ਕੋਮਾਂਤਰੀ ਮੈਚਾਂ ਦੌਰਾਨ ਵੀ ਛੋਟ ਦਿਵਾਉਣ ਲਈ ਦਿੱਲੀ ਕਮੇਟੀ ਲੜੇਗੀ ਲੜਾਈ – ਜੀ.ਕੇ
ਨਵੀਂ ਦਿੱਲੀ, 18 ਸਤੰਬਰ (ਅੰਮ੍ਰਿਤ ਲਾਲ ਮੰਨਣ)- ਇੰਟਰਨੈਸ਼ਨਲ ਬਾਸਕਟ ਬਾਲ ਫੈਡਰੇਸ਼ਨ (ਫੀਬਾ) ਵੱਲੋਂ ਸਿੱਖ ਖਿਡਾਰੀਆਂ ਦੇ ਸਿਰ ਢੱਕਕੇ ਮੈਚ ਖੇਡਣ ‘ਤੇ ਲਗਾਈ ਗਈ ਪਾਬੰਦੀ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗਈ ਮੁਹਿੰਮ ਦੀ ਸ਼ੁਰੂਆਤੀ ਕਾਮਯਾਬੀ ‘ਤੇ ਅੱਜ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਖਿਡਾਰੀ / ਵਿਦਿਆਰਥੀਆਂ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਧੰਨਵਾਦ ਕੀਤਾ ਗਿਆ। ਬੀਤੇ ਦਿਨੀਂ ਚੀਨ ਵਿਖੇ ਕੌਮਾਂਤਰੀ ਪੱਧਰ ‘ਤੇ ਬਾਸਕਟ ਬਾਲ ਮੈਚ ਦੌਰਾਨ 2 ਸਿੱਖ ਖਿਡਾਰੀਆਂ ਨੂੰ ਫੀਬਾ ਵੱਲੋਂ ਆਪਣੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਪਟਕਾ ਉਤਾਰਕੇ ਮੈਚ ਖੇਡਣ ਲਈ ਮਨਜ਼ੂਰੀ ਦੇਣ ‘ਤੇ ਗੁੱਸੇ ਵਿੱਚ ਆਏ ਸਿੱਖ ਸੰਗਠਨਾਂ ਵੱਲੋਂ ਫੀਬਾ ਦੇ ਇਸ ਕਦਮ ਦਾ ਵਿਰੋਧ ਕਰਨ ਦੀ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਜਬਰਦਸਤ ਕਾਮਯਾਬੀ ਮਿਲੀ ਜਦੋਂ ਫੀਬਾ ਦੀ ਗਵਰਨਿੰਗ ਬਾਡੀ ਨੇ 2 ਸਾਲ ਦੇ ਲਈ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਅਤੇ ਮੁਸਲਿਮ ਖਿਡਾਰੀਆਂ ਨੂੰ ਸਿਰ ‘ਤੇ ਹਿਜਾਬ ਬੰਨਕੇ ਕੌਮੀ ਪੱਧਰ ਦੇ ਮੈਚ ਖੇਡਣ ਦੀ ਪ੍ਰਵਾਨਗੀ ਦੇ ਦਿੱਤੀ।
ਇਥੇ ਇਹ ਜ਼ਿਕਰਯੋਗ ਹੈ ਦਿੱਲੀ ਕਮੇਟੀ ਵੱਲੋਂ ਫੀਬਾ ਨਾਲ ਇਸ ਮਸਲੇ ‘ਤੇ ਆਪਣਾ ਵਿਰੋਧ ਦਰਜ ਕਰਾਉਣ ਲਈ ਭਾਰਤੀ ਖੇਡ ਮੰਤਰਾਲੇ, ਫੀਬਾ ਦੇ ਦਿੱਲੀ ਦਫਤਰ ਵਿਖੇ ਲਿਖਤੀ ਵਿਰੋਧ ਦਰਜ਼ ਕਰਾਉਣ ਦੇ ਇਲਾਵਾ ਆਨਲਾਈਨ ਪਟੀਸ਼ਨ ਰਾਹੀਂ ਵੀ ਸਿੱਖਾਂ ਨੂੰ ਫੀਬਾ ਦੇ ਇਸ ਨਿਯਮ ਨੂੰ ਬਦਲਣ ਵਾਸਤੇ ਪਟੀਸ਼ਨ ‘ਤੇ ਸਾਈਨ ਕਰਨ ਦੀ ਅਪੀਲ ਕਰਨ ਵਾਲੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਵੀਡੀਓ ਕਮੇਟੀ ਵੱਲੋਂ ਪਟੀਸ਼ਨ ਦੇ ਨਾਲ ਨੱਥੀ ਕੀਤੀ ਗਈ ਸੀ। ਮਨਜੀਤ ਸਿੰਘ ਜੀ.ਕੇ. ਨੇ ਕੌਮੀ ਮੈਚ ਖੇਡਣ ‘ਤੇ ਪਟਕਾ ਅਤੇ ਹਿਜਾਬ ਬੰਨਕੇ ਮਿਲੀ ਛੋਟ ਦਾ ਸੁਆਗਤ ਕਰਦੇ ਹੋਏ ਕੌਮਾਂਤਰੀ ਮੈਚਾਂ ਦੌਰਾਨ ਵੀ ਇਸ ਛੋਟ ਨੂੰ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਭਰੋਸਾ ਦਿੱਤਾ। ਜੀ.ਕੇ. ਦਾ ਧੰਨਵਾਦ ਕਰਨ ਆਏ ਸਕੂਲੀ ਖਿਡਾਰੀਆਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਦਿੱਲੀ ਕਮੇਟੀ ਵੱਲੋਂ ਇਸ ਮਸਲੇ ‘ਤੇ ਨਿਭਾਈ ਗਈ ਉਸਾਰੂ ਭੂਮਿਕਾ ਲਈ ਸ਼ਲਾਘਾ ਕੀਤੀ।
ਆਨਲਾਈਨ ਪਟੀਸ਼ਨ ‘ਤੇ 60 ਹਜ਼ਾਰ ਤੋਂ ਵੱਧ ਸਿੱਖਾਂ ਵੱਲੋਂ ਸਾਈਨ ਕਰਨ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਸਾਈਨ ਕਰਨ ਲਈ ਉਘੇ ਖਿਡਾਰੀ ਮਿਲਖਾ ਸਿੰਘ, ਬਿਸ਼ਨ ਸਿੰਘ ਬੇਦੀ ਅਤੇ ਮੰਨੇ ਪ੍ਰਮੰਨੇ ਗਾਈਕ ਯੋ. ਯੋ. ਹਨੀ ਸਿੰਘ ਵੱਲੋਂ ਵੀ ਅਪੀਲ ਕੀਤੀ ਗਈ ਸੀ। ਪਟੀਸ਼ਨ ‘ਤੇ ਸਾਈਨ ਕਰਨ ਵਾਲੇ ਸਮੂੰਹ ਸਿੱਖਾਂ ਦਾ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਸਿੱਖ ਖਿਡਾਰੀਆਂ ਨੂੰ ਕੌਮਾਂਤਰੀ ਮੈਚਾਂ ਵਿੱਚ ਵੀ ਪਟਕੇ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਵਿਉਂਤਬੰਦੀ ਕਰਕੇ ਲੜਾਈ ਲੜਨ ਦੀ ਗੱਲ ਆਖੀ। ਇਸ ਮੌਕੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਅਤੇ ਦਿੱਲੀ ਕਮੇਟੀ ਦੇ ਖੇਡ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਮੌਜੂਦ ਸਨ।