ਇਕ ਮਹਾਰਾਜਾ, ਦੋ ਜਨਮ ਦਿਹਾੜੇ, ਦੋ ਜਨਮ ਸਥਾਨ ਤੇ ਦੋ ਬਰਸੀਆਂ

ਮਹਾਰਾਜਾ ਦਾ ਰੋਜ਼ਨਾਮਚਾ ਲਿਖਣ ਵਾਲੇ ਲੇਖਕ ਅਤੇ ਕਨ੍ਹਈਆ ਲਾਲ, ਭਾਈ ਕਾਨ੍ਹ ਸਿੰਘ ਨਾਭਾ ਅਤੇ 100 ਹੋਰਨਾਂ ਵਿਦਵਾਨਾਂ ਸਹਿਤ ‘ਪ੍ਰੋਫ਼ੈਸਰ ਆਫ਼ ਸਿੱਖਿਇਜ਼ਮ’ ਦੀ ਉਪਾਧੀ ਪ੍ਰਾਪਤ ਡਾ. ਕ੍ਰਿਪਾਲ ਸਿੰਘ ਵੀ ਦੇ ਚੁਕੇ ਹਨ 2 ਨਵੰਬਰ ਨੂੰ ਸ਼ੇਰੇ-ਪੰਜਾਬ ਦੇ ਜਨਮ ਦਿਹਾੜੇ ਵਜੋਂ ਮਾਨਤਾ

ਸਪੈਸ਼ਲ ਰਿਪੋਰਟ
ਸੁਰਿੰਦਰ ਕੋਛੜ ਇਤਿਹਾਸਕਾਰ
ਸਰਕਾਰੀ ਸਰਪ੍ਰਸਤੀ ਹੇਠ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਵਿਰਾਸਤੀ ਸਮਾਰਕਾਂ ਨਾਲ ਹੀ ਛਲ ਤੇ ਫਰੇਬ ਨਹੀਂ ਕੀਤਾ ਜਾ ਰਿਹਾ, ਬਲਕਿ ਮਹਾਰਾਜੇ ਨਾਲ ਸੰਬੰਧਿਤ ਇਤਿਹਾਸ ਨੂੰ ਵੀ ਵੱਡੇ ਪੱਧਰ ‘ਤੇ ਤਾਰ-ਤਾਰ ਕੀਤਾ ਜਾ ਰਿਹਾ ਹੈ।ਅੱਜ ਦੁਪਿਹਰ ਮਹਾਰਾਜਾ ਰਣਜੀਤ ਸਿੰਘ ਦੇ 234ਵੇਂ ਜਨਮ ਦਿਹਾੜੇ ਦੇ ਸੰਬੰਧ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਉਪਰੋਕਤ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਵਾਨਾਂ ਤੇ ਲੇਖਕਾਂ ਵਿਚ ਇਹ ਬਹਿਸ ਬਣੀ ਰਹੀ ਹੈ ਕਿ ਮਹਾਰਾਜੇ ਦਾ ਜਨਮ 2 ਨਵੰਬਰ 1780 ਨੂੰ ਗੁਜ਼ਰਾਂਵਾਲਾ ਵਿੱਚ ਹੋਇਆ ਜਾਂ 13 ਨਵੰਬਰ 1776 ਨੂੰ ਬਡਰੁੱਖਾਂ ਵਿਚ।ਉਨ੍ਹਾਂ ਕਿਹਾ ਕਿ ਕੁਝ ਲੇਖਕਾਂ ਨੇ ਮਹਾਰਾਜੇ ਦੀ ਜਨਮ ਤਾਰੀਕ 2 ਨਵੰਬਰ 1776 ਵੀ ਲਿਖੀ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਅਤੇ ਸਿੱਖ ਦਰਬਾਰ ਦਾ ਰੋਜ਼ਨਾਮਚਾ ਲਿਖਣ ਵਾਲੇ ਲੇਖਕਾਂ ਅਤੇ 100 ਤੋਂ ਵਧੇਰੇ ਵਿਦਵਾਨਾਂ ਸਹਿਤ ‘ਮਹਾਨ ਕੋਸ਼’ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ‘ਤਵਾਰਿਖ-ਏ-ਪੰਜਾਬ’ ਦੇ ਲੇਖਕ ਕਨ੍ਹਈਆ ਲਾਲ ਮਹਾਰਾਜੇ ਦੇ ਜਨਮ ਦਿਹਾੜੇ ਵਜੋਂ 2 ਨਵੰਬਰ ਨੂੰ ਮਾਨਤਾ ਦੇ ਚੁਕੇ ਹਨ ਅਤੇ ਹੁਣ ਪ੍ਰੋਫੈਸਰ ਆਫ਼ ਸਿੱਖਿਇਜ਼ਮ ਦੀ ਉਪਾਧੀ ਪ੍ਰਾਪਤ ਡਾ. ਕ੍ਰਿਪਾਲ ਸਿੰਘ ਵੀ ਪੂਰੇ ਦਾਅਵੇ ਨਾਲ ਮਹਾਰਾਜੇ ਦਾ ਜਨਮ 2 ਨਵੰਬਰ ਨੂੰ ਗੁਜ਼ਰਾਂਵਾਲਾ ਵਿੱਚ ਹੋਣਾ ਸਵਿਕਾਰ ਕਰ ਚੁਕੇ ਹਨ।
ਸ਼੍ਰੀ ਕੋਛੜ ਦੇ ਅਨੁਸਾਰ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਵਿਚ ਦਰਜ਼ ਹੈ ਕਿ ਮਹਾਰਾਜੇ ਦਾ ਜਨਮ ਰਾਜਾ ਜਿੰਦ ਸz. ਗਜ਼ਪਤ ਸਿੰਘ ਦੀ ਲੜਕੀ ਰਾਜ ਕੌਰ ਦੀ ਕੁਖੋਂ ਸz. ਮਹਾਂ ਸਿੰਘ ਸ਼ੁਕਰਚੱਕੀਆ ਦੇ ਘਰ ਗੁਜ਼ਰਾਂਵਾਲਾ ਵਿੱਚ ਦੂਜੀ ਸੰਗਰਾਂਦ ਤਾਰੀਖ਼ ਵਦੀ ਸੰਮਤ 1837 ਭਾਵ 2 ਨਵੰਬਰ 1780 ਨੂੰ 19 ਘੜੀ ਵੇਲੇ 13 ਪਲ ਦਿਨ ਚੜ੍ਹੇ ਹੋਇਆ।ਉਹਨਾਂ ਕਿਹਾ ਕਿ ਫੂਲਵੰਸ਼ ਦੇ ਬਜ਼ੂਰਗਾਂ ਦਾ ਦਾਵਾ ਰਿਹਾ ਹੈ ਕਿ ਮਹਾਰਾਜੇ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਡਰੁੱਖਾਂ ਵਿਚ ਹੋਇਆ ਸੀ ਅਤੇ ਉਹ ਇਹ ਦਾਵਾ ਉਸ ਸਮੇਂ ਦੀ ਉਸ ਰਵਾਇਤ ਨੂੰ ਆਧਾਰ ਬਣਾ ਕੇ ਕਰਦੇ ਰਹੇ ਹਨ, ਜਿਸ ਅਨੁਸਾਰ ਘਰ ਦੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੁੰਦਾ ਸੀ।ਉਹਨਾਂ ਕਿਹਾ ਕਿ ਇਤਿਹਾਸਕਾਰਾਂ ਦੇ ਇਸ ਸੰਬੰਧੀ ਇਕ ਮੱਤ ਨਾ ਹੋਣ ਕਰਕੇ ਗੁਜ਼ਰਾਂਵਾਲਾ ਤੇ ਬਡਰੁੱਖਾਂ ਦੋਵਾਂ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਲਿੱਖਣ ਦੇ ਨਾਲ-ਨਾਲ ਪਿੱਛਲੇ ਕੁਝ ਵਰ ਵਰਿੇਆਂ ਤੋਂ 2 ਤੇ 13 ਨੂੰ ਨਵੰਬਰ ਨੂੰ ਮਹਾਰਾਜੇ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮਹਾਰਾਜਾ ਦੀ ਬਰਸੀ ਵੀ ਪਿੱਛਲੇ ਕੁਝ ਵਰ੍ਹਿਆਂ ਤੋਂ ਅਸਲ ਦਿਨ ਭਾਵ 27 ਜੂਨ ਦੀ ਬਜਾਇ 29 ਜੂਨ ਨੂੰ ਮਨਾਈ ਜਾ ਰਹੀ ਹੈ।
ਸ਼੍ਰੀ ਕੋਛੜ ਨੇ ਕਿਹਾ ਕਿ ਅਫ਼ਸੋਸ ਵਾਲੀ ਗਲ ਇਹ ਹੈ ਕਿ ਮੌਜੂਦਾ ਸਮੇਂ ਨਾ ਤਾਂ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿਚ ਸਥਿਤ ਉਹ ਹਵੇਲੀ ਹੀ ਸੁਰਖਿਅਤ ਹੈ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਣਾ ਮੰਨਿਆ ਜਾਂਦਾ ਹੈ, ਅਤੇ ਨਾ ਹੀ ਬਡਰੁੱਖਾਂ ਦਾ ਉਹ ਕਿਲ੍ਹਾ ਜਿੱਥੇ ਫੂਲਵੰਸ਼ ਦੇ ਵਡੇਰੇ ਮਹਾਰਾਜਾ ਦਾ ਜਨਮ ਹੋਇਆ ਮੰਨਦੇ ਹਨ।ਸ਼੍ਰੀ ਕੋਛੜ ਨੇ ਕਿਹਾ ਕਿ ਗੁਜਰਾਂਵਾਲਾ ਦੀ ਹਵੇਲੀ ਦੇ ਇਕ ਕਮਰੇ ਦੇ ਬਾਹਰ ਮੱਥੇ ‘ਤੇ ਇਕ ਪੱਥਰ ਦੀ ਸਿਲ੍ਹ ਲੱਗੀ ਹੋਈ ਹੈ, ਜਿਸ ਉੱਪਰ ਅੰਗਰੇਜ਼ੀ ਤੇ ਉਰਦੂ ਵਿਚ ਉਕਰਿਆ ਹੋਇਆ ਹੈ- ‘ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780’।ਉਹਨਾਂ ਕਿਹਾ ਕਿ ਸੰਨ 1891 ਵਿੱਚ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਡੀ.ਸੀ.ਜੇ. ਉਬਸਟਨ ਨੇ ਗੁਜਰਾਂਵਾਲਾ ਦੇ ਨਾਮੀ ਸਰਦਾਰਾਂ ਦੀ ਨਿਸ਼ਾਨਦੇਹੀ ‘ਤੇ ਵਿਸ਼ੇਸ਼ ਤੌਰ ‘ਤੇ ਉਸ ਕਮਰੇ ਦੇ ਬਾਹਰ ਇਹ ਪੱਥਰ ਦੀ ਸਿਲ੍ਹ ਲਗਵਾਈ ਸੀ, ਜਿਥੇ ਰਣਜੀਤ ਸਿੰਘ ਦਾ ਜਨਮ ਹੋਇਆ ਸੀ।
Punjab Post Daily Online Newspaper & Print Media