ਸ਼ਹੀਦੀ ਪੁਰਬ ‘ਤੇ ਵਿਸ਼ੇਸ਼
ਲੇਖਕ- ਰਾਣਾ ਪਰਮਜੀਤ ਸਿੰਘ
ਔਰੰਗਜ਼ੇਬ ਵਲੋਂ ਜਿਸ ਤਰ੍ਹਾਂ ਆਪਣੇ ਪਿਉ ਤੇ ਭੈਣ ਨੂੰ ਕੈਦ ਕਰ, ਭਰਾਵਾਂ ਨੂੰ ਕਤਲ ਕਰ ਦਿੱਲੀ ਦੇ ਤਖ਼ਤ ਪੁਰ ਕਬਜ਼ਾ ਕੀਤਾ ਅਤੇ ਆਪਣੇ ਵਿਰੁੱਧ ਉਠ ਰਹੀ ਆਵਾਜ਼ ਨੂੰ ਦਬਾਉਣ ਲਈ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ, ਉਸ ਦੇ ਫਲਸਰੂਪ ਮੁਲਸਮਾਨਾਂ ਦਾ ਇਕ ਵਰਗ ਉਸ ਤੋਂ ਨਾਰਾਜ਼ ਹੋ, ਉਸ ਵਿਰੁੱਧ ਲਾਮਬੰਦੀ ਕਰਨ ਦੇ ਰਸਤੇ ਤੁਰ ਪਿਆ। ਇਨ੍ਹਾਂ ਹਾਲਾਤ ਵਿੱਚ ਹੀ ਦੇਸ਼ ਦੇ ਕੇ ਕਈ ਇਲਾਕਿਆਂ ਵਿੱਚ ਉਸ ਵਿਰੁੱਧ ਬਗਾਵਤਾਂ ਹੋਣ ਲੱਗ ਪਈਆਂ।ਹਾਲਾਤ ਨੂੰ ਆਪਣੇ ਵਿਰੁੱਧ ਜਾਂਦਿਆਂ ਵੇਖ ਕੇ ਔਰੰਗਜ਼ੇਬ ਪ੍ਰੇਸ਼ਾਨ ਹੋਇਆ ਤੇ ਮੁਸਲਮਾਨਾਂ ਨੂੰ ਸਮੁੱਚੇ ਰੂਪ ਵਿਚ ਆਪਣੇ ਨਾਲ ਜੋੜਨ ਲਈ ਉਸ ਨੇ ਇੱਕ ਪਾਸੇ ਕੱਟੜ ਦੀਨੀ ਹੋਣ ਦਾ ਮੁਖੌਟਾ ਧਾਰਨ ਕਰ ਲਿਆ ਤੇ ਦੂਜੇ ਪਾਸੇ ਸਾਰੇ ਹਿੰਦੁਸਤਾਨ ਨੂੰ ਦੀਨ ਵਿੱਚ ਲਿਆਉਣ ਲਈ ਗੈਰ ਮੁਸਲਮਾਨਾਂ ਪੁਰ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ।
ਦੇਸ਼ ਦੀ ਹਿੰਦੂ ਬਹੁਗਿਣਤੀ ਨੂੰ ਆਪਣੇ ਦੀਨ ਵਿੱਚ ਸ਼ਾਮਿਲ ਕਰਨ ਲਈ ਉਸ ਨੇ ਸਾਮ-ਦਾਮ-ਦੰਡ ਦਾ ਰਸਤਾ ਅਪਣਾ ਲਿਆ।ਉਸ ਨੇ ਸਭ ਤੋਂ ਪਹਿਲਾਂ ਆਪਣਾ ਇਹ ਜ਼ੁਲਮੀ ਸਫ਼ਰ ਕਸ਼ਮੀਰ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਕਸ਼ਮੀਰ ਵਿੱਚ ਉਨ੍ਹਾਂ ਬ੍ਰਾਹਮਣਾਂ ਦੀ ਆਬਾਦੀ ਬਹੁਤ ਜ਼ਿਆਦਾ ਸੀ, ਜੋ ਵਿਦਵਾਨ ਹੋਣ ਕਾਰਨ ਹਿੰਦੂਆਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ।ਔਰੰਗਜ਼ੇਬ ਨੂੰ ਵਿਸ਼ਵਾਸ ਸੀ ਕਿ ਜੇ ਉਹ ਇਨ੍ਹਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣ ਵਿੱਚ ਸਫ਼ਲ ਹੋ ਜਾਂਦਾ ਹੈ, ਦੇਸ਼ ਭਰ ਦੇ ਹਿੰਦੂ ਮਜ਼ਹਬੀ ਸਿੱਖਿਆ ਨਾ ਮਿਲਣ ਕਾਰਣ ਡਾਂਵਾਂ-ਡੋਲ ਹੋ ਜਾਣਗੇ ਤੇ ਉਨ੍ਹਾਂ ਨੂੰ ਦੀਨ ਵਿੱਚ ਲਿਆਉਣਾ ਸਹਿਜ ਹੋ ਜਾਇਗਾ।ਕਸ਼ਮੀਰੀ ਪੰਡਿਤਾਂ ‘ਤੇ ਹੋਏ ਜ਼ੁਲਮਾਂ ਨੇ ਭਾਰੀ ਹਲਚਲ ਮਚਾ ਦਿੱਤੀ ਤੇ ਉਹ ਆਪਣੇ ਧਰਮ ਨੂੰ ਬਚਾਉਣ ਲਈ ਸਹਾਇਤਾ ਲਈ ਇਧਰ-ਉਧਰ ਝਾਕਣ ਲੱਗੇ।ਆਖ਼ਰ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰ ਦੇ ਪ੍ਰਮੁੱਖ ਬ੍ਰਾਹਮਣਾਂ ਦਾ ਇੱਕ ਪ੍ਰਤੀਨਿਧੀ ਮੰਡਲ ਸਹਾਇਤਾ ਦੀ ਪੁਕਾਰ ਲਈ ਰਾਜਪੂਤ ਰਾਜਿਆਂ ਦਾ ਦਰ ਖਟਖਟਾਉਣ ਤੁਰ ਪਿਆ।ਉਹ ਜਿਸ ਵੀ ਰਾਜੇ ਦੇ ਦਰ ‘ਤੇ ਗਏ, ਉਨ੍ਹਾਂ ਵਿੱਚ ਕਿਸੇ ਨੇ ਰੁਝੇਵਿਆਂ ਵਿੱਚ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਸੇ ਨੇ ਕੋਈ ਹੋਰ ਬਹਾਨਾ ਘੜ ਉਨ੍ਹਾਂ ਨੂੰ ਅੱਗੇ ਤੋਰ ਦਿੱਤਾ। ਕਿਸੇ ਨੇ ਤਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਸ ਪਾਸ ਇਤਨੀ ਤਾਕਤ ਨਹੀਂ ਕਿ ਉਹ ਦਿੱਲੀ ਦੀ ਹਕੂਮਤ ਨਾਲ ਟੱਕਰ ਲੈ ਸਕੇ।
ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਭ ਪਾਸਿਆਂ ਤੋਂ ਨਿਰਾਸ਼ ਹੋ ਵਾਪਸ ਮੁੜਨ ਲੱਗੇ ਤਾਂ ਕਿਸੇ ਨੇ ਉਨ੍ਹਾਂ ਨੂੰ ਦੱਸ ਪਾਈ ਕਿ ਇੱਕ ਗੁਰੂ ਨਾਨਕ ਦਾ ਦਰ ਬਾਕੀ ਰਹਿ ਗਿਆ ਹੈ, ਜਿਥੋਂ ਉਨ੍ਹਾਂ ਨੂੰ ਸਹਾਰਾ ਮਿਲ ਸਕਦਾ ਹੈ। ਇਸ ‘ਤੇ ਸਾਰਿਆਂ ਨੇ ਆਪੋ ਵਿੱਚ ਵਿਚਾਰ ਕੀਤੀ, ਬਹੁਤਿਆਂ ਦੀ ਇਹੀ ਰਾਇ ਸੀ ਕਿ ਜੇ ਸ਼ਕਤੀਸ਼ਾਲੀ ਹੁੰਦਿਆਂ ਹੋਇਆਂ ਵੀ ਰਾਜਪੂਤ ਰਾਜੇ ਉਨ੍ਹਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੋਏ ਤਾਂ ਫ਼ਕੀਰਾਂ ਦਾ ਦਰ ਉਨ੍ਹਾਂ ਲਈ ਕਿਵੇਂ ਮਦਦਗਾਰ ਸਾਬਿਤ ਹੋ ਸਕਦਾ ਹੈ।ਇਹ ਸਭ ਸੁਣ ਕੇ ਕ੍ਰਿਪਾ ਰਾਮ ਨੇ ਕਿਹਾ ਕਿ ਜਿੱਥੇ ਹਰ ਰਾਜਪੂਤ ਰਾਜੇ ਦਾ ਦਰ ਖੜਕਾਇਆ ਹੈ, ਉਥੇ ਹੀ ਉਮੀਦ ਦੀ ਆਖ਼ਰੀ ਕਿਰਨ ਗੁਰੂ ਨਾਨਕ ਦੇ ਦਰ ਤੇ ਵੀ ਜਾ ਫ਼ਰਿਆਦ ਕਰ ਵੇਖ ਲੈਂਦੇ ਹਾਂ। ਕ੍ਰਿਪਾ ਰਾਮ ਦੇ ਇਨ੍ਹਾਂ ਵਿਚਾਰਾਂ ਨੂੰ ਸਾਰਿਆਂ ਨੇ ਸਵੀਕਾਰ ਕਰ ਲਿਆ ਤੇ ਉਹ ਆਸ਼ਾ-ਨਿਰਾਸ਼ਾ ਵਿੱਚ ਝੂਲਦੇ ਸ੍ਰੀ ਅਨੰਦਪੁਰ ਸਾਹਿਬ ਵੱਲ ਤੁਰ ਪਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਜਗਮਗਾ ਰਹੀ ਸੀ।
ਕਸ਼ਮੀਰੀ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਗੁਹਾਰ ਲਾਈ ਅਤੇ ਪੰਡਤ ਕ੍ਰਿਪਾ ਰਾਮ ਨੇ ਹੱਥ ਜੋੜ ਆਪਣੇ ਤੇ ਹੋ ਰਹੇ ਜ਼ੁਲਮਾਂ ਤੇ ਆਪਣੇ ਧਰਮ ਤੇ ਮੰਡਰਾ ਰਹੇ ਖ਼ਤਰੇ ਦੀ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਸੁਣਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਦੀ ਦਰਦ ਭਰੀ ਸਾਰੀ ਵਿਥਿਆ ਸੁਣੀ ਤੇ ਇਕਾਗਰ ਹੋ ਉਨ੍ਹਾਂ ਦੀ ਹਲਾਤ ਤੇ ਗੰਭੀਰ ਮੰਥਨ ਕਰਨ ਲੱਗੇ।ਇਸੇ ਦੌਰਾਨ ਇਤਿਹਾਸਕਾਰਾਂ ਅਨੁਸਾਰ ਬਾਲ ਗੋਬਿੰਦ ਰਾਇ ਜੀ ਖੇਡਦੇ-ਖੇਡਦੇ ਦਰਬਾਰ ਵਿੱਚ ਆ ਗਏ। ਨੌ ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੇ ਦਰਬਾਰ ਵਿੱਚ ਵਰਤੀ ਇਤਨੀ ਗੰਭੀਰ ਸ਼ਾਂਤੀ ਨੂੰ ਵੇਖਿਆ, ਜਾਚਿਆ ਤੇ ਫਿਰ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਜਾ ਪੁੱਛਿਆ, ਗੁਰਦੇਵ ਪਿਤਾ ਜੀ, ਕੀ ਭਾਣਾ ਵਰਤਿਆ ਹੈ, ਜੋ ਦਰਬਾਰ ਵਿੱਚ ਵੀ ਗੰਭੀਰ ਸ਼ਾਂਤੀ ਵਰਤੀ ਵਿਖਾਈ ਦੇ ਰਹੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਸਾਰੀ ਵਿਥਿਆ ਗੋਬਿੰਦ ਰਾਇ ਜੀ ਨੂੰ ਦੱਸੀ ਤੇ ਨਾਲ ਹੀ ਦੱਸਿਆ ਕਿ ਇਨ੍ਹਾਂ ਦਾ ਦੁੱਖ ਦੂਰ ਕਰਨ ਅਤੇ ਧਰਮ ਬਚਾਉਣ ਲਈ ਇੱਕ ਪਵਿੱਤਰ ਆਤਮਾ ਦੇ ਬਲੀਦਾਨ ਦੀ ਲੋੜ ਹੈ। ਇਹ ਸੁਣਦਿਆਂ ਹੀ ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਗੁਰੂ ਪਿਤਾ ਜੀਓ! ਅੱਜ ਇਸ ਦੇਸ਼ ਵਿੱਚ ਤੁਹਾਡੇ ਤੋਂ ਬਿਨਾਂ ਹੋਰ ਕਿਹੜੀ ਪਵਿੱਤਰ ਆਤਮਾ ਹੈ ਜੋ ਆਪਣਾ ਬਲੀਦਾਨ ਦੇ ਕੇ ਇਨ੍ਹਾਂ ਦਾ ਕਲਿਆਣ ਕਰ ਸਕੇ? ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਸਕਰਾ ਕੇ ਬਾਲ ਗੋਬਿੰਦ ਰਾਇ ਜੀ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਉਹ ਵੀ ਇਹੀ ਸੋਚ ਰਹੇ ਸਨ।ਪਰ ਸਾਡੀ ਸ਼ਹਾਦਤ ਤੋਂ ਬਾਅਦ ਤੁਹਾਡੇ ਬਾਲ ਮੋਢਿਆਂ ਤੇ ਬਹੁਤ ਭਾਰੀ ਜ਼ਿੰਮੇਦਾਰੀ ਆਣ ਪਵੇਗੀ।ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਪਹਿਲਾਂ ਵੀ ਆਪ ਆਪਣੀਆਂ ਜ਼ਿੰਮੇਦਾਰੀਆਂ ਦ੍ਰਿੜਤਾ ਨਾਲ ਨਿਭਾਉਂਦੀ ਆਈ ਹੈ।ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਰੂਪ ਵਿੱਚ ਬਾਲ ਉਮਰੇ ਜ਼ਾਲਮਾਂ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਸੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਰੂਪ ਵਿੱਚ ਵੀ ਤਾਂ ਉਸੇ ਜੋਤ ਨੇ ਬਾਲ ਉਮਰੇ ਹੀ ਔਰੰਗਜ਼ੇਬ ਵਰਗੇ ਜ਼ਾਲਮ ਨੂੰ ਕੰਬਾ ਕੇ ਰੱਖ ਦਿੱਤਾ ਸੀ।ਅੱਗੋਂ ਵੀ ਉਹ ਆਪ ਆਪਣੀ ਜੋਤ ਜਗਮਗਾਈ ਰੱਖਣਗੇ ਤੇ ਕੋਈ ਵੱਡੀ ਤੋਂ ਵੱਡੀ ਤਾਕਤ ਵੀ ਉਸ ਨੂੰ ਬੁਝਾ ਨਹੀਂ ਪਾਇਗੀ।
ਬਾਲ ਗੋਬਿੰਦ ਰਾਇ ਜੀ ਦੇ ਬਚਨ ਸੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਜ਼ਲੂਮ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਸਹਾਇਤਾ ਲਈ ਆਏ ਹਨ।ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕਦੇ ਕੋਈ ਨਿਰਾਸ਼ ਨਹੀਂ ਮੁੜਿਆ, ਤੁਹਾਨੂੰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਤੁਸੀਂ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕਿ ਜੇ ਉਹ ਉਨ੍ਹਾਂ ਦੇ ਗੁਰੂ, ਗੁਰੂ ਤੇਗ ਬਹਾਦਰ ਨੂੰ ਆਪਣੇ ਦੀਨ ਵਿੱਚ ਲੈ ਆਏ ਤਾਂ ਉਹ ਬਿਨਾਂ ਕਿਸੇ ਹੀਲ-ਹੁੱਜ਼ਤ ਦੇ ਆਪਣਾ ਧਰਮ ਬਦਲ ਲੈਣਗੇ।ਇਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰ ਦੇ ਪੰਡਤਾਂ ਨੂੰ ਧਰਵਾਸ ਦੇ ਕੇ ਵਾਪਸ ਭੇਜਿਆ ਤੇ ਆਪ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਅਤੇ ਆਪਣੀ ਸ਼ਹਾਦਤ ਦੇਣ ਲਈ ਦਿੱਲੀ ਵੱਲ ਚੱਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ ਅਤੇ ਭਾਈ ਸਤੀ ਦਾਸ ਜੀ ਨਾਲ ਗੁਰੂ ਸਾਹਿਬ ਆਗਰੇ ਪੁੱਜ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਜਿੱਥੋਂ ਆਪ ਜੀ ਨੂੰ ਸਖ਼ਤ ਪਹਿਰੇ ਵਿੱਚ ਦਿੱਲੀ ਲਿਆਂਦਾ ਗਿਆ। ਦਿੱਲੀ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਅਣ-ਮਨੁੱਖੀ ਤਸੀਹੇ ਦਿੱਤੇ ਗਏ ਤੇ ਜ਼ੁਲਮ ਢਾਹੇ ਗਏ ਪਰ ਔਰੰਗੀ ਜ਼ੁਲਮ ਆਪਣੇ ਇਰਾਦੇ ਵਿੱਚ ਸਫ਼ਲ ਨਾ ਹੋ ਸਕਿਆ।ਆਖ਼ਰ ਗੁਰੂ ਸਾਹਿਬ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਇਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਕੇ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ।ਜਦੋਂ ਇਹ ਔਰੰਗਜ਼ੇਬੀ ਜ਼ੁਲਮ ਗੁਰੂ ਸਾਹਿਬ ਦੇ ਦ੍ਰਿੜ ਇਰਾਦੇ ਨੂੰ ਡੁਲਾਉਣ ਵਿੱਚ ਸਫ਼ਲ ਨਾ ਹੋ ਸਕੇ ਤਾਂ ਆਖ਼ਰ ਉਨ੍ਹਾਂ ਨੂੰ ਵੀ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ।
ਸਖ਼ਤ ਪਹਿਰਾ ਹੋਣ ਦੇ ਬਾਵਜੂਦ ਭਾਈ ਜੈਤਾ ਸਤਿਗੁਰਾਂ ਦਾ ਸੀਸ ਸੰਭਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਲਈ ਹਰਨ ਹੋ ਗਿਆ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਸਤਿਗੁਰਾਂ ਦੇ ਧੜ ਨੂੰ ਲਿਜਾ, ਆਪਣੇ ਘਰ ਵਿੱਚ ਸਤਿਕਾਰ ਸਹਿਤ ਚਿਖਾ ਸਜਾ, ਧੜ ਦਾ ਸਸਕਾਰ ਕਰਨ ਵਿੱਚ ਸਫ਼ਲ ਹੋ ਗਿਆ।
ਰਾਣਾ ਪਰਮਜੀਤ ਸਿੰਘ
ਚੇਅਰਮੈਨ, ਧਰਮ ਪ੍ਰਚਾਰ ਕਮੇਟੀ
ਦਿ.ਸਿੱ.ਗੁ.ਪ੍ਰ.ਕਮੇਟੀ, ਨਵੀਂ ਦਿੱਲੀ