Saturday, January 25, 2025

ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਹੁਣ ਹੀ ਇਕਜੁੱਟ

ਅਧਿਕਾਰੀਆਂ ਨੂੰ ਅਕਾਲੀਆਂ ਦੀ ਕਠਪੁਤਲੀ ਬਣਨਾ ਪਵੇਗਾ ਮਹਿੰਗਾ – ਔਜਲਾ

PPN19091404

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ)- ਜ਼ਿਲੇ ਦੀਆਂ ਪੰਜ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਇਕਜੁਟਤਾ ਦੇ ਨਾਲ ਮੁੜ ਲੜਣ ਦੇ ਲਈ ਤਿਆਰ ਬਰ ਤਿਆਰ ਹੋ ਗਈ ਹੈ। ਲੋਕ ਸਭਾ ਚੋਣਾਂ ਦੇ ਦੌਰਾਨ ਆਏ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸੀ ਕਿਸੇ ਵੀ ਤਰ੍ਹਾਂ ਗੁੱਟਬਾਜੀ ਦਾ ਸ਼ਿਕਾਰ ਹੋਣ ਦੇ ਰੌਂਅ ਵਿਚ ਨਹੀਂ ਹਨ ਅਤੇ ਨਾ ਹੀ ਸਰਕਾਰ ਦੀ ਕਿਸੇ ਧੱਕੇਸ਼ਾਹੀ ਨੂੰ ਚੁੱਪ ਕਰਕੇ ਸਹਿਣ ਲਈ ਤਿਆਰ ਹਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ 6 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀਆਂ ਦੀ ਹੋਈ ਮੀਟਿੰਗ ਦੌਰਾਨ ਨਗਰ ਕੌਂਸਲ ਮਜੀਠਾ, ਰਮਦਾਸ, ਰਈਆ, ਜੰਡਿਆਲਾ ਗੁਰੂ ਅਤੇ ਅਜਨਾਲਾ ਦੀਆਂ ਨਗਰ ਕੌਂਸਲ ਚੋਣਾਂ ਦੀ ਵਿਉਂਤਬੰਦੀ ਤਿਆਰ ਹੁੰਦੀ ਰਹੀ। ਕਾਂਗਰਸ ਇਨ੍ਹਾਂ ਨਗਰ ਕੌਂਸਲ ਚੋਣਾਂ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਦੇ ਤੌਰ ‘ਤੇ ਲੈ ਲਈ ਹੈ ਅਤੇ ਇਸ ਸਬੰਧੀ ਰਣਨੀਤੀ ਨੂੰ ਹੁਣ ਤੋਂ ਹੀ ਅੰਤਿਮ ਛੂਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਸਰਦੂਲ ਸਿੰਘ ਬੰਡਾਲਾ, ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ਼ ਤਰਸੇਮ ਸਿੰਘ ਡੀ.ਸੀ., ਵਿਧਾਨ ਸਭਾ ਹਲਕਾ ਮਜੀਠਾ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਭਰਾ ਜੀਤੂ ਮਜੀਠੀਆ, ਭਗਵੰਤਪਾਲ ਸੱਚਰ, ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ, ਗੁਰਇਕਬਾਲ ਸਿੰਘ ਰੂਪਾ ਤੋਂ ਇਲਾਵਾ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਵੱਖ ਵੱਖ ਅਹੁਦੇਦਾਰ ਅਤੇ ਬਲਾਕ ਪ੍ਰਧਾਨ ਹਾਜ਼ਰ ਸਨ।
ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਵਿਚ ਪੂਰਾ ਉਤਸ਼ਾਹ ਹੈ ਜਦੋਂਕਿ ਦੂਸਰੇ ਪਾਸੇ ਵਿਰੋਧੀਆਂ ਵਿਚ ਹੁਣ ਤੋਂ ਹੀ ਨਿਰਾਸ਼ਾ ਦਾ ਆਲਮ ਵਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਦਾ ਅੰਦਰਲਾ ਗੁੱਸਾ ਇਕ ਵਾਰ ਫਿਰ ਨਗਰ ਕੌਂਸਲ ਦੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਾਹਮਣੇ ਆਉਣ ਵਾਲਾ ਹੈ ਜਿਸ ਤੋਂ ਡਰਦੇ ਵਿਰੋਧੀ ਹੁਣ ਤੋਂ ਹੀ ਆਪਣੇ ਆਪ ਨੂੰ ਡਰੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਨਗਰ ਕੌਂਸਲਾਂ ਦੇ ਵਿਚ ਇਸ ਸਮੇਂ ਉਡ ਰਹੀਆਂ ਨਿਯਮਾਂ ਦੀਆਂ ਧੱਜੀਆਂ ਸਾਹਮਣੇ ਆ ਚੁੱਕੀਆਂ ਹਨ ਜੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੋਧਣ ਵੱਲ ਧਿਆਨ ਨਾ ਦਿੱਤਾ ਅਤੇ ਕਾਂਗਰਸੀਆਂ ਨੂੰ ਵਿਸ਼ਵਾਸ਼ ਵਿਚ ਨਾ ਲਿਆ ਤਾਂ ਜ਼ਿਲਾ ਕਾਂਗਰਸ ਨੂੰ ਮਜਬੂਰਣ ਚੋਣ ਦੇ ਨਾਲ ਅਦਾਲਤ ਦਾ ਵੀ ਦਰਵਾਜਾ ਖੜਕਾਉਣਾ ਪਵੇਗਾ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਇਕ ਕਾਂਗਰਸੀ ਦੇ ਕਾਗਜ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਤੰਤਰਿਕ ਢੰਗ ਦੇ ਨਾਲ ਉਸ ਦਾ ਵੀ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਪਰਦਾਫਾਸ ਹੋ ਚੁੱਕਾ ਹੈ ਅਤੇ ਮੋਦੀ ਦੀ ਲਹਿਰ ਵੀ ਠੁਸ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਕਾਲੀ ਦਲ ਮਾੜਾ ਸਿੱਧ ਕਰਨ ਵਿੱਚ ਤੁਲਿਆ ਹੋਇਆ ਸੀ ਉਹੀ ਅਕਾਲੀ ਦਲ ਅੱਜ ਡਾ. ਮਨਮੋਹਨ ਸਿੰਘ ਦੇ ਗੁਣ ਗਾ ਰਿਹਾ ਹੈ ਅਤੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰਨ ਵਾਲੇ ਭਾਜਪਾਈਆਂ ਨੂੰ ਅਸਿੱਧੇ ਤਰੀਕੇ ਦੇ ਨਾਲ ਨੰਗਾ ਕਰ ਰਿਹਾ ਹੈ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply