
ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਦਿਨ ਦਹਾੜੇ ਪੱਟੀ ਦੀ ਕਚਹਿਰੀ ਵਿੱਚ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ ਕੀਤੀ ਗਈ | ਇਸ ਸੰਬਧੀ ਲਖਵਿੰਦਰ ਕੌਰ ਵਿਧਵਾ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦੀ ਸੱਸ ਵਿਧਵਾ ਰਛਪਾਲ ਕੌਰ ਨਾਲ ਆਪਣੇ ਮੁਹੱਲੇ ਦੇ ਵਾਸੀਆਂ ਸਮੇਤ ਕਚਹਿਰੀ ਵਿੱਚ ਕਿਸੇ ਕੰਮ ਲਈ ਆਏ ਸਨ | ਜਿਸ ਦੌਰਾਨ ਲਖਵਿੰਦਰ ਕੌਰ ਦੇ ਜੇਠ ਜੋਗਿੰਦਰ ਸਿੰਘ ਪੁੱਤਰ ਅਨੌਖ ਸਿੰਘ, ਸੁਰਿੰਦਰ ਸਿੰਘ ਪੁੱਤਰ ਅਨੌਖ ਸਿੰਘ, ਜੇਠਾਨੀ ਰਣਜੀਤ ਕੌਰ ਰਾਣੀ ਪਤਨੀ ਜੋਗਿੰਦਰ ਸਿੰਘ ਵਾਸੀ ਵਾਰਡ ਨੰ: 10 ਪੱਟੀ ਵੱਲੋ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਖਿਚਿਆ ਅਤੇ ਮਾਰ ਕੁਟਾਈ ਕੀਤੀ ਅਤੇ ਕਪੜੇ ਪਾੜ ਦਿੱਤੇ | ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ | ਉਸ ਦੀ ਮੌਤ ਤੋਂ ਬਾਦ ਮਾਤਾ ਰਛਪਾਲ ਕੌਰ ਵੀ ਉਸ ਦੇ ਨਾਲ ਆਪਣੇ ਬੱਚਿਆਂ ਸਮੇਤ ਉਸ ਕੋਲ ਰਹਿ ਰਹੀ ਹੈ ਤੇ ਘਰ ਦੀ ਰਜਿਸਟਰੀ ਨੂੰ ਜਬਰਦਸਤੀ ਹੜੱਪਣ ਦੀ ਕੋਸ਼ਿਸ਼ ਕਰਦੇ ਹੋਏ ਮੇਰੇ ਨਾਲ ਕਾਫੀ ਗਾਲੀ ਗਲੋਚ ਕੀਤਾ | ਉਸਨੇ ਦੱਸਿਆ ਕਿ ਮਾਤਾ ਰਛਪਾਲ ਕੌਰ ਆਪਣਾ ਹਿੱਸਾ ਸਵ: ਬਲਕਾਰ ਸਿੰਘ ਦੇ ਪੁੱਤਰ ਸੰਦੀਪ ਸਿੰਘ ਦੇ ਨਾਮ ਕਰਨਾ ਚਾਹੁੰਦੀ ਹੈ ਜਦ ਕਿ ਉਸ ਦੇ ਦੋਵੇਂ ਜੇਠਾਂ ਨੂੰ ਇਹ ਗੱਲ ਹਜ਼ਮ ਨਹੀ ਹੋ ਰਹੀ | ਇਸ ਮੌਕੇ ਵਿਧਵਾ ਮਾਤਾ ਰਛਪਾਲ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਆਪਣੇ ਛੋਟੇ ਪੁੱਤਰ ਬਲਕਾਰ ਅਤੇ ਉਸਦੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਉਸ ਦਾ ਪਾਲਣ ਪੋਸ਼ਣ ਉਸ ਦੀ ਬਿਮਾਰੀ ਲਈ ਦਵਾ ਦਾਰੂ ਸਾਰਾ ਸਵ: ਬਲਕਾਰ ਸਿੰਘ ਅਤੇ ਉਸ ਦੀ ਪਤਨੀ ਵੱਲੋ ਪੂਰੀ ਜੁੰਮੇਵਾਰੀ ਨਾਲ ਨਿਭਾਈ ਅਤੇ ਉਹ ਬਣਦਾ ਆਪਣਾ ਹਿੱਸਾ ਵੀ ਸਵ: ਬਲਕਾਰ ਸਿੰਘ ਦੇ ਪੁੱਤਰ ਦੇ ਨਾਮ ਕਰਨਾ ਚਾਹੁੰਦੀ ਹੈ ਪਰ ਉਸ ਦੇ ਵੱਡੇ ਪੁੱਤਰਾਂ ਜੋਗਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਵੱਲੋ ਉਸ ਨੂੰ ਇਸ ਸੰਬੰਧੀ ਰੋਕਣ ਲਈ ਜਬਰਦਸਤੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਵੱਲੋ ਪੱਟੀ ਦੀ ਕਚਹਿਰੀ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਹੈ | ਇਸ ਮੌਕੇ ਵਿਧਵਾ ਲਖਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਦੀ ਸ਼ਿਕਾਇਤ ਉਸ ਨੇ ਪੁਲਿਸ ਸਟੇਸ਼ਨ ਪੱਟੀ ਵਿਖੇ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਅੱਜ ਇਹ ਕਾਰਨਾਮਾ ਹੋਇਆ ਹੈ | ਕਸ਼ਯਪ ਰਾਜਪੂਤ ਸਭਾ ਪੱਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਾਲਾ ਨੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਅਜੀਤ ਸਿੰਘ, ਦਲਬੀਰ ਸਿੰਘ, ਸੁੱਚਾ ਸਿੰਘ, ਸੁਖਦੇਵ ਸਿੰਘ, ਕਹਿਰ ਸਿੰਘ, ਮਨਜੀਤ ਸਿੰਘ, ਸੈਨੇਟਰੀ ਪ੍ਰਧਾਨ ਕੋਮਲ ਸਿੰਘ ਲਾਡੀ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ | ਇਸ ਸੰਬਧੀ ਪੁਲੀਸ ਥਾਣਾ ਪੱਟੀ ਦੇ ਏ.ਐਸ.ਆਈ ਕੁਲਵੰਤ ਸਿੰਘ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |
Punjab Post Daily Online Newspaper & Print Media