰ ਦੇ ਕੰਮ ਨੂੰ ਰੋਕਣ ਵਾਸਤੇ ਮਾਰੇ ਜਾ ਰਹੇ ਦੱਗਮੱਜਿਆ ਨੂੰ ਸਰਨਾ ਭਰਾਵਾਂ ਦੀ ਹੰਕਾਰ ਭਰੀ ਤੇ ਪੰਥ ਮਾਰੂ ਸਿਆਸਤ ਦਾ ਹਿੱਸਾ ਵੀ ਦੱਸਿਆ ਹੈ। ਡੰਕੇ ਦੀ ਚੋਟ ‘ਤੇ ਇਹ ਯਾਦਗਾਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਾਪਿਤ ਕਰਨ ਦਾ ਜੀ.ਕੇ. ਨੇ ਦਾਅਵਾ ਕੀਤਾ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੰਬਰ 2013 ਵਿੱਚ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਹੋਏ ਸਮਾਗਮਾਂ ਦੌਰਾਨ ਸੰਗਤਾਂ ਵੱਲੋਂ ਦੋਹਾਂ ਬਾਹਵਾਂ ਖੜੀਆਂ ਕਰਕੇ ਇਸ ਸਥਾਨ ‘ਤੇ ਯਾਦਗਾਰ ਬਣਾਉਣ ਦੀ ਦਿੱਤੀ ਗਈ ਪ੍ਰਵਾਨਗੀ ਦਾ ਵੀ ਜੀ.ਕੇ. ਨੇ ਚੇਤਾ ਕਰਾਇਆ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …