ਭੀਖੀ, 19 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਵਾਰਾ ਪਸ਼ੂਆਂ ਅਤੇ ਬਾਂਦਰਾਂ ਨੇ ਭੀਖੀ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।ਉਹ ਪਿਛਲੇ ਲੰਬੇ ਸਮੇਂ ਤੋਂ ਖੌਫਜ਼ਦਾ ਜ਼ਿੰਦਗੀ ਜੀਅ ਰਹੇ ਹਨ।ਨਗਰ ਦੇ ਸੂਝਵਾਨ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਦੁੱਖੀ ਹੋਏ ਕਿਸਾਨਾਂ ਨੇ ਆਵਾਰਾ ਪਸ਼ੂਆਂ ਨੂੰ ਇਕੱਤਰ ਕਰ ਕੇ ਲਗਭਗ 5 ਜਾਂ 6 ਮਹੀਨੇ ਦੇ ਕਰੀਬ ਅਨਾਜ ਮੰਡੀ ਵਿੱਚ ਰੱਖਿਆ ਸੀ।ਜਿਸ ਦੌਰਾਨ ਕਈ ਪਸ਼ੂਆਂ ਦੀ ਮੌਤ ਵੀ ਹੋ ਗਈ ਸੀ।ਉਸ ਸਮੇਂ ਅਫਸਰਾਂ ਅਤੇ ਲੀਡਰਾਂ ਨੇ ਲੋਕਾਂ ਨਾਲ ਇਹ ਸਮੱਸਿਆ ਹੱਲ ਕਰਨ ਲਈ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ।ਪ੍ਰੰਤੂ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।ਆਵਾਰਾ ਪਸ਼ੂ ਕਸਬੇ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਗਲੀਆਂ ਵਿਚ ਘੁੰਮ ਰਹੇ ਹਨ।ਉਨਾਂ ਨੇ ਮਲ ਮੂਤਰ ਕਰ ਕੇ ਗਲੀਆਂ ਅਤੇ ਸੜਕਾਂ `ਤੇ ਗੰਦ ਪਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਬਠਿੰਡਾ-ਪਟਿਆਲਾ ਮੁੱਖ ਸੜਕ `ਤੇ ਅਨਾਜ ਮੰਡੀ ਕੋਲ ਦਿਨ ਰਾਤ ਝੁੰਡਾਂ ਦੇ ਰੂਪ `ਚ ਪਸ਼ੂ ਬੈਠੇ ਰਹਿੰਦੇ ਹਨ।ਧੁੰਦ ਅਤੇ ਵਾਹਣਾਂ ਦੀਆਂ ਲਾਈਟਾਂ ਪੈਣ ਕਰ ਕੇ ਰਾਤ ਸਮੇਂ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ।ਇਸ ਤੋਂ ਇਲਾਵਾ ਕਣਕ ਦੀ ਫ਼ਸਲ `ਚ ਰਾਤ ਸਮੇਂ ਜਾ ਕੇ ਉਜਾੜਾ ਕਰ ਰਹੇ ਹਨ।ਕਿਸਾਨਾਂ ਨੂੰ ਪੋਹ ਮਾਘ ਦੀਆਂ ਠੰਢੀਆਂ ਰਾਤਾਂ `ਚ ਕਸਬੇ ਦੀਆਂ ਵੱਖ-ਵੱਖ ਥਾਵਾਂ `ਤੇ ਨਾਕੇ ਲਗਾ ਕੇ ਫ਼ਸਲਾਂ ਦੀ ਰਾਖੀ ਕਰਨੀ ਪੈ ਰਹੀ ਹੈ।ਮਹਿੰਗੇ ਭਾਅ ਦੀ ਕੰਡਿਆਲੀ ਤਾਰ ਲਗਾਉਣ ਦੇ ਬਾਵਜੂਦ ਪਸ਼ੂ ਖੇਤਾਂ `ਚ ਜਾ ਵੜਦੇ ਹਨ। ਕਿਸਾਨਾਂ ਦੀ ਸਾਰੀ-ਸਾਰੀ ਰਾਤ ਇਨ੍ਹਾਂ ਪਸ਼ੂਆਂ ਮਗਰ ਫਿਰਦਿਆਂ ਦੀ ਲੰਘ ਜਾਂਦੀ ਹੈ।ਸੂਬਾ ਸਰਕਾਰ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਿਚ ਬਿਲਕੁੱਲ ਨਾਕਾਮ ਸਾਬਤ ਹੋ ਰਹੀ ਹੈ।
ਇਸੇ ਤਰਾਂ ਅਵਾਰਾ ਬਾਂਦਰਾਂ ਨੇ ਵੀ ਕਸਬਾ ਵਾਸੀਆਂ ਨੂੰ ਤੰਗ ਕੀਤਾ ਹੋਇਆ ਹੈ।ਪਿਛਲੇ ਦਿਨਾਂ ਦੌਰਾਨ ਦੋ ਬਾਂਦਰਾਂ ਵਲੋਂ ਵਾਰਡ ਨੰਬਰ 1 ਦੀ ਬੈਂਕ ਵਾਲੀ ਗਲੀ ਵਿਚ ਇਕ ਔਰਤ ਉਪਰ ਹਮਲਾ ਕਰ ਦਿੱਤਾ ਗਿਆ।ਔਰਤ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।ਡਰ ਦੇ ਕਾਰਨ ਕਈ ਕਸਬਾ ਵਾਸੀਆਂ ਨੇ ਸਵੇਰ ਦੀ ਸੈਰ ਵੀ ਬੰਦ ਕਰ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …