Monday, July 8, 2024

ਮੁੱਖ ਸੰਸਦੀ ਸਕੱਤਰ ਸਿੰਗਲਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ

PPN1412201506

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਪੰਜਾਬ, ਕਰ ਅਤੇ ਆਬਕਾਰੀ ਵਿਭਾਗ ਸਰੂਪ ਚੰਦ ਸਿੰਗਲਾ ਨੇ ਅੱਜ ਜ਼ਿਲ੍ਹੇ ਦੇ ਰਾਮਪੁਰਾ, ਭੁੱਚੋ, ਗੋਨਿਆਣਾ ਅਤੇ ਮੌੜ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਇਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਉਦਯੋਗ ਜਗਤ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੂਬੇ ਅੰਦਰ ਨਿਵੇਸ਼ ਤੇ ਸਨਅਤ ਪੱਖੀ ਮਾਹੌਲ ਪੈਦਾ ਕਰਨ ਲਈ ਵਪਾਰ ਸਬੰਧੀ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ।ਇਸ ਮੌਕੇ ਬੋਲਦਿਆਂ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਪਾਰੀਆਂ ਵਿਚਕਾਰਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਰਕਾਰ ਨੇ ਟੈਕਸਾਂ ਦੇ ਮੁਲਾਂਕਣ ਦੀ ਨਵੀਂ ਨੀਤੀ ਤਹਿਤ ਹੁਣ 1 ਕਰੋੜ ਰੁਪਏ ਤੋਂ ਘੱਟ ਟਰਨ ਓਵਰ ਵਾਲੇ ਵਪਾਰੀਆਂ ਨੂੰ ਟੈਕਸ ਮੁਲਾਂਕਣ ਤੋਂ ਛੋਟ ਦਿੱਤੀ ਹੈ । ਇਹ ਵਪਾਰੀ ਕੁੱਲ ਵਪਾਰੀਆਂ ਵਿੱਚੋਂ 80 ਫੀਸਦੀ ਹਨ, ਜਿਨ੍ਹਾਂ ਦੀ ਟਰਨ ਓਵਰ 1 ਕਰੋੜ ਰੁਪਏ ਤੋੋਂ ਘੱਟ ਹੈ। ਸਿੰਗਲਾ ਨੇ ਦੱਸਿਆ ਕਿ ਰਾਹਤ ਯੋਜਨਾ ਵਿੱਚ ਸ਼੍ਰੇਣੀ-1, ਸ਼੍ਰੇਣੀ-2 ਅਤੇ ਸ਼੍ਰੇਣੀ-3 ਦੇ ਕਸਬਿਆਂ ਅਤੇ ਸ਼ਹਿਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਹਤ ਯੋਜਨਾ ਅਪਨਾਉਣ ਵਾਲੇ ਵਪਾਰੀਆਂ ਨੂੰ ਬਹੀਖਾਤਾ, ਸਟਾਕ ਰਜਿਸਟਰ, ਖਰੀਦ ਬਿੱਲ, ਲੈਜਰ ਅਤੇ ਬਿਜਲੀ ਬਿੱਲ ਆਦਿ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਇਸ ਨਾਲ ਰਾਜ ਵਿਚ ਇੰਸਪੈਕਟਰੀ ਰਾਜ ਦਾ ਮੁਕੰਮਲ ਖਾਤਮਾ ਹੋ ਜਾਵੇਗਾ। ਸਿੰਗਲਾ ਨੇ ਦੱਸਿਆ ਕਿ 1 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਲਈ ਸਰਕਾਰ ਵੱਲੋਂ ਮੁਫਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਤਿੰਨ ਤਰ੍ਹਾਂ ਦਾ ਬੀਮਾ ਘੇਰਾ ਮੁਹੱਈਆ ਕਰਵਾਇਆ ਗਿਆ ਹੈ ਜਿਸ ਵਿੱਚ ਹਾਦਸੇ ਵਿੱਚ ਮੌਤ ਜਾਂ ਅੰਗਹੀਣ ਹੋਣ ‘ਤੇ 2 ਲੱਖ ਰੁਪਏ ਦਾ ਬੀਮਾ, 50000 ਰੁਪਏ ਦਾ ਸਿਹਤ ਬੀਮਾ ਅਤੇ ਅੱਗ ਲੱਗਣ ਦੀ ਸੂਰਤ ਵਿੱਚ 5 ਲੱਖ ਰੁਪਏ ਬੀਮਾ ਸ਼ਾਮਿਲ ਹੈ। ਇਸ ਬੀਮੇ ਤਹਿਤ ਵਪਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਵਾਰਿਕ ਮੈਂਬਰ ਵੀ ਸ਼ਾਮਲ ਹੋਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply