Wednesday, July 16, 2025
Breaking News

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਦਿੱਲੀ ਕਮੇਟੀ ਨੇ ਸਜਾਇਆ ਨਗਰ ਕੀਰਤਨ

PPN05111410
ਨਵੀਂ ਦਿੱਲੀ, 5 ਨਵੰਬਰ (ਅੰਮ੍ਰਿਤ ਲਾਲ ਮੰਨਣ) – ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਉ ਸਾਹਿਬ ਤੱਕ ਖਾਲਸਾਈ ਸ਼ਾਨੋ ਸ਼ੋਕਤ ਨਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਸਕੂਲੀ ਬੱਚਿਆਂ, ਬੈਂਡ, ਗਤਕਾ ਦਲ ਅਤੇ ਕੀਰਤਨੀ ਜੱਥਿਆਂ ਨਾਲ ਗੁਰਮਤਿ ਦੀ ਖੁਸ਼ਬੂ ਖਿਲਾਰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਨਾਨਕ ਪਿਆਉ ਸਾਹਿਬ ਪੁੱਜਾ।ਕਮੇਟੀ ਵੱਲੋਂ ਪਹਿਲੀ ਵਾਰ ਲੋਕਾਂ ਨੂੰ ਨਗਰ ਕੀਰਤਨ ਦੇ ਰੂਟ ‘ਤੇ ਸਾਫ ਸਫਾਈ ਕਾਇਮ ਰੱਖਣ ਦੀਆਂ ਕੀਤੀਆਂ ਗਈਆਂ ਅਪੀਲਾਂ ਦਾ ਅਸਰ ਜਿਥੇ ਸਕੂਲੀ ਬੱਚਿਆਂ ਤੱਕ ਨਜ਼ਰ ਆਇਆ, ਉਥੇ ਹੀ ਸੰਗਤਾਂ ਵੱਲੋਂ ਲੰਗਰ ਪ੍ਰਸ਼ਾਦਿ ਛੱਕਣ ਤੋਂ ਬਾਅਦ ਜੂਠੇ ਡੂਨੇ ਪੱਤਲਾਂ ਨੂੰ ਕੂੜੇਦਾਨ ਵਿੱਚ ਸੁੱਟਣ ਦੀ ਕੋਸ਼ਿਸ਼ਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਦੇ ਨਾਲ ਹੀ ਜਿੰਮੇਵਾਰ ਨਾਗਰਿਕ ਹੋਣ ਦਾ ਵੀ ਫਰਜ਼ ਨਿਭਾਇਆ। ਸੰਗਤਾਂ ਨੇ ਵਿਸ਼ੇਸ਼ ਤੌਰ ‘ਤੇ ਦਰਸ਼ਨ ਕਰਨ ਪੁੱਜੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਤਾਰ ਦੂਜੇ ਸਾਲ ਸਿਰੋਪਾਉ ਭੇਟ ਕਰਕੇ ਸਿਆਸੀ ਤਲਖਬਾਜ਼ੀ ਤੋਂ ਦੂਰ ਗੁਰਪੁਰਬਾਂ ‘ਤੇ ਇੱਕਜੁੱਟ ਹੋਣ ਦੀ ਕੋਸ਼ਿਸ਼ ਵੀ ਦਿਖਾਈ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਜੀ.ਕੇ ਨੇ ਜਿਥੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੌਰਾਨ ਦੇਸ਼ ਦੀ ਮਾੜੀ ਮਾਲੀ ਹਾਲਾਤ, ਵਹਿਮਾਂ ਭਰਮਾਂ ਵਿੱਚ ਫਸੀ ਜਨਤਾ ਤੇ ਊਚ ਨੀਚ ਦਾ ਵਿਤਕਰਾ ਦੂਰ ਕਰਨ ਲਈ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਉਥੇ ਹੀ ਸਮੂਹ ਸੰਗਤ ਨੂੰ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ। ਬਾਬਰ ਨੂੰ ਗੁਰੂ ਸਾਹਿਬ ਵੱਲੋਂ ਜਾਬਰ ਕਹਿਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਮੂਹ ਸੰੰਗਤਾਂ ਨੂੰ ਸੱਚ ਦੇ ਰਸਤੇ ਚਲਦੇ ਹੋਏ ਗੁਰਮਤਿ ਦੇ ਸਿਧਾਂਤਾਂ ‘ਤੇ ਪਹਿਰਾਂ ਦੇਣ ਦੀ ਅਪੀਲ ਵੀ ਕੀਤੀ। ਸੰਗਤਾਂ ਵੱਲੋਂ ਥਾਂ ਥਾਂ ‘ਤੇ ਸਜਾਵਟੀ ਗੇਟ ਅਤੇ ਲੰਗਰ ਲਗਾਕੇ ਨਗਰ ਕੀਰਤਨ ਨੂੰ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ, ਕਮੇਟੀ ਦੇ ਮੈਂਬਰ ਗੁਰਵਿੰਦਰਪਾਲ ਸਿੰਘ, ਦਰਸ਼ਨ ਸਿੰਘ, ਸਤਪਾਲ ਸਿੰਘ, ਜਸਬੀਰ ਸਿੰਘ ਜੱਸੀ, ਹਰਦੇਵ ਸਿੰਘ ਧਨੋਆ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਰਵੇਲ ਸਿੰਘ, ਗੁਰਦੇਵ ਸਿੰਘ ਭੋਲਾ, ਸਮਰਦੀਪ ਸਿੰਘ ਸੰਨੀ, ਅਮਰਜੀਤ ਸਿੰਘ ਪੱਪੂ, ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਹਰਵਿੰਦਰ ਸਿੰਘ ਕੇ.ਪੀ., ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਅਹੁਦੇਦਾਰ ਵਿਕਰਮ ਸਿੰਘ, ਪੁੰਨਪ੍ਰੀਤ ਸਿੰਘ ਸਣੇ ਸਮੂਹ ਪ੍ਰਬੰਧਕਾਂ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply