Saturday, July 5, 2025
Breaking News

ਜੋਤੀ ਜੋਤਿ ਸਮਾਉਣ ਦੇ ਸਮਾਗਮ ਮੌਕੇ ਵੱਡੀ ਤਾਦਾਦ ਵਿੱਚ ਲਾਈ ਸੰਗਤਾਂ ਨੇ ਹਾਜ਼ਰੀ

PPN22091405

PPN22091406ਨਵੀਂ ਦਿੱਲੀ, 22 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ, ਕਵੀ ਅਤੇ ਸੰਤ ਮਹਾਪੁਰਸ਼ਾਂ ਨੇ ਗੁਰਬਾਣੀ ਨੂੰ ਮੁੱਖ ਰੱਖਕੇ ਸੰਗਤਾਂ ਨੂੰ ਗੁਰਮਤਿ ਦੇ ਰਾਹ ‘ਤੇ ਚਲਣ ਲਈ ਪ੍ਰੇਰਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਥਕ ਵਿਚਾਰਾਂ ਦੌਰਾਨ ਗੈਰ ਸਿਆਸੀ ਤਕਰੀਰ ਕਰਦੇ ਹੋਏ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਉਪਦੇਸ਼ਾਂ ਬਾਰੇ ਜਾਣੂੰ ਕਰਾਉਂਦੇ ਹੋਏ ਦਿੱਲੀ ਕਮੇਟੀ ਵੱਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦਾ ਵੀ ਵੇਰਵਾ ਦਿੱਤਾ। ਗੁਰੂ ਸਾਹਿਬ ਵੱਲੋਂ ਊਚ ਨੀਚ, ਜਾਤ-ਪਾਤ ਅਤੇ ਅਮੀਰੀ ਗਰੀਬੀ ਨੂੰ ਪਰੇ ਰੱਖਦੇ ਹੋਏ ਸਮੁੱਚੀ ਮਾਨਵਤਾ ਵਾਸਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਮੁੱਖ ਰੱਖਕੇ ਦਿੱਤੀਆਂ ਗਈਆਂ ਸਿੱਖਿਆਵਾਂ ‘ਤੇ ਚੱਲਣ ਦੀ ਸੰਗਤਾਂ ਨੂੰ ਜੀ.ਕੇ. ਨੇ ਬੇਨਤੀ ਕੀਤੀ। ਗੁਰੂ ਸਾਹਿਬ ਵੱਲੋਂ ਕਰਮਾਂ ਨੂੰ ਮੁੱਖ ਰੱਖਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਸੱਚ ਦਾ ਕਸਵੱਟੀ ‘ਤੇ ਫੈਸਲਾ ਹੋਣ ਦਾ ਬਾਣੀ ਰਾਹੀਂ ਪ੍ਰਮਾਣ ਦਿੰਦੇ ਹੋਏ ਦਾਅਵਾ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ ਲਗਭਗ 520 ਸਾਲ ਪਹਿਲਾਂ ਉਹ ਸਾਰੀਆਂ ਗੱਲਾਂ ਬਾਣੀ ਵਿੱਚ ਦਰਜ ਕਰ ਦਿੱਤੀਆਂ ਜਿਸ ਨੂੰ ਅੱਜ ਦਾ ਵਿਗਿਆਨ ਵੱਖ-ਵੱਖ ਖੋਜਾਂ ਕਰਨ ਤੋਂ ਬਾਅਦ ਸਹੀ ਦਸ ਰਿਹਾ ਹੈ।
ਗੁਰੂ ਸਾਹਿਬ ਵੱਲੋਂ 20 ਰੁਪਏ ਨਾਲ ਲੰਗਰ ਦੀ ਪ੍ਰਥਾ ਚਾਲੂ ਕਰਨ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਜੰਮੂ ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਵਾਸਤੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਬਿਨ੍ਹਾਂ ਕਿਸੇ ਜਾਤੀ ਵਿਤਕਰੇ ਦੇ ਸ੍ਰੀ ਨਗਰ ਵਿਖੇ ਚਲਾਏ ਜਾ ਰਹੇ ਲੰਗਰ ਦਾ ਵੀ ਹਵਾਲਾ ਦਿੱਤਾ। ਬਿਨ੍ਹਾਂ ਵੀਜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਵੀ ਜਾਣਕਾਰੀ ਉਨ੍ਹਾਂ ਨੇ ਸੰਗਤਾਂ ਨੂੰ ਦਿੱਤੀ। ਆਪਣੇ ਦੋ ਪੁੱਤਰਾਂ ਦੇ ਹੋਣ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਵੱਲੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾਗੱਦੀ ਸੌਂਪਣ ਦੇ ਫੈਸਲੇ ਨੂੰ ਗੁਰੂ ਸਾਹਿਬ ਵੱਲੋਂ ਪਰਿਵਾਰ ਤੋਂ ਵੱਧ ਸੇਵਾ ਨੂੰ ਮੁੱਖ ਰੱਖਣ ਦੇ ਸਿਧਾਂਤ ‘ਤੇ ਪਹਿਰਾ ਦੇਣ ਦੀ ਜੀ.ਕੇ. ਨੇ ਗੱਲ ਕਹੀ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਤਜਵੀਜ ਸ਼ੁਦਾ ਸ੍ਰੀ ਗੁਰੂ ਗ+ੰਥ ਸਾਹਿਬ ਰਿਸਰਚ ਸੈਂਟਰ ਲਈ ਸੰਗਤਾਂ ਨੂੰ ਜੀ.ਕੇ. ਨੇ ਪੁਰਾਤਨ ਸ੍ਰੀ ਗੁਰੂ ਗ+ੰਥ ਸਾਹਿਬ ਦੇ ਪਾਵਨ ਸਰੂਪ ਅਤੇ ਇਤਿਹਾਸਕ ਦਸਤਾਵੇਜ਼ ਕਮੇਟੀ ਕੋਲ ਪਹੁੰਚਾਉਣ ਦੀ ਵੀ ਅਪੀਲ ਕੀਤੀ ਤਾਂਕਿ ਖੋਜ ਕਰਨ ਵਾਲਿਆਂ ਨੂੰ ਸਿੱਖ ਧਰਮ ਬਾਰੇ ਸੁਚੱਜੀ ਤੇ ਪ੍ਰਮਾਣਿਕ ਜਾਣਕਾਰੀ ਇੱਕ ਛੱਤ ਥੱਲੇ ਮਿਲ ਸਕੇ।
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੀਤੇ ਦਿਨੀਂ ਹੋਈ ਬਾਣੀਆਂ ਦੀ ਵਿਆਖਿਆ ਦੀ ਸੀਡੀ ‘ਗੁਰਮਤਿ ਸਮਾਗਮ’ ਵੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਜਾਰੀ ਕੀਤੀ ਗਈ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ ਨੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਦੇ ਲੰਗਰ ਹਾਲ ਦੇ ਉਪਰ ਵਾਲਾ ਹਾਲ ਛੇਤੀ ਹੀ ਸੰਗਤਾਂ ਨੂੰ ਘਰੇਲੂ ਤੇ ਸਮਾਜਿਕ ਸਮਾਗਮਾਂ ਲਈ ਉਪਲੱਬਧ ਹੋਣ ਦੀ ਵੀ ਜਾਣਕਾਰੀ ਦਿੱਤੀ। ਜੂਨੀਅਰ ਮੀਤ ਪ੍ਰਧਾਨ ਤਨਵੰਤ ਸਿੰਘ, ਕਮੇਟੀ ਮੈਂਬਰ ਜਥੇਦਾਰ ਉਂਕਾਰ ਸਿੰਘ ਥਾਪਰ, ਪਰਮਜੀਤ ਸਿੰਘ ਚੰਢੋਕ, ਹਰਵਿੰਦਰ ਸਿੰਘ ਕੇ.ਪੀ., ਸਤਪਾਲ ਸਿੰਘ, ਜਸਬੀਰ ਸਿੰਘ ਜੱਸੀ, ਗੁਰਦੇਵ ਸਿੰਘ ਭੋਲਾ, ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਜੀਤ ਸਿੰਘ ਖੋਖਰ, ਸਮਰਦੀਪ ਸਿੰਘ ਸੰਨੀ, ਰਵੇਲ ਸਿੰਘ, ਕੁਲਵੰਤ ਸਿੰਘ ਬਾਠ ਅਤੇ ਬੀਬੀ ਧੀਰਜ ਕੌਰ ਵੀ ਇਸ ਮੌਕੇ ਮੌਜ਼ੂਦ ਸਨ। ਸਟੇਜ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ, ਕਨਵੀਨਰ ਤਜਿੰਦਰ ਸਿੰਘ ਸੋਨੀ ਅਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਕੈਪਟਨ ਇੰਦਰਪ੍ਰੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply