ਮਜੀਠੀਆ ਵੱਲੋਂ ਸ: ਮੱਤੇਵਾਲ ਦੀ ਅਚਾਨਕ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ 18 ਮਈ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਕਾਲੀ ਆਗੂ, ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਮੱਤੇਵਾਲ ਦੇ ਸਰਪੰਚ 70 ਸਾਲਾ ਸ: ਕੁਲਬੀਰ ਸਿੰਘ ਮੱਤੇਵਾਲ ਦੇ ਅੱਜ ਅਚਾਨਕ ਹੋਈ ਮੌਤ ‘ਤੇ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸ: ਮੱਤੇਵਾਲ ਆਪਣੇ ਪਿੱਛੇ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਏ ਹਨ। ਸ: ਮੱਤੇਵਾਲ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਦੇ ਪਿਛਲੇ 20 ਸਾਲਾਂ ਤੋਂ ਸਰਪੰਚ ਚਲੇ ਆ ਰਹੇ ਹਨ। ਅੱਜ ਉਹਨਾਂ ਦੀ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਸੈਰ ਕਰਦਿਆਂ ਦੌਰਾਨ ਦਿਲ ਦਾ ਦੌਰਾ ਪਿਆ ਤੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਿਨ ਦੇ ਗਿਆਰਾਂ ਵਜੇ ਅੰਤਿਮ ਸਾਹ ਲਿਆ। ਇਸ ਮੌਕੇ ਹਲਕਾ ਮਜੀਠਾ ਦੇ ਵਿਧਾਇਕ ਸ: ਮਜੀਠੀਆ ਨੇ ਅਕਾਲੀ ਆਗੂ ਸ: ਕੁਲਬੀਰ ਸਿੰਘ ਮੱਤੇਵਾਲ ਦੀ ਅਚਾਨਕ ਵਿਛੋੜੇ ‘ਤੇ ਉਹਨਾਂ ਦੇ ਪੁੱਤਰ ਵਾਈਸ ਪ੍ਰਿੰਸੀਪਲ ਮਾਈ ਭਾਗੋ ਪੋਲਟੇਕਨੀਕਲ ਕਾਲਜ ਅੰਮ੍ਰਿਤਸਰ, ਪਰਮਬੀਰ ਸਿੰਘ, ਭਰਾਤਾ ਤੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ: ਹਰਦੇਵ ਸਿੰਘ ਮੱਤੇਵਾਲ, ਸੁਖਦੇਵ ਸਿੰਘ ਮੱਤੇਵਾਲ ਸਮੇਤ ਪੂਰੀ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸ: ਮੱਤੇਵਾਲ ਦੀ ਮੌਤ ਨੂੰ ਅਕਾਲੀ ਦਲ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ: ਮੱਤੇਵਾਲ ਦਾ ਅੱਜ ਅੰਤਿਮ ਸੰਸਕਾਰ ਸਥਾਨਿਕ ਸ਼ਮਸ਼ਾਨ ਘਾਟ ਨਜ਼ਦੀਕ ਗੁਰਦੁਆਰਾ ਸ਼ਹੀਦਾਂ ਵਿਖੇ ਪੂਰੀ ਰਸਮਾਂ ਅਨੁਸਾਰ ਕਰਦਿਤਾ ਗਿਆ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ, ਚਰਨਜੀਤ ਸਿੰਘ ਚੱਡਾ, ਸੁਖਵਿੰਦਰ ਸਿੰਘ ਗੋਲਡੀ ਆਦਿ ਵੀ ਮੌਜੂਦ ਸਨ। ਸ: ਮੱਤੇਵਾਲ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 25 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਬੁਖ਼ਾਰੀ ਜੀ ਮਜੀਠਾ ਰੋਡ ਵਿਖੇ ਹੋਵੇਗਾ।
Punjab Post Daily Online Newspaper & Print Media