“ਅੱਜ ਦਾ ਦਿਨ ਬਹੁਤ ਹੀ ਅਨਮੋਲ, ਸ਼ਾਨੋ ਸ਼ੌਕਤ ਵਾਲਾ , ਆਜ਼ਾਦੀ ਦਾ ਇਤਿਹਾਸਕ ਦਿਨ ਹੈ।ਇਸ ਦਿਨ ਹੀ ਸਾਨੂੰ ਜ਼ਾਲਮ, ਅਕਿਰਤਘਣ, ਭਾਰਤ ਦੇਸ਼ ਨੂੰ ਲੁੱਟਣ ਵਾਲੀ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ।”ਪਿੰਡ ਦੇ ਸਰਪੰਚ ਹਾਕਮ ਸਿਉਂ ਦੇ ਬੋਲ ਸਕੂਲ ਦੀ ਸਟੇਜ ਤੋਂ ਕੰਧਾਂ ਕੋਠੇ ਟੱਪਦੇ, ਦਰੱਖਤਾਂ ਨੂੰ ਚੀਰਦੇ, ਪਿੰਡ ਦੇ ਦੂਜੇ ਬੰਨੇ ਤੱਕ ਸੁਣਾਈ ਦੇ ਰਹੇ ਸਨ।
ਪੰਦਰਾਂ ਅਗਸਤ ਕਾਰਨ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀ।ਜਿਸ ਵਿੱਚ ਪਿੰਡ ਦੇ ਮੋਹਰੀ ਬੰਦੇ, ਬੱਚੇ ਅਤੇ ਉਨ੍ਹਾਂ ਦੇ ਮਾਪੇ ਪਹੁੰਚੇ ਹੋਏ ਸਨ।ਹੱਥ `ਤੇ ਹੱਥ ਧਰੀ ਸਰਪੰਚ ਹਾਕਮ ਸਿੰਘ ਵੱਲ ਦਰਸ਼ਕ ਡੌਰ ਭੌਰ ਹੋਏ ਝਾਕੀ ਜਾ ਰਹੇ ਸਨ।ਕਰਤਾਰੇ ਸੀਰੀ ਦੇ ਬੱਚੇ ਵੀ ਇਸੇ ਸਕੂਲ ਵਿੱਚ ਪੜ੍ਹਦੇ ਸਨ।ਹਾਕਮ ਸਿਉਂ ਦੇ ਬੋਲ ਸਟੇਜ਼ ਤੋਂ ਸਿੱਧੇ ਉਸ ਦੇ ਕੰਨਾਂ ਵਿੱਚ ਅਸਮਾਨੀ ਬਿਜਲੀ ਵਾਂਗ ਵਾਰ ਵਾਰ ਕੜਕ ਰਹੇ ਸਨ: “ਆਜ਼ਾਦੀ ਦੀ ਇਸ ਮਹਾਨ ਜੰਗ ਵਿੱਚ ਸਾਡੇ ਬਜ਼ੁਰਗਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਆਜ਼ਾਦ ਜ਼ਿੰਦਗੀ ਜਿਉਣ ਲਈ ਦਿੱਤੀ।”
ਕਰਤਾਰੇ ਨੂੰ ਆਪਣੇ ਬਾਪੂ ਦੀ ਯਾਦ ਆਈ।ਜਦੋਂ ਉਸ ਨੇ ਸਰਪੰਚ ਕਰਮ ਸਿਉਂ ਤੋਂ ਇੱਕ ਲੱਖ ਰੁਪਏ ਮੰਗੇ ਸਨ, ਉਸ ਦੇ ਛੋਟੇ ਹੁੰਦਿਆਂ ਜਦੋਂ ਉਹ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆ ਗਿਆ ਸੀ।ਕੱਲਾ ਕਹਿਰਾ ਕਰਤਾਰਾ ਦਸ ਸਾਲ ਬਾਅਦ ਹੋਇਆ ਸੀ।ਸਰਪੰਚ ਨੇ ਪੈਸੇ ਤਾਂ ਦੇ ਦਿੱਤੇ ਇਲਾਜ ਕਰਵਾਉਣ ਲਈ।ਪਰ ਨਾਲ ਹੀ ਇੱਕ ਸ਼ਰਤ ਵੀ ਉਸ ਨੂੰ ਯਾਦ ਆ ਗਈ ਜੋ ਸਰਪੰਚ ਨੇ ਬਾਪੂ ਅੱਗੇ ਰੱਖੀ ਸੀ ਅਤੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰ ਸਾਰੀ ਜਿੰਦਗੀ ਉਸ (ਸਰਪੰਚ) ਦੇ ਘਰ ਗੁਲਾਮ ਬਣ ਕੇ ਰਹਿਣਗੇ।ਉਜਾਗਰ ਦੇ ਮਰ ਜਾਣ ਤੋਂ ਬਾਅਦ ਕਰਤਾਰਾ ਉਸ ਦੇ ਘਰ ਸੀਰੀ ਸੀ ਮਾਂ ਵੀ ਘਰ ਦਾ ਸਾਰਾ ਭਾਂਡਾ ਠੀਕਰ, ਗੋਹਾ ਕੂੜਾ ਚੁੱਕਦੀ ਬੁੱਢੀ ਹੋ ਗਈ ਸੀ ਅਤੇ ਮੰਜੇ ਉਤੇ ਬੈਠ ਗਈ।ਕੱਲਾ ਹੋਣ ਕਾਰਨ ਉਹ ਆਪਣੀ ਬੁੱਢੀ ਮਾਂ ਨੂੰ ਕਿਤੇ ਲਿਜਾਣ ਜੋਗਾ ਵੀ ਨਹੀਂ ਸੀ ਨਾ ਹੀ ਉਸ ਕੋਲ ਕੋਈ ਛੱਤ ਸੀ ਬਸ ਸਰਪੰਚ ਦਾ ਘਰ ਸੀ ਇੱਕ ਤੂੜੀ ਵਾਲੇ ਕੋਠੇ ਨਾਲ ਢੱਠੇ ਜਿਹੇ ਚੋਂਦੇ ਕਮਰੇ ਵਿੱਚ ਦੋਵੇਂ ਜਾਣੇ ਰਹਿੰਦੇ ਸਨ।ਕਦੇ ਮੀਂਹ ਹਨੇਰੀ ਆਉਂਦੀ ਤਾਂ ਉਹ ਹੀ ਜਿੰਦਗੀ ਦੇ ਮਾੜੇ ਤੋਂ ਮਾੜੇ ਸਮੇਂ ਦਾ ਅਹਿਸਾਸ ਕਰਵਾ ਦਿੰਦੀ
ਅੱਜ ਤੋਂ ਕੋਈ ਦਿਨ ਪਹਿਲਾਂ ਜਦੋਂ ਕਰਤਾਰੇ ਦੀ ਮਾਂ ਨੂੰ ਅਚਾਨਕ ਦੌਰਾ ਪੈ ਗਿਆ ਸੀ ਤਾਂ ਉਸ ਨੇ ਜਿਵੇਂ ਕਿਵੇਂ ਹਸਪਤਾਲ ਲੈ ਕੇ ਜਾਣ ਲਈ ਸਰਪੰਚ ਦੀਆਂ ਬਹੁਤ ਮਿੰਨਤਾਂ ਕੀਤੀਆਂ ਹਸਪਤਾਲ ਤਾਂ ਕਿਵੇਂ ਨਾ ਕਿਵੇਂ ਲੈ ਗਿਆ ਪਰ ਮਾਂ ਦੇ ਆਪ੍ਰੇਸ਼ਨ ਲਈ ਉਸ ਨੂੰ ਪੈਸੇ ਚਾਹੀਦੇ ਸਨ।ਰੁਪਏ ਵੀ ਕਿਹੜਾ ਘੱਟ ਸਨ: ਪੂਰੇ ਡੇਢ ਲੱਖ ਪਰ ਉਹ ਆਪਣੀ ਮਾਂ ਦਾ ਇਲਾਜ ਨਾ ਕਰਵਾ ਸਕਿਆ” ਉਹ ਇਹ ਤੋਂ ਤੂੰ ਹੁਣ ਕੀ ਕਰਾਉਣਾ? ਹੁਣ ਤਾਂ ਇਹਨੂੰ ਮੁਕਤੀ ਦੇ ਦੇ ਦੁਨੀਆਂ ਤੋਂ! ਨਾਲੇ ਇਹ ਤੋਂ ਕਿਹੜਾ ਬੋਲੀਆਂ ਪਵਾਉਣੀਆਂ ਨੇ ਤੂੰ?
ਕਰਤਾਰੇ ਨੇ ਆਪਣੇ ਬਾਪੂ ਵਾਂਗ ਅੱਜ ਵੀ ਉਸੇ ਤਰ੍ਹਾਂ ਮਿੰਨਤਾਂ ਕੀਤੀਆਂ, ਜਿਸ ਤਰ੍ਹਾਂ ਵੀਹ ਸਾਲ ਪਹਿਲਾਂ ਉਹਦੇ ਬਾਪੂ ਨੇ ਰੋਂਦੇ ਕਰਲਾਉਂਦੇ ਮਦਦ ਮੰਗੀ ਸੀ, ਪਰ ਅੱਜ ਉਹ ਹਾਰ ਗਿਆ ਸੀ ।
ਸਕੂਲ ਵਿੱਚ ਬੈਠਾ ਕਰਤਾਰਾ ਸੋਚ ਰਿਹਾ ਸੀ ਕਿ “ਆਜ਼ਾਦੀ ਸਚਮੁੱਚ ਸਾਨੂੰ ਵੀ ਪ੍ਰਾਪਤ ਹੋਈ ਹੈ! ਕੀ ਅਸੀਂ ਵੀ ਆਜ਼ਾਦ ਹਾਂ? ਸੋਚ ਪੱਖੋਂ !ਪੇਸ਼ੇ ਪੱਖੋਂ! ਇੱਜ਼ਤ ਪੱਖੋਂ! ਨਹੀਂ ਨਹੀਂ! ਅਸੀਂ ਤਾਂ ਅੱਜ ਵੀ ਉਵੇਂ ਹੀ ਗੁਲਾਮ ਹਾਂ ਜਿੱਦਾਂ ਸਾਡੇ ਬਜ਼ੁਰਗ ਸਨ।ਉਨ੍ਹਾਂ ਨੇ ਆਪਣੀ ਆਜ਼ਾਦੀ ਲਈ ਬਹੁਤ ਸੰਘਰਸ਼ ਕੀਤਾ ਪਰ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਉਹ ਤੋੜ ਨਾ ਸਕੇ ਇਹ ਆਜ਼ਾਦੀ ਤਾਂ ਵੱਡੇ ਲੋਕਾਂ ਲਈ ਹੁੰਦੀ ਹੈ ਗ਼ਰੀਬਾਂ ਨੂੰ ਕਾਹਦੀ ਆਜ਼ਾਦੀ!ਸਿਰਫ਼ ਨਾਮ ਦੀ!” ਸਰਪੰਚ ਅਜੇ ਵੀ ਆਜ਼ਾਦੀ ਦੇ ਗੁਣਗਾਣ ਗਾ ਰਿਹਾ ਸੀ ਅਤੇ ਕਰਤਾਰੇ ਨੂੰ ਉਹਦੇ ਬੋਲ ਜ਼ਹਿਰ ਵਾਂਗ ਚੜ੍ਹਦੇ ਜਾ ਰਹੇ ਸਨ ।
ਇੰਦਰਜੀਤ ਸਿੰਘ “ਅਖਾੜਾ”
ਪਿੰਡ ਅਤੇ ਡਾਕਖ਼ਾਨਾ ਅਖਾੜਾ
ਜਿਲਾ ਲੁਧਿਆਣਾ।
ਮੋ – 9646647728