Wednesday, July 3, 2024

ਪੰਜਾਬੀ ਸੂਬਾ ਮੋਰਚਾ ਤੇ ਐਮਰਜੈਂਸੀ ਦੇ ਸੰਘਰਸ਼ੀ ਯੋਧਿਆਂ ਨੂੰ ਸਰਕਾਰ ਦੇਵੇਗੀ ਸਹੂਲਤਾਂ- ਸੰਧੂ

PPN2602201609

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬਾ ਮੋਰਚਾ (1955 ਤੋਂ 1965 ਤੱਕ) ਅਤੇ ਐਮਰਜੈਂਸੀ ਦੌਰਾਨ (26 ਜੂਨ 1975 ਤੋਂ 21 ਮਾਰਚ 1977 ਤੱਕ) ਭਾਗ ਲੈਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਸਹੂਲਤਾਂ ਦੇਣ ਦੇ ਲਏ ਫ਼ੈਸਲੇ ਤਹਿਤ ਜ਼ਿਲ੍ਹੇ ਵਿਚ ਪ੍ਰਾਪਤ ਹੋਈਆਂ ਦਰਖ਼ਾਸਤਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀਆਂ ਹਦਾਇਤਾਂ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਵਧੀਕ ਡਿਪਟੀ ਕਮਿਸ਼ਨਰ ਸ. ਸੰਧੂ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਬੰਧੀ ਲਾਭਪਾਤਰੀਆਂ ਦੀ ਪਹਿਚਾਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਬਿਨੇਕਾਰਾਂ ਵੱਲੋਂ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਇਨ੍ਹਾਂ ਮਾਮਲਿਆਂ ਨੂੰ ਅਗਲੇਰੀ ਕਾਰਵਾਈ ਲਈ ਸਰਕਾਰ ਕੋਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਖਾਸਤਾਂ ਦੀ ਪੜਤਾਲ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਵੱਲੋਂ ਆਪਣੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਅਧੀਨ ਉਨ੍ਹਾਂ ਸੰਘਰਸ਼ੀ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਅਤੇ ਐਮਰਜੈਂਸੀ ਦੌਰਾਨ ਸੰਘਰਸ਼ ਕੀਤਾ ਅਤੇ ਜੇਲ੍ਹਾਂ ਵਿਚ ਰਹੇ ਸਨ। ਉਨ੍ਹਾਂ ਕਿਹਾ ਕਿ ਸੰਘਰਸ਼ੀ ਯੋਧੇ ਆਪਣੀਆਂ ਦਰਖ਼ਾਸਤਾਂ, ਜਿਸ ਦਾ ਨਿਰਧਾਰਤ ਪ੍ਰੋਫਾਰਮਾ ਡੀ. ਸੀ ਦਫ਼ਤਰ ਅਤੇ ਐਸ. ਡੀ. ਐਮਜ਼ ਦਫ਼ਤਰਾਂ ਵਿਖੇ ਉਪਲਬਧ ਹੈ, ਜਲਦ ਤੋਂ ਜਲਦ ਭਰ ਕੇ ਸਬੰਧਤ ਦਫ਼ਤਰਾਂ ਵਿਚ ਪੁੱਜਦਾ ਕਰਨ ਤਾਂ ਜੋ ਪੜਤਾਲ ਕਰਵਾਉਣ ਉਪਰੰਤ ਇਨ੍ਹਾਂ ਨੂੰ ਕਮੇਟੀ ਰਾਹੀਂ ਪ੍ਰਵਾਨ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਹਿੱਤ ਚੰਡੀਗੜ੍ਹ ਭੇਜਿਆ ਜਾ ਸਕੇ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇਕ ਅਹਿਮ ਉਪਰਾਲਾ ਹੈ, ਜਿਸ ਤਹਿਤ ਸੰਘਰਸ਼ੀ ਯੋਧੇ ਨੂੰ ਜਾਂ ਉਸ ਦੇ ਸਵਰਗਵਾਸ ਹੋਣ ਉਪਰੰਤ ਉਸ ਦੀ ਪਤਨੀ/ਪਤੀ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਮਾਲੀ ਸਹਾਇਤਾ ਦੇ ਨਾਲ ਸਰਕਾਰੀ ਬੱਸਾਂ ਵਿਚ ਸੰਘਰਸ਼ੀ ਯੋਧਿਆਂ ਅਤੇ ਉਨ੍ਹਾਂ ਦੀ ਪਤਨੀ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇਨ੍ਹਾਂ ਨੂੰ ਜ਼ਿਲ੍ਹਾ ਪੱਧਰ ਦੇ ਸਮਾਗਮਾਂ (ਆਜ਼ਾਦੀ ਦਿਵਸ ਅਤੇ ਸੁਤੰਤਰਤਾ ਦਿਵਸ) ਮੌਕੇ ਸਨਮਾਨ ਪੱਤਰ ਵੀ ਦਿੱਤਾ ਜਾਵੇਗਾ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਐਸ. ਡੀ. ਐਮ ਅਜਨਾਲਾ ਸ੍ਰੀ ਹਰਦੀਪ ਸਿੰਘ ਧਾਲੀਵਾਲ, ਐਸ. ਡੀ. ਐਮ ਬਾਬਾ ਬਕਾਲਾ ਸ੍ਰੀ ਆਰ. ਕੇ ਪੋਪਲੀ, ਤਹਿਸੀਲਦਾਰ ਸ. ਗੁਰਵਰਿਆਮ ਸਿੰਘ, ਸ. ਦਲਜੀਤ ਸਿੰਘ ਭੱਟੀ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਬਹਾਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply