ਅੰਮ੍ਰਿਤਸਰ 3 ਨਵੰਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਦਿਨਾ ਵਾਤਾਵਰਣ ਤੇ ਜੰਗਲੀ ਜੀਵ ਵਿਸ਼ੇ ‘ਤੇ ਫਿਲਮ ਫੈਸਟੀਵਲ ਦਾ ਉਦਘਾਟਨ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਫੈਸਟੀਵਲ ਦਾ ਆਯੋਜਨ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਅੰਮ੍ਰਿਤਸਰ ਸੀ.ਐਮ.ਐਸ. ਵਾਤਾਵਰਣ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਂਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਫੈਸਟੀਵਲ ਦੌਰਾਨ ਵਾਤਾਵਰਣ ਤੇ ਜੰਗਲੀ-ਜੀਵਨ ਵਿਸ਼ੇ ‘ਤੇ ਫਿਲਮਾਂ ਤੋਂ ਇਲਾਵਾ ਹੋਰ ਪ੍ਰੋਗਰਾਮ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਅਦਾਰਿਆਂ ਵਿਚ ਕਰਵਾਏ ਜਾਣਗੇ। ਇਹ ਫੈਸਟੀਵਲ 5 ਨਵੰਬਰ ਨੂੰ ਸੰਪੰਨ ਹੋਵੇਗਾ।
ਸਥਾਨਕ ਸਰਕਾਰਾਂ, ਮੈਡੀਕਲ ਸਿਖਿਆ ਅਤੇ ਖੋਜ ਮੰਤਰੀ, ਸ੍ਰੀ. ਅਨਿਲ ਜੋਸ਼ੀ ਨੇ ਇਸ ਫੈਸਟੀਵਲ ਦਾ ਵਿਧੀਵਤ ਉਦਘਾਟਨ ਕੀਤਾ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਅੰਮ੍ਰਿਤਸਰ ਸ਼ਹਿਰ ਦੇ ਮੇਅਰ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਂਇੰਸ ਐਂਡ ਟੈਕਨਾਲੋਜੀ ਦੇ ਵਾਤਾਵਰਣ ਦੇ ਐਡੀਸ਼ਨਲ ਡਾਇਰੈਕਟਰ, ਡਾ. ਸਤਨਾਮ ਸਿੰਘ ਲੱਧੜ ਇਸ ਮੌਕੇ ਵਿਸ਼ੇਸ਼ ਮਹਿਮਾਨ। ਸੀ.ਐਮ.ਐਸ., ਨਵੀਂ ਦਿੱਲੀ ਦੇ ਚੇਅਰਮੈਨ, ਡਾ. ਐਨ. ਭਾਸਕਰਾ ਰਾਓ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਜਦੋਂਕਿ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸ੍ਰੀ ਜੋਸ਼ੀ ਨੇ ਕਿਹਾ ਕਿ ਕੁਦਰਤ ਨਾਲ ਖਿਲਵਾੜ ਬੰਦ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਜੋਕਾ ਮਾਹੌਲ ਅਤੇ ਅਸੀਂ ਖੁਦ ਵਾਤਾਵਰਣ ਦੇ ਨਿਘਾਰ ਲਈ ਜ਼ਿੰਮੇਵਾਰ ਹਾਂ। ਉਨਾਂ੍ਹ ਕਿਹਾ ਕਿ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਪ੍ਰਤੀ ਸੰਜੀਦਾ ਸੋਚ ਅਪਨਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਜਨਤਾ ਵਿਚ ਵਾਤਾਵਰਣ ਸਾਂਭ-ਸੰਭਾਲ ਅਤੇ ਜੰਗਲੀ ਜੀਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਪੱਧਰ ਦੀਆਂ ਮੁਹਿੰਮਾਂ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਇਸ ਫੈਸਟੀਵਲ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਸ ਫੈਸਟੀਵਲ ਨੌਜੁਆਨਾਂ ਵਿਚ ਡੂੰਘਾ ਅਸਰ ਪਵੇਗਾ ਅਤੇ ਉਹ ਵਾਤਾਵਰਣ ਪ੍ਰਤੀ ਜਾਗਰਿਤ ਹੋਣਗੇ ਅਤੇ ਇਸ ਧਰਤੀ ਨੂੰ ਹਰਾ ਭਰਾ ਬਨਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।
ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਡੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਤਾਵਰਣ ਸਬੰਧੀ ਆਪਣਾ ਯੋਗਦਾਨ ਪਾ ਰਹੀ ਹੈ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਬਹੁਤ ਸਾਰੇ ਸੈਮੀਨਾਰ ਅਤੇ ਸਿੰਪਜ਼ੀਅਮ ਕਰਵਾਏ ਜਾਂਦੇ ਹਨ।
ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅੰਜਲੀ ਨਈਅਰ ਵੱਲੋਂ ਨਿਰਦੇਸ਼ਤ ਫਿਲਮ ਜਲ ਖੇਤੀ ਤੋਂ ਕੀਤੀ ਗਈ। ਇਸ ਉਪਰੰਤ ਇਸ ਮੇਲੇ ਦੌਰਾਨ ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਡੀ.ਏ.ਵੀ. ਕਾਲਜ, ਜੀ.ਡੀ. ਗੋਂਇੰਕਾ ਪਬਲਿਕ ਸਕੂਲ, ਸਵਾਮੀ ਸਤਯਾ ਨੰਦ ਕਾਲਜ ਆਫ ਮੈਨੇਜਮੈਂਟ ਐਂਡ ਟੈਕਨਲਾੋਜੀ, ਹਿੰਦੂ ਕਾਲਜ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਤੇ ਕੇਂਦਰੀ ਜੇਲ੍ਹ ਵਿਖੇ ਵੱਖ-ਵੱਖ ਨਿਰਦੇਸ਼ਕਾਂ ਵੱਲੋਂ ਵਾਤਾਵਰਣ ਅਤੇ ਜੰਗਲੀ ਜੀਵਨ ‘ਤੇ ਆਧਾਰਿਤ ਫਿਲਮਾਂ ਦਿਖਾਈਆਂ ਜਾਣਗੀਆਂ ਤਾਂ ਜੋ ਨੌਜੁਆਨ ਪੀੜ੍ਹੀ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …