ਨਵੀਂ ਦਿੱਲੀ, 3 ਨਵੰਬਰ (ਅੰੀਮ੍ਰਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ ’84 ਦੇ ਸਿੱਖ ਕਤਲੇਆਮ ਦੀ 30ਵੀਂ ਯਾਦ ਮੌਕੇ ਤੇ ਇਸ ਕਤਲੇਆਮ ਦੀ ਯਾਦਗਾਰ ਕਾਇਮ ਕੀਤੇ ਜਾਣ ਦੇ ਕੀਤੇ ਗਏ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਬੀਤੇ 30 ਵਰ੍ਹਿਆਂ ਤੋਂ ਜਿਥੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਲਈ ਜ਼ਿਮੇਂਦਾਰ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੇ ਜਾਣ ਅਤੇ ਪੀੜਤਾਂ ਦਾ ਸਨਮਾਨ-ਜਨਕ ਮੁੜ ਵਸੇਬਾ ਕੀਤੇ ਜਾਣ ਦੀਆਂ ਮੰਗਾਂ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ, ਉਥੇ ਹੀ ਇਹ ਮੰਗ ਵੀ ਜ਼ੋਰ-ਸ਼ੋਰ ਨਾਲ ਕੀਤੀ ਜਾਂਦੀ ਰਹੀ ਕਿ ਇਸ ਨਸਲਕੁਸ਼ੀ ਦੌਰਾਨ ਮਾਰੇ ਗਏ ਸਿੱਖਾਂ ਦੀ ਕੋਈ ਢੁਕਵੀਂ ਯਾਦਗਾਰ ਵੀ ਕਾਇਮ ਕੀਤੀ ਜਾਏ। ਉਨ੍ਹਾਂ ਕਿਹਾ ਕਿ ਨਵੰਬਰ ’84 ਵਿੱਚ ਹੋਈ ਸਿੱਖ ਨਸਲਕੁਸ਼ੀ ਦੀ 30ਵੀਂ ਸਾਲਾਨਾ ਯਾਦ ਮਨਾਉਂਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪਾਸੋਂ ਨਵੰਬਰ ’84 ਦੇ ਕਤਲੇਆਮ ਦੀ ਯਾਦਗਾਰ ਕਾਇਮ ਕਰਨ ਦੀ ਅਰੰਭਤਾ ਕਰਵਾਇਆ ਜਾਣਾ ਇੱਕ ਸ਼ਲਾਘਾਯੋਗ ਕਦਮ ਹੈ, ਜਿਸ ਦੇ ਲਈ ਗੁਰਦੁਆਰਾ ਕਮੇਟੀ ਦੇ ਮੁੱਖੀ ਪ੍ਰਸ਼ੰਸਾ ਦੇ ਪਾਤਰ ਹਨ।
ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂਆਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਆਦਿ ਸਹਿਤ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁਖੀਆਂ ਦੀ ਸਦਾ ਹੀ ਇਹ ਇੱਛਾ ਰਹੀ ਕਿ ਇਹ ਯਾਦਗਾਰ ਰਾਜਧਾਨੀ, ਦਿੱਲੀ ਦੀ ਕਿਸੇ ਢੁਕਵੀਂ ਥਾਂ ਤੇ ਕਾਇਮ ਕੀਤੀ ਜਾਏ। ਇਸਦੇ ਲਈ ਉਨ੍ਹਾਂ ਜ਼ਮੀਨ ਲੈਣ ਦੇ ਬਹੁਤ ਜਤਨ ਵੀ ਕੀਤੇ, ਪਰ ਉਹ ਸਫਲ ਨਾ ਹੋ ਸਕੇ। ਆਖਿਰ ਉਨ੍ਹਾਂ ਨੂੰ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਹੀ ਇਸ ਯਾਦਗਾਰ ਦੀ ਸਥਾਪਨਾ ਕੀਤੇ ਜਾਣ ਦਾ ਫੈਸਲਾ ਕਰਨ ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਦਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਸਪਸ਼ਟ ਕਰ ਚੁਕੇ ਹਨ ਕਿ ਇਹ ਯਾਦਗਾਰ ਕਿਸੇ ਦੇ ਵੀ ਵਿਰੁਧ ਨਹੀਂ, ਸਗੋਂ ਇਸ ਵਿਸ਼ਵਾਸ ਨਾਲ ਇਸਨੂੰ ਮਨੁਖਤਾ ਪ੍ਰਤੀ ਸਮਰਪਿਤ ਕੀਤਾ ਗਿਆ ਹੈ ਕਿ ਭਵਿਖ ਵਿੱਚ ਬੇਗੁਨਾਹ ਲੋਕਾਂ ਨੂੰ ਚੁਣ-ਚੁਣ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਵਾਲਾ ਨਵੰਬਰ ’84 ਵਰਗਾ ਸਾਕਾ ਮੁੜ ਕਦੀ ਵੀ ਨਾ ਵਾਪਰ ਸਕੇ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …