Monday, July 8, 2024

ਪਾਕਿਸਤਾਨ ਕਮੇਟੀ ਸਿੱਖਾਂ ਦੀ ਥਾਂ ਉਕਾਫ਼ ਬੋਰਡ ਦਾ ਪੱਖ ਪੂਰ ਰਹੀ ਹੈ – ਜੀ.ਕੇ

ਮਸਤਾਨ ਸਿੰਘ ਦੇ ਕੇਸ ‘ਚ ਦਿੱਲੀ ਕਮੇਟੀ ਕੌਮਾਂਤਰੀ ਅਦਾਲਤ ਚ ਜਾਣ ਦੇ ਰੌਂਅ ‘ਚ

Manjit S GK

ਨਵੀਂ ਦਿੱਲੀ, 21 ਦਸੰਬਰ (ਅੰਮ੍ਰਿਤ ਲਾਲ ਮੰਨਣ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼ਾਮ ਸਿੰਘ ਦੀ ਸ਼ਿਕਾਇਤ ‘ਤੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਦੀ ਈਸ਼ਨਿੰਦਾ ਕਾਨੂੰਨ ਤਹਿਤ ਹੋਈ ਗ੍ਰਿਫ਼ਤਾਰੀ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਜੀ.ਕੇ ਨੇ ਮਾਮਲੇ ਦੇ ਪਿੱਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਸਤਾਨ ਸਿੰਘ ਲਗਾਤਾਰ ਉਕਾਫ਼ ਬੋਰਡ ਵੱਲੋਂ ਸਿੱਖ ਗੁਰਧਾਮਾਂ ਤੇ ਸਰਕਾਰੀ ਕਬਜ਼ੇ ਦੇ ਖਿਲਾਫ਼ ਲੜਾਈ ਲੜਦਾ ਰਿਹਾ ਹੈ ਅਤੇ ਪਾਕਿਸਤਾਨੀ ਸੁਪਰੀਮ ਕੋਰਟ ਦੇ ਹੁਕਮਾਂ ਤੇ ਉਕਾਫ਼ ਬੋਰਡ ਨੂੰ ਸਿੱਖਾਂ ਦੀਆਂ ਲਗਭਗ 248 ਜਮੀਨਾਂ ਛੱਡਣ ਦੇ ਵੀ ਹੁਕਮ ਦਿੱਤੇ ਗਏ ਸਨ।ਇਸ ਦੇ ਨਾਲ ਹੀ ਮਸਤਾਨ ਸਿੰਘ ਨੇ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਕਿਆਰਾ ਸਾਹਿਬ ਤਕ ਨਗਰ ਕੀਰਤਨ ਸੰਗਤਾਂ ਦੇ ਭਾਰੀ ਜੋਸ਼ ਅਤੇ ਉਕਾਫ਼ ਬੋਰਡ ਦੇ ਚੇਅਰਮੈਨ ਸਦੀਕੁਲ ਫਾਰੂਕ ਤੋਂ ਪ੍ਰਵਾਨਗੀ ਲੈਂਦੇ ਹੋਏ ਸਜਾਇਆ ਸੀ, ਜਿਸ ਕਰਕੇ ਪਰੇਸ਼ਾਨ ਹੋਏ ਪ੍ਰਸਾਸ਼ਨ ਨੇ ਮਸਤਾਨ ਸਿੰਘ ਨੂੰ ਸਬਕ ਸਿਖਾਉਣ ਲਈ ਇਸ ਕਾਰੇ ਨੂੰ ਅੰਜਾਮ ਦਿੱਤਾ ਹੈ।
ਜੀ.ਕੇ. ਨੇ ਪਾਕਿਸਤਾਨੀ ਸਿੱਖਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਸਤਾਨ ਸਿੰਘ ਅਤੇ ਉਸਦੇ ਸਾਥੀ ਸਿੱਖਾਂ ਵੱਲੋਂ ਲਗਾਤਾਰ ਪਾਕਿਸਤਾਨ ਕਮੇਟੀ ਨੂੰ ਬਾਰ-ਬਾਰ ਦਿੱਤੀਆਂ ਦਰਖਾਸਤਾਂ ਵਿਚ ਨਗਰ ਕੀਰਤਨ ਕੱਢਣ, ਗੁਰਦੁਆਰਾ ਸਾਹਿਬ ਦੀ ਰੰਗਸ਼ਾਜੀ ਅਤੇ ਪ੍ਰਕਾਸ਼ ਪੁਰਬ ਮੌਕੇ ਲਾਈਟਿੰਗ ਕਰਾਉਣ ਦੀ ਮੰਗ ਕੀਤੀ ਗਈ ਸੀ। ਪਰ ਸ਼ਾਮ ਸਿੰਘ ਨੇ ਸੰਗਤਾਂ ਦੀ ਭਾਵਨਾਵਾਂ ਦੀ ਕਦਰ ਨਾ ਕਰਦੇ ਹੋਏ ਮਸਤਾਨ ਸਿੰਘ ਤੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਦੇਸ਼ ਨਾਲ ਬਗਾਵਤ ਕਰਨ ਦੀ ਧਾਰਾ 123ਏ ਜੁੜਵਾ ਕੇ ਇਹ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਪਾਕਿਸਤਾਨ ਕਮੇਟੀ ਸਿੱਖਾਂ ਦੀ ਥਾਂ ਉਕਾਫ਼ ਬੋਰਡ ਦਾ ਪੱਖ ਪੂਰ ਰਹੀ ਹੈ।ਇਸ ਪੂਰੇ ਮਸਲੇ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਪੰਜਾਬ ਦੀਆਂ ਅਖੌਤੀ ਪੰਥਕ ਧਿਰਾਂ ਵੱਲੋਂ ਧਾਰੀ ਚੁੱਪ ਤੇ ਵੀ ਜੀ.ਕੇ ਨੇ ਸਵਾਲ ਖੜੇ ਕੀਤੇ।ਜੀ.ਕੇ ਨੇ ਕਿਹਾ ਕਿ ਨਗਰ ਕੀਰਤਨ ਕੱਢਣਾ ਜਾਂ ਗੁਰਧਾਮਾਂ ਦੀ ਚੰਗੀ ਸਾਂਭ ਸੰਭਾਲ ਦੀ ਗੱਲ ਕਰਨਾ ਦੇਸ਼ ਨਾਲ ਬਗਾਵਤ ਹੈ? ਜੀ.ਕੇ ਨੇ ਦਾਅਵਾ ਕੀਤਾ ਕਿ ਉਕਾਫ਼ ਬੋਰਡ ਗੁਰਧਾਮਾਂ ਦੀ ਜਮੀਨਾਂ ਨੂੰ ਦੱਬਣ ਦੇ ਮਸਤਾਨ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਜਾਣਬੁੱਝ ਕੇ ਝੂਠੇ ਕੇਸਾਂ ਵਿਚ ਮਸਤਾਨ ਸਿੰਘ ਨੂੰ ਫਸਾ ਰਿਹਾ ਹੈ ਤਾਂਕਿ ਮਸਤਾਨ ਸਿੰਘ ਨੂੰ ਚੁੱਪ ਕਰਾਇਆ ਜਾ ਸਕੇ।ਜੀ.ਕੇ ਨੇ ਇਸ ਸਬੰਧ ਵਿਚ ਕਾਨੂੰਨੀ ਰਾਇ ਲੈੈਣ ਤੋਂ ਬਾਅਦ ਕਮੇਟੀ ਵੱਲੋਂ ਕੌਮਾਂਤਰੀ ਅਦਾਲਤ ਵਿਚ ਜਾਉਣ ਦੇ ਰਾਹ ਖੁਲ੍ਹੇ ਰੱਖਣ ਦਾ ਵੀ ਇਸ਼ਾਰਾ ਕੀਤਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply