ਅਸੀਂ ਪੰਜਾਬੀ ਲੋਕੋ ਸ਼ਰਮ ਨੇ ਹੀ ਮਾਰ ਦਿੱਤੇ
ਛੋਟਾ ਕੰਮ ਕਰਨ ਨੂੰ ਅਸੀਂ ਆਪਣੀ ਹੇਠੀ ਮੰਨਦੇ ਹਾਂ
ਪਾ ਚਿੱਟੇ ਕੱਪੜੇ ਮੋਟਰਸਾਈਕਲ `ਤੇ ਖੇਤਾਂ ਨੂੰ
ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾਂ।
ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ
ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਏ
ਤਾਹੀਉਂ ਤਾਂ ਬਾਪੂ ਸਿਰ ਚੜਦਾ ਫਿਰ ਕਰਜ਼ਾ ਏ।
ਧੀ ਘਰ ਕੋਠੇ ਜਿੱਡੀ ਹੋਈ ਪੁੱਤ ਨਸ਼ੇੜੀ
ਪਰ ਖੇਤਾਂ ਵਿੱਚ ਕੱਲਾ ਬਾਪੂ ਕੰਮ ਕਰਦਾ ਏ…..
ਕਦੇ ਬੋਰ ਖੜ੍ਹ ਜਾਵੇ ਕਦੇ ਮੋਟਰ ਹੈ ਸੜ ਜਾਂਦੀ
ਹਲ ਸੁਹਾਗਾ ਟਰਾਲੀ ਖੇਤੀ ਦੇ ਸੰਦ ਆਉਂਦੇ ਪੂਰੇ ਨਾ
ਪੁੱਤ ਗੁੱਸੇ ਹੋ ਸਪਰੇਅ ਦਾ ਭੱਜ ਭੱਜ ਲੀਟਰ ਚੁੱਕਦਾ ਏ।
ਏਸੇ ਗੱਲ ਤੋਂ ਡਰਦਾ ਪੁੱਤ ਨੂੰ ਪਿਉ ਕਦੇ ਘੂਰੇ ਨਾ
ਚੜਿਆ ਸਿਰੋ ਲਹਿ ਜਾਏ ਕਰਜ਼ਾ ਸ਼ਾਹੂਕਾਰਾਂ ਦਾ
ਗਰੀਬ ਕਿਸਾਨ ਹਰਦਮ ਟੁੱਟ ਟੁੱਟ ਮਰਦਾ ਏ।
ਪਰ ਖੇਤਾਂ ਵਿੱਚ ਕੱਲਾ ਬਾਪੂ ਕੰਮ ਕਰਦਾ ਏ…..
ਕਦੇ ਗੜੇਮਾਰੀ ਕਦੇ ਸੋਕੇ ਦੀ ਜੱਟ ਨੂੰ ਪੈਂਦੀਆਂ ਮਾਰਾਂ ਨੇ
ਕਿਉਂ ਦੇਸ਼ ਮੇਰੇ ਦੀਆਂ ਸੁੱਤੀਆਂ ਪਈਆਂ ਸਰਕਾਰਾਂ ਨੇ
ਕੁੱਝ ਗੱਭਰੂ ਮੁਟਿਆਰਾਂ ਦੇਸ਼ ਮੇਰੇ ਦੇ ਬੇਰੁਜ਼ਗਾਰੀ ਨੇ ਝੰਭੇ ਨੇ
ਵਿੱਚ ਮਹਿੰਗਾਈ ਦੇ ਰਸਤੇ ਜਿੰਦਗੀ ਦੇ ਸੰਧੂਆ ਲੰਬੇ ਨੇ
ਫਾਹੇ ਲੱਗ ਮਰਨਾ ਮਸਲੇ ਦਾ ਹੱਲ ਨਹੀ
ਮੈ ਪੜਿਆ ਵਿੱਚ ਅਖਬਾਰਾਂ ਦੇ
ਫਾਹੇ ਲੱਗ ਜੱਟ ਰੋਜ਼ ਹੀ ਮਰਦਾ ਏ।
ਪਰ ਖੇਤਾਂ ਵਿੱਚ ਕੱਲਾ ਬਾਪੂ ਕੰਮ ਕਰਦਾ ਏ…..