ਕਈ ਬੱਚੇ ਕਹਿਣ ਅਸੀਂ ਨਾਨਕੇ ਸੀ ਗਏ।
ਕੋਈ ਕਹੇ ਮਾਮੀ-ਮਾਸੀ ਕੋਲ ਜਾ ਰਹੇ।
ਸਾਡੇ ਹਿੱਸੇ ਆ ਗਈਆਂ ਬਾਲ ਮਜ਼ਦੂਰੀਆਂ,
ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ।
ਘਰ ਦੀ ਗਰੀਬੀ, ਬਣੀ ਸਾਡੇ ਉਤੇ ਭਾਰ,
ਮਾਂਜਦੀ ਮੈਂ ਭਾਂਡੇ ਰੋਈ ਜਾਵਾਂ-ਜਾਰੋ-ਜਾਰ।
ਵਿੱਚੋ-ਵਿੱਚ ਮਾਲਕਣ ਵੱਟੇ ਮੈਨੂੰ ਘੂਰੀਆਂ।
ਛੁੱਟੀਆਂ ਨੇ ਸਾਡੇ ਤੋਂ………………
ਛੁੱਟੀਆਂ ਦਾ ਸਾਨੂੰ ਬੜਾ ਚੜ੍ਹਿਆ ਚਾਅ ਸੀ,
ਮੰਮੀ ਜੀ ਨੇ ਮੈਨੂੰ ਦਿੱਤਾ ਕੰਮ ‘ਤੇ ਲਾ ਸੀ।
ਮਨ ਦੀਆਂ ਰੀਝਾਂ ਰਹਿ ਗਈਆਂ ਅਧੂਰੀਆਂ।
ਛੁੱਟੀਆਂ ਨੇ ਸਾਡੇ ਤੋਂ………………
ਸਾਰੇ ਹੁਣ ਮੈਨੂੰ ਕੰਮ ਵਾਲੀ ਕਹਿ ਬੁਲਾਂਵਦੇ,
ਕਰਾਉਂਦੇ ਨੇ ਸਫਾਈਆਂ ਫਿਰ ਕਪੜੇ ਧੁਆਂਵਦੇ ।
ਸਮਾਂ ਕੱਢ ਕਾਪੀਆਂ ਵੀ ਕਰ ਲਈਆਂ ਪੂਰੀਆਂ।
ਛੁੱਟੀਆਂ ਨੇ ਸਾਡੇ ਤੋਂ………………
ਕਹਿਣ ਪੜ੍ਹੀ ਹੋਵੇ ਕੁੜੀ, ਸਮਝੋ ਪੜ੍ਹ ਗਈ ਕੁੱਲ,
ਦਿਓ ਵਿਦਿਆ ਦਾ ਦਾਨ, ਇਹਦਾ ਨਹੀਂ ਕੋਈ ਮੁੱਲ।
‘ਸੁੱਖ’ ਦੂਰ ਕਰੇ ਰੱਬ ਘਰਾਂ ਦੀਆਂ ਮਜਬੂਰੀਆਂ
ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677