ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹਦਾਇਤ ਦਿੱਤੀ ਹੈ।ਅਰਧ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਪਾਰਟੀ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਤਾਬਦੀ ਨੂੰ ਮਨਾਉਣ ਲਈ ਉਲੀਕੇ ਗਏ ਮੁੱਖ ਪ੍ਰੋਗਰਾਮਾਂ ਵਿਚ 18 ਦਸੰਬਰ ਨੂੰ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਖੇ ਇਤਿਹਾਸਿਕ ਸਮਾਗਮ, 20 ਤੋਂ 30 ਦਸੰਬਰ ਤਕ ਦਿੱਲੀ ਦੀਆਂ ਸਾਰੀ ਕਾਲੋਨੀਆਂ ਨੂੰ ਵਿਸ਼ੇਸ਼ ਨਗਰ ਕੀਰਤਨ ਰਾਹੀਂ ਜੋੜਨਾ, 1 ਜਨਵਰੀ 2017 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਫਤਹਿ ਨਗਰ ਤਕ ਨਗਰ ਕੀਰਤਨ, 2 ਜਨਵਰੀ 2017 ਨੂੰ ਪਟਨਾ ਸਾਹਿਬ ਲਈ 3 ਵਿਸ਼ੇਸ਼ ਰੇਲ ਗੱਡੀਆਂ ਰਵਾਨਾ ਕਰਨਾ ਅਤੇ 5 ਜਨਵਰੀ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਸ਼ਾਮਿਲ ਹਨ। ਜੀ.ਕੇ. ਨੇ ਵਿਅੰਗ ਕਰਦੇ ਹੋਏ ਕਿਹਾ ਕਿ 12 ਸਾਲ ਤਕ ਸਿੱਖਾਂ ਦੇ ਕਾਤਲਾਂ ਨੂੰ ਸਿਰਪਾਉ ਪਾ ਕੇ ਆਪਣੀ ਕੁਰਸੀ ਬਚਾਉਣ ਵਾਲੇ ਲੋਕ ਪਤਾ ਨਹੀਂ ਕਿਸ ਨੈਤਿਕਤਾ ਦੇ ਸਹਾਰੇ 1984 ਸਿੱਖ ਕਤਲੇਆਮ ਦੀ ਯਾਦਗਾਰ ਕਮੇਟੀ ਵੱਲੋਂ ਬਣਾਏ ਜਾਣ ’ਤੇ ਕਿੰਤੂ ਕਰਦੇ ਹਨ। ਮੰਡੀ ਹਾਊਸ ਨੇੜਲੇ ਪੰਜਾਬ ਸਰਕਾਰ ਦੇ ਨਾਭਾ ਹਾਊਸ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਕਮੇਟੀ ਵੱਲੋਂ ਸਥਾਪਿਤ ਕਰ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਆਉਂਦੇ ਹਫ਼ਤੇ ’ਚ ਇਸ ਦਾ ਉਦਘਾਟਨ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਰਨ ਦਾ ਵੀ ਐਲਾਨ ਕੀਤਾ। ਸਿਰਸਾ ਨੇ ਸਰਨਾ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਤੋਂ ਸ਼ਾਲ ਅਤੇ ਲੇਡੀਜ਼ ਸੂਟ ਭਾਰਤ ਮੰਗਾਉਣ ਦੌਰਾਨ ਕਮੇਟੀ ਦੇ ਸਟਾਫ਼ ਦੀ ਕਥਿਤ ਦੁਰਵਰਤੋ ਸਰਕਾਰੀ ਖਜਾਨੇ ਨੂੰ ਚੋਟ ਪਹੁੰਚਾਉਣ ਲਈ ਕਰਨ ਦਾ ਵੀ ਖੁਲਾਸਾ ਕੀਤਾ।ਸਿਰਸਾ ਨੇ ਕਿਹਾ ਕਿ ਦੂਜਿਆਂ ਨੂੰ ਗਲਤ ਦੱਸਣ ਵਾਲੇ ਸਰਨਾ ਭਰਾ ਆਪਣੇ ਕਾਰਜਕਾਲ ਦੌਰਾਨ ਵਿੱਦਿਅਕ ਅਦਾਰਿਆਂ ਦੇ ਡਿੱਗੇ ਮਿਆਰ ਅਤੇ ਪੰਥ ਨੂੰ ਚੁਣੌਤੀ ਦੇਣ ਵਾਲੇ ਕੀਤੇ ਗਏ ਕਾਰਜਾਂ ’ਤੇ ਆਪਣਾ ਮੂੰਹ ਕਿਉਂ ਨਹੀਂ ਖੋਲਦੇ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸਰਨਾ ਨੇ ਦੱਸਿਆ ਕਿ ਆਪਣੀ ਪ੍ਰਧਾਨਗੀ ਕਾਲ ਦੌਰਾਨ ਜਦੋਂ ਦਿੱਲੀ ਕਮੇਟੀ ਦੇ ਦਫ਼ਤਰ ਦਾ ਸਾਰਾ ਰਿਕਾਰਡ ਅਤੇ ਕਾਰਵਾਈ ਦਾ ਕੰਪਿਊਟਰੀਕਰਨ ਕੀਤਾ ਗਿਆ ਸੀ ਤਾਂ ਸਰਨਾ ਨੇ ਉਨ੍ਹਾਂ ’ਤੇ ਕੰਪਿਊਟਰੀ ਕਰਨ ਦੇ ਨਾਂ ’ਤੇ 1.5 ਕਰੋੜ ਰੁਪਏ ਦਾ ਗਬਨ ਕਰਨ ਦਾ ਝੂਠਾ ਇਲਜਾਮ ਲਗਾਇਆ ਸੀ ਜਦਕਿ ਇਸ ਪੂਰੀ ਕਾਰਵਾਈ ਦੌਰਾਨ ਕਮੇਟੀ ਦਾ ਖਰਚਾ 1 ਕਰੋੜ 15 ਲੱਖ ਰੁਪਏ ਹੋਇਆ ਸੀ।ਪਾਰਟੀ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਕਮੇਟੀ ਦੇ ਸਮੂਹ ਅਹੁੱਦੇਦਾਰ ਅਤੇ ਮੈਂਬਰ ਸਾਹਿਬਾਨ ਵੱਡੀ ਗਿਣਤੀ ਵਿਚ ਮੌਜੂਦ ਸਨ।
Check Also
ਨਿਊ ਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਜ ਅਮਰੀਕਾ ਤੋਂ ਨਿਊ ਜਰਸੀ-ਇੰਡੀਆ ਕਮਿਸ਼ਨ ਦੇ …