Monday, July 8, 2024

ਦਿੱਲੀ ਕਮੇਟੀ ਵੱਲੋਂ ਵੱਡੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ

PPN2112201507

ਨਵੀਂ ਦਿੱਲੀ, 21 ਦਸੰਬਰ (ਅੰਮ੍ਰਿਤ ਲਾਲ ਮੰਨਣ)- ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਸ਼ਾਮ ਦੇ ਦੀਵਾਨ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਵੇਰ ਦੇ ਦੀਵਾਨ ਸਜਾਏ ਗਏ। ਜਿਸ ਵਿਚ ਰਾਗੀ ਅਤੇ ਢਾਡੀ ਜਥਿਆ ਨੇ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀਂ ਵੱਡੇ ਸਾਹਿਬਜਾਦਿਆਂ ਦੀ ਲਾਸ਼ਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਦਮਦਮਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਗੁਰ ਇਤਿਹਾਸ ਦੇ ਹਵਾਲੇ ਨਾਲ ਗੁਰੂ ਸਾਹਿਬਾਨਾਂ ਵੱਲੋਂ ਖਾਲੀ ਉਪਦੇਸ ਦੇਣ ਦੀ ਬਜਾਏ ਆਪਣੇ ਪਿੰਡੇ ਤੇ ਉਨ੍ਹਾਂ ਗੱਲਾਂ ਨੂੰ ਹੱਢਾਉਣ ਦਾ ਵੀ ਦਾਅਵਾ ਕੀਤਾ। ਜੀ.ਕੇ ਨੇ ਦਾਅਵਾ ਕੀਤਾ ਕਿ ਅਗਰ ਗੁਰੂ ਪ੍ਰਤੀ ਸਾਡੀ ਪੱਕੀ ਸ਼ਰਧਾ ਹੈ ਤਾਂ ਬੰਦ ਬੰਦ ਕੱਟਵਾ ਕੇ ਅਤੇ ਆਰਿਆਂ ਹੇਠ ਪੁੱਠੀ ਖੱਲਾਂ ਲੁਹਾ ਕੇ ਵੀ ਤਕਲੀਫ਼ ਨਹੀਂ ਹੋਵੇਗੀ। ਚਾਰ ਸਾਹਿਬਜਾਦੇ ਫਿਲਮ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਉਸ ਫਿਲਮ ਨੂੰ ਦੇਖਣ ਤੋਂ ਬਾਅਦ ਸਿੱਖ ਇਤਿਹਾਸ ਅਤੇ ਸਿੱਖ ਫ਼ਲਸਫੇ ਤੋਂ ਦੂਰ ਕਾਨਵੈਂਟ ਸਕੂਲਾਂ ਵਿਚ ਪੜ੍ਹਨ ਵਾਲੇ ਸਿੱਖ ਬੱਚਿਆਂ ਦੇ ਮਨਾਂ ਵਿਚ ਸਿੱਖੀ ਪ੍ਰਤੀ ਜਾਗਰੁਕ ਹੋਏ ਪਿਆਰ ਦਾ ਵੀ ਜ਼ਿਕਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ 10 ਜੂਨ 2016 ਨੂੰ ਬਾਬਾ ਜੀ ਤੇ ਹੈਰੀ ਬਵੇਜਾ ਵੱਲੋਂ ਬਣਾਈ ਗਈ ਫਿਲਮ ਦੇ ਰਿਲੀਜ਼ ਹੋਣ ਦੀ ਵੀ ਜੀ.ਕੇ ਨੇ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਸਿੱਖ ਇਤਿਹਾਸ ਨਾਲ ਸਬੰਧਿਤ ਫ਼ਿਲਮ ਬਣਾਉਣ ਵਾਸਤੇ ਕੁਝ ਵਿਵਹਾਰਕ ਨਿਯਮਾਂ ਵਿਚ ਢਿੱਲ ਦੇਣ ਦਾ ਸਮਰਥਨ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਸ੍ਰੀ                     ਅਕਾਲ ਤਖਤ ਸਾਹਿਬ ਤਕ ਇਸ ਗੱਲ ਨੂੰ ਪਹੁੰਚਾਉਣ ਦਾ ਵੀ ਐਲਾਨ ਕੀਤਾ। ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਜੀ.ਕੇ ਨੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੰਘਾਂ ਵੱਲੋਂ ਘਾਲਿਆਂ ਗਈਆਂ ਘਾਲਨਾ ਦਾ ਮਲਟੀਮੀਡੀਆ ਤਕਨੀਕ ਨਾਲ ਫ਼ਿਲਮਾਂ ਬਣਾਕੇ ਸੰਗਤਾਂ ਤਕ ਪਹੁੰਚਾਉਣ ਦੀ ਵੀ ਵਕਾਲਤ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਨਾਂ ਲੈਣ ਦੀ ਵੀ ਅਪੀਲ ਕੀਤੀ। ਇਸ ਮੌਕੇ ਦਮਦਮਾ ਸਾਹਿਬ ਸਬ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਅਤੇ ਹੋਰ ਅਹੁੱਦੇਦਾਰ ਸਾਹਿਬਾਨ ਮੌਜ਼ੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply