Thursday, December 26, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਸਮਾਉਣ ਪੁਰਬ ‘ਤੇ ਵਿਸ਼ੇਸ਼ ਗੁਰਮਤਿ ਸਮਾਗਮ ਗੁ: ਨਾਨਕ ਪਿਆਓ ਵਿਖੇ 22 ਨੂੰ

PPN20091408
ਨਵੀਂ ਦਿੱਲੀ, 20 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤਿ ਸਮਾਉਣ ਦਾ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਮਵਾਰ 22 ਸਤੰਬਰ (7 ਅਸੂ, ਸੰਮਤ ਨਾਨਕਸ਼ਾਹੀ 546) ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਵੇਗੀ, ਉਪਰੰਤ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਪ੍ਰੀਤ ਸਿੰਘ ਦਾ ਕੀਰਤਨੀ ਜੱਥਾ ਆਸਾ ਦੀ ਵਾਰ ਦਾ ਕੀਰਤਨ ਕਰੇਗਾ ਅਤੇ ਭਾਈ ਹਰਵਿੰਦਰ ਸਿੰਘ ਸੁਹਾਣਾ ਸ਼ਬਦ ਵਿਚਾਰ ਰਾਹੀਂ ਗੁਰੂ ਸਾਹਿਬ ਦੀ ਜੀਵਨ ਅਤੇ ਲੋਕ-ਹਿਤ ਕਾਰਜਾਂ ਦੇ ਸਬੰਧ ਵਿੱਚ ਜਾਣਕਾਰੀ ਦੇਣਗੇ। ਸ. ਰਾਣਾ ਨੇ ਹੋਰ ਦਸਿਆ ਕਿ ਇਸ ਮੌਕੇ ਤੇ ਗੁ. ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਅਤੇ ਭਾਈ ਮਨੋਹਰ ਸਿੰਘ ਗੁਰਿੰਦਰ ਸਿੰਘ, ਭਾਈ ਅਪਾਰਦੀਪ ਸਿੰਘ (ਇੰਗਲੈਂਡ), ਭਾਈ ਰਣਧੀਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ) ਅਤੇ ਭਾਈ ਅਮਰਜੀਤ ਸਿੰਘ (ਪਟਿਆਲਾ) ਦੇ ਕੀਰਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਇਸ ਮੌਕੇ ਤੇ ਪੰਥਕ ਵਿਚਾਰਾਂ ਵੀ ਹੋਣਗੀਆਂ ਜਿਸ ਦੌਰਾਨ ਪੰਥ ਦੇ ਪ੍ਰਮੁਖ ਆਗੂ ਸੰਗਤਾਂ ਦੇ ਦਰਸ਼ਨ ਕਰ, ਵਰਤਮਾਨ ਪੰਥਕ ਹਾਲਾਤ ਤੋਂ ਸੰਗਤਾਂ ਨੂੰ ਜਾਣੂ ਕਰਵਾਣਗੇ ਅਤੇ ਸੇਵਾ ਪੰਥੀ ਬਾਬਾ ਬਚਨ ਸਿੰਘ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਭਾਈ ਗੁਰਚਰਨ ਸਿੰਘ ਚੰਨ ਦਾ ਢਾਡੀ ਜੱਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਪ੍ਰਸੰਗ ਪੇਸ਼ ਕਰੇਗਾ ਅਤੇ ਇਸ ਮੌਕੇ ਤੇ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਮੁਖ ਕਵੀ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਆਪਣੀਆਂ ਸਜਰੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ ਤੇ ਅਰਦਾਸ ਉਪਰੰਤ ਸਵੇਰ ਦੇ ਸਮਾਗਮ ਦੀ ਸਮਾਪਤੀ ਹੋਵੇਗੀ। ਸ. ਰਾਣਾ ਨੇ ਦਸਿਆ ਕਿ ਇਸ ਮੌਕੇ ਤੇ ਦੁਪਹਿਰ ਬਾਅਦ ਦੇ ਸਮਾਗਮ ਦੀ ਅਰੰਭਤਾ ਸ਼ਾਮ 5 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਖਾਲਸਾ ਦੇ ਕੀਰਤਨ ਨਾਲ ਹੋਵੇਗੀ ਅਤੇ ਰਹਿਰਾਸ ਦੇ ਪਾਠ ਤੋਂ ਉਪਰੰਤ ਭਾਈ ਕੁਲਵੰਤ ਸਿੰਘ ਪ੍ਰਭਾਤ (ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ) ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਤੇ ਭਾਈ ਨਿਰਮਲ ਸਿੰਘ ਦੇ ਕੀਰਤਨੀ ਜੱਥੇ ਕੀਰਤਨ ਅਤੇ ਹੈੱਡ ਪ੍ਰਚਾਰਕ ਭਾਈ ਸੰਤੋਖ ਸਿੰਘ ਗੁਰਸ਼ਬਦ ਦੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply