Monday, July 8, 2024

ਨਾਰਲੀ ਪਿੰਡ ਵਾਪਰੀ ਘਟਨਾ ਦੀ ਪੰਜਾਬ ਰਾਜ ਐਸ. ਸੀ ਕਮਿਸ਼ਨ ਨੇ 60 ਘੰਟਿਆਂ ‘ਚ ਮੰਗੀ ਰਿਪੋਰਟ

PPN0401201613

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਪਿੰਡ ਨਾਰਲੀ ‘ਚ ਬੀਤੇ ਦਿਨੀਂ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰਨਤਾਰਨ ਪ੍ਰਸਾਸ਼ਨ ਤੋਂ 60 ਘੰਟਿਆਂ ਵਿੱਚ ਕਾਰਵਾਈ ਰਿਪੋਰਟ ਮੰਗਦਿਆਂ ਜਿਲ੍ਹਾ ਪੁਲਿਸ ਮੁਖੀ ਨੂੰ ਐਫ:ਆਈ:ਆਰ ‘ਚ ਐਸ. ਸੀ ਐਕਟ ਜੋੜਣ ਦੇ ਨਿਰਦੇਸ਼ ਦਿੱਤੇ ਹਨ।
ਅੱਜ ਇਥੇ ਗੁਰੂ ਨਾਨਕ ਹਸਪਤਾਲ ‘ਚ ਜੇਰੇ ਇਲਾਜ ਗੰਭੀਰ ਜਖਮੀ ਪਿੰਡ ਨਾਰਲੀ ਵਾਸੀ ਰਸਾਲ ਸਿੰਘ ਅਤੇ ਉਸ ਦੀ ਧੀ ਪਰਮਜੀਤ ਕੌਰ ਦੀ ਸਿਹਤ ਦਾ ਹਾਲ ਚਾਲ ਪੁੱਛਣ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਕਿਹਾ ਕਿ ਕਮਿਸ਼ਨ ਅਤੇ ਸਰਕਾਰ ਪੀੜਤ ਧਿਰ ਦੇ ਨਾਲ ਖੜੀ ਹੈ ਅਤੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜਲਦ ਹੀ ਇਕ ਅਹਿਮ ਕਦਮ ਨੂੰ ਅਮਲੀ ਜਾਮਾ ਪਹਿਨਾਉਣਾ ਵਿਚਾਰ ਅਧੀਨ ਹੈ ਜਿਸ ਵਿੱਚ ਕਮਿਸ਼ਨ ਪ੍ਰਮੁੱਖ ਸਕੱਤਰ ਗ੍ਰਹਿ, ਡੀ:ਜੀ:ਪੀ ਪੰਜਾਬ ਆਦਿ ਇਕ ਸਾਂਝੀ ਮੀਟਿੰਗ ਕਰਕੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਨੀਤੀ ਤਿਆਰ ਕਰੇਗੀ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਘਾ ਨੇ ਕਿਹਾ ਕਿ ਰਾਜ ਵਿੱਚ ਹੋਰ ਰਹੀਆਂ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ, ਜਿਨਾਂ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪਿੰਡ ਨਾਰਲੀ ਦੀ ਘਟਨਾ ‘ਚ ਪੁਲਿਸ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਤਰਨਤਾਰਨ ਜੇਰੇ ਇਲਾਜ ਪਿਓ ਧੀ ਦੇ ਮੁਫ਼ਤ ਇਲਾਜ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਐਕਟ ਤਹਿਤ ਬਣਦੀ ਸਹਾਇਤਾ ਰਾਸ਼ੀ ਵੀ ਜਲਦ ਜਾਰੀ ਕਰਨਗੇ।
ਉਨ੍ਹਾਂ ਕਿਹਾ ਕਿ ਪੀੜਤ ਧਿਰ ਨੂੰ ਨਿਆ ਦਿਵਾਉਣ ਲਈ ਕਮਿਸ਼ਨ ਹਰ ਤਰ੍ਹਾਂ ਦੀ ਚਾਰਾਜੋਈ ਕਰੇਗਾ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ।ਇਸੇ ਦੌਰਾਨ ਐਸ:ਐਸ:ਪੀ ਤਰਨਤਾਰਨ ਸ੍ਰੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਡੀ:ਐਸ:ਪੀ ਭਿੱਖੀਵਿੰਡ, ਡੀ:ਐਸ:ਪੀ: (ਡੀ) ਅਤੇ ਥਾਣਾ ਮੁਖੀ ਖਾਲੜਾ ਨੂੰ ਸ਼ਾਮਲ ਕਰਕੇ ਜਲਦ ਜਾਂਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ:ਡੀ:ਐਮ ਪੱਟੀ ਬਖਤਾਵਰ ਸਿੰਘ, ਪੰਜਾਬ ਐਸ:ਸੀ ਮੋਰਚਾ ਦੇ ਮੀਤ ਪ੍ਰਧਾਨ ਬਲਵਿੰਦਰ ਗਿੱਲ, ਰਿਟਾ: ਐਸ:ਪੀ ਕੇਵਲ ਕੁਮਾਰ, ਸੰਤੋਖ ਸਿੰਘ ਗੁੰਮਟਾਲਾ, ਗੁਰਪ੍ਰੀਤ ਸਿੰਘ ਗੋਲਡੀ, ਸਤਪਾਲ ਡੋਗਰਾ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply