ਸੁਖਬੀਰ ਬਾਦਲ ਨੇ ਦਿੱਲੀ ਦਫ਼ਤਰ ਵਿਖੇ ਚੋਣਾਂ ਸੰਬਧੀ ਤਿਆਰੀਆਂ ਬਾਰੇ ਕੀਤੀ ਮੀਟਿੰਗ
ਨਵੀਂ ਦਿੱਲੀ, 12 ਜਨਵਰੀ (ਅੰਮ੍ਰਿਤ ਲਾਲ ਮੰਨਣ) – ਆਮ ਆਦਮੀ ਪਾਰਟੀ ਦੇ ਕਾਲਕਾ ਜੀ ਹਲਕੇ ਤੋਂ ਸੀਨੀਅਰ ਆਗੂ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ।ਪਾਰਟੀ ਦਫ਼ਤਰ ਵਿਖੇ ਚੋਣ ਤਿਆਰੀਆਂ ਸੰਬਧੀ ਮੀਟਿੰਗ ਵਿੱਚ ਭਾਗ ਲੈਣ ਆਏ ਬਾਦਲ ਨੇ ਗੋਬਿੰਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਆਮ ਆਦਮੀ ਪਾਰਟੀ ਦੀਆਂ ਵਿਖਾਵਾਂ ਭਰਪੂਰ ਨੀਤੀਆਂ ਕਰਕੇ ਪਾਰਟੀ ਵਿੱਚ ਦਮ ਘੁਟਣ ਦੀ ਗੱਲ ਕਰਦੇ ਹੋਏ ਗੋਬਿੰਦਪੁਰੀ ਨੇ ਪਾਰਟੀ ਛੱਡਣ ਦਾ ਇਸਨੂੰ ਵੱਡਾ ਕਾਰਣ ਵੀ ਦੱਸਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੌਰਾਨ ਕੀਤੇ ਜਾ ਰਹੇ ਪੰਥਕ ਕਾਰਜਾਂ ਤੇ ਵੀ ਉਨ੍ਹਾਂ ਤਸੱਲੀ ਪ੍ਰਗਟਾਈ।ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਆਪਣੇ ਹਲਕੇ ਵਿੱਚ ਕੀਤੇ ਗਏ ਕਾਰਜਾਂ ਤੋਂ ਵੀ ਪ੍ਰਭਾਵਿਤ ਹੋਣ ਦੀ ਗੱਲ ਵੀ ਗੋਬਿੰਦਪੁਰੀ ਨੇ ਆਖੀ। ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਗੋਬਿੰਦਪੁਰੀ ਦੀ ਸੇਵਾਵਾਂ ਦਾ ਇਸਤੇਮਾਲ ਦਿੱਲੀ ਕਮੇਟੀ ਪ੍ਰਬੰਧ ਵਿੱਚ ਵੀ ਕਰਨ ਦਾ ਇਸ਼ਾਰਾ ਦਿੱਤਾ।
ਇਥੇ ਇਹ ਜ਼ਿਕਰਯੋਗ ਹੈ ਕਿ ਗੋਬਿੰਦਪੁਰੀ ਆਮ ਆਦਮੀ ਪਾਰਟੀ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਸਰਨਾ ਵਿੱਚ ਸਕੱਤਰ ਦੇ ਅਹੁਦੇ ਤੇ ਰਹਿੰਦੇ ਹੋਏ ਲੰਬੇ ਸਮੇਂ ਤੱਕ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਮੈਨੇਜਰ ਦੇ ਤੌਰ ਤੇ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਆਪ ਪਾਰਟੀ ਵੱਲੋਂ ਇਨ੍ਹਾਂ ਚੋਣਾ ਦੌਰਾਨ ਐਲਾਨੇ ਗਏ ਉਮੀਦਵਾਰ ਨਾਲ ਵੀ ਉਨ੍ਹਾਂ ਦੀ ਨੇੜਤਾ ਸਮਝੀ ਜਾਂਦੀ ਹੈ। ਇਸ ਮਸਲੇ ਤੇ ਪ੍ਰਤਿਕ੍ਰਮ ਦਿੰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਜੀ.ਕੇ ਨੇ ਗੋਬਿੰਦਪੁਰੀ ਦੇ ਪਾਰਟੀ ਵਿੱਚ ਆਉਣ ਨਾਲ ਕਾਲਕਾ ਦੀ ਜਿੱਤ ਦੇ ਫਰਕ ਵਿੱਚ ਵੱਡਾ ਵਾਧਾ ਹੋਣ ਦੀ ਵੀ ਆਸ ਜਤਾਈ।
ਗੋਬਿੰਦਪੁਰੀ ਨਾਲ ਸ਼ਾਮਿਲ ਹੋਏ ਮੁੱਖ ਆਗੂ ਹਨ ਰਾਜਿੰਦਰ ਸਿੰਘ, ਸੁੱਚਾ ਸਿੰਘ, ਨਾਨਕ ਸਿੰਘ, ਰੰਜੀਤ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਤ੍ਰਿਲੋਚਨ ਸਿੰਘ, ਕੇਹਰ ਸਿੰਘ, ਮਨਪ੍ਰੀਤ ਸਿੰਘ ਅਤੇ ਪ੍ਰਿੰਸ।ਇਸ ਮੌਕੇ ਤੇ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੈਪਟਨ ਇੰਦਰਪ੍ਰੀਤ ਸਿੰਘ ਸਣੇ ਕਈ ਕਮੇਟੀ ਮੈਂਬਰ ਮੌਜੂਦ ਸਨ।