Wednesday, July 3, 2024

ਡਾਕ ਵਿਭਾਗ ਨੇ ਸਕੀਮਾਂ ਪ੍ਰਤੀ ਜਾਗਰੂਕਤਾ ਲਈ ਕੱਢਿਆ ਰੋਡ ਸ਼ੋਅ

ਲੋਕ ਭਲਾਈ ਦਾ ਕੰਮ ਕਰ ਰਹੀਆਂ ਹਨ ਡਾਕ ਵਿਭਾਗ ਦੀਆਂ ਸਕੀਮਾਂ-ਆਂਗਰਾ

PPN2602201608

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਡਾਕ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਿਥੇ ਅਸਲ ਮਾਅਨਿਆਂ ਵਿੱਚ ਲੋਕ ਭਲਾਈ ਦਾ ਕੰਮ ਕਰ ਰਹੀਆਂ ਹਨ ਉਥੇ ਇਹ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵੀ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਨੇ ਅੱਜ ਡਾਕ ਵਿਭਾਗ ਵੱਲੋਂ ਖ਼ਾਲਸਾ ਕਾਲਜ ਡਾਕ ਘਰ ਤੋਂ ਬੱਚਤ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੇ ਰੋਡ ਸ਼ੋਅ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਸੀਨੀਅਰ ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇਠਮੱਲ ਜਿਨਗਰ, ਪ੍ਰੋਗਰਾਮ ਅਫ਼ਸਰ ਆਈ ਸੀ ਡੀ ਐਸ ਅੰਮ੍ਰਿਤਸਰ ਸ੍ਰੀਮਤੀ ਗੁਰਿੰਦਰ ਕੌਰ ਗਰੇਵਾਲ, ਸੀਨੀਅਰ ਬੱਚਤ ਅਫ਼ਸਰ ਅੰਮ੍ਰਿਤਸਰ ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਨਿਤਿਸ਼ ਕਸ਼ਿਅਪ ਅਤੇ ਡਾਕ ਵਿਭਾਗ ਦੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ। ਇਹ ਰੋਡ ਸ਼ੋਅ ਖ਼ਾਲਸਾ ਕਾਲਜ ਡਾਕ ਘਰ ਤੋਂ ਚੱਲ ਕੇ ਪੁਤਲੀਘਰ ਹੁੰਦਾ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ, ਇਸਲਾਮਾਬਾਦ ਵਿਖੇ ਜਾ ਕੇ ਸਮਾਪਤ ਹੋਇਆ, ਜਿਥੇ ਬੱਚੀਆਂ ਨੂੰ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਇਨ੍ਹਾਂ ਸਕੀਮਾਂ ਸਬੰਧੀ ਪੈਂਫਲਿਟ ਵੀ ਵੰਡੇ ਗਏ।
ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਡਾਕ ਘਰ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਂਗਰਾ ਨੇ ਕਿਹਾ ਕਿ ਡਾਕ ਵਿਭਾਗ ਦੀ ਪੋਸਟਲ ਲਾਈਫ਼ ਇੰਸ਼ੋਰੈਂਸ, ਸੁਕੰਨਿਆ ਸਮ੍ਰਿਧੀ ਯੋਜਨਾ, ਆਰ. ਡੀ, ਕਿਸਾਨ ਵਿਕਾਸ ਪੱਤਰ, ਐਨ. ਐਸ. ਸੀ, ਟਾਈਮ ਡਿਪੋਜ਼ਿਟ ਸਕੀਮ ਆਦਿ ਅਧੀਨ ਜਿਥੇ ਜਮ੍ਹਾਂ ਕਰਤਾਵਾਂ ਨੂੰ ਵਧੇਰੇ ਵਿਆਜ ਮਿਲਦਾ ਹੈ ਉਥੇ ਇਹ ਪੈਸਾ ਸਰਕਾਰ ਵੱਲੋਂ ਰਾਜ ਦੇ ਵਿਕਾਸ ਕੰਮਾਂ ਲਈ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਵਿਚੋਂ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿਧੀ ਯੋਜਨਾ ਬੇਟੀਆਂ ਲਈ ਇਕ ਵਰਦਾਨ ਦੀ ਤਰ੍ਹਾਂ ਹੈ, ਜਿਸ ਨਾਲ ਬੇਟੀਆਂ ਦੀ ਪੜ੍ਹਾਈ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਖੁਸ਼ਹਾਲ ਜ਼ਿੰਦਗੀ ਲਈ ਪੈਸਾ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੀ ਬੇਟੀ ਦੇ ਸੁਨਹਿਰੀ ਭਵਿੱਖ ਲਈ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸੀਨੀਅਰ ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇਠਮੱਲ ਜਿਨਗਰ ਨੇ ਸ੍ਰੀ ਆਂਗਰਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਡਾਕ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਵੱਲੋਂ ਚਲਾਈ ਗਈ ‘ਮਾਈ ਸਟੈਂਪ’ ਸਕੀਮ ਨੂੰ ਬਹੁਤ ਹੀ ਭਰਵਾਂ ਹੁੰਗਰਾ ਮਿਲ ਰਿਹਾ ਹੈ, ਜਿਸ ਤਹਿਤ ਕੋਈ ਵੀ ਵਿਅਕਤੀ ਮਹਿਜ਼ 300 ਰੁਪਏ ਵਿਚ ਆਪਣੀ ਜਾਂ ਆਪਣੇ ਪਿਆਰਿਆਂ ਦੀ ਤਸਵੀਰ ਵਾਲੀ ਡਾਕ ਟਿਕਟ ਬਣਵਾ ਕੇ ਆਪਣੇ ਨਜ਼ਦੀਕੀਆਂ ਨੂੰ ਵਿਸ਼ੇਸ਼ ਸਮਾਗਮਾਂ ‘ਤੇ ਤੋਹਫ਼ੇ ਵਜੋਂ ਦੇ ਸਕਦਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply