Friday, October 18, 2024

ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਅਨਜਾਣ – ਬਾਦਲ

ਇਰਾਕ ‘ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਪੰਜਾਬ ਸਰਕਾਰ ਯਤਨਸ਼ੀਲ
ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਖਤਮ ਕਰਨ ਲਈ ਪਾਬੰਦ

PPN290602
ਬਟਾਲਾ, 28  ਜੂਨ (ਨਰਿੰਦਰ ਬਰਨਾਲ) -ਕੈਪਟਨ ਅਮਰਿੰਦਰ ਸਿੰਘ ਵਲੋਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਦਾ ਸਮਰਥਨ ਕੀਤੇ ਜਾਣ ‘ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਮੇਤ ਜੋ ਲੋਕ ਵੀ ਇਸ ਵੱਖਰੀ ਕਮੇਟੀ ਦੀ ਮੰਗ ਕਰ ਰਹੇ ਹਨ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਅੱਜ ਬਟਾਲਾ ਵਿਖੇ ਅਕਾਲੀ ਆਗੂ ਸ.ਕੁਲਬੀਰ ਸਿੰਘ ਰੰਧਾਵਾ ਦੀ ਮਾਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਐਕਟ ਦੇ ਤਹਿਤ ਬਣੀ ਹੈ ਅਤੇ ਜੋ ਲੋਕ ਵੱਖਰੀ ਕਮੇਟੀ ਦੀ ਮੰਗ ਜਾਂ ਸਮਰਥਨ ਕਰ ਰਹੇ ਹਨ ਉਹਨਾਂ ਨੂੰ ਇਸ ਐਕਟ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਹੈ।  ਉਹਨਾਂ ਕਿਹਾ ਕਿ ਸ਼ੋਮ੍ਰਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ ਦੌਰਾਨ ਹਰਿਆਣਾ ਦੀਆਂ ਸਾਰੀਆਂ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਸਨ ਅਤੇ ਹਰਿਆਣਾ ਦੇ ਸਿੱਖ ਵੀ ਵੱਖਰੀ ਕਮੇਟੀ ਦੇ ਹੱਕ ਵਿਚ ਨਹੀਂ ਹਨ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿਚ ਲਿਆਉਣ ਲਈ ਉਸ ਮੌਕੇ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਸਨ ਅਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਸੀ। ਉਹਨਾਂ ਕਿਹਾ ਕਿ ਇਸ ਸੰਜੀਦਾ ਮਸਲੇ ‘ਤੇ ਕਿਸੇ ਵੀ ਆਗੂ ਨੂੰ ਕੋਈ ਗੈਰ ਜਿੰਮੇਵਾਰ ਬਿਆਨ ਨਹੀਂ ਦੇਣਾ ਚਾਹੀਦਾ, ਜਿਸ ਨਾਲ ਕੌਮ ਜਾਂ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਹੁੰਦਾ ਹੋਵੇ। 
ਇਰਾਕ ‘ਚ ਫਸੇ ਪੰਜਾਬੀਆਂ ਸਬੰਧੀ ਬੋਲਦਿਆਂ ਸ.ਬਾਦਲ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਖੁਦ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਕੇਂਦਰ ਸਰਕਾਰ ਵਲੋਂ ਉਹਨਾ ਨੂੰ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ ਦਿੱਤਾ ਗਿਆ ਹੈ। ਸ.ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਰਾਕ ‘ਚ ਫਸੇ ਪੰਜਾਬੀਆਂ ਦੀ ਵਾਪਸੀ ਦਾ ਸਾਰਾ ਖਰਚਾ ਚੁੱਕਣ ਦੀ ਪੇਸ਼ਕਸ਼ ਵੀ ਕੀਤੀ ਹੈ। ਕਮਜੋਰ ਮਾਨਸੂਨ ਸਬੰਧੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਸ.ਬਾਦਲ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਮਾਨਸੂਨ ਤਾਂ ਵਧਾ-ਘਟਾ ਨਹੀਂ ਸਕਦੀ ਪਰ ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਨੂੰ ੮ ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਮੋਦੀ ਸਰਕਾਰ ਦੀ ਇੱਕ ਮਹੀਨੇ ਦੀ ਕਾਰਗੁਜਾਰੀ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਲੀਹ ‘ਤੇ ਆਉਣ ਲਈ ਕੁਝ ਸਮਾਂ ਤਾਂ ਲੱਗਦਾ ਹੈ, ਜਿਵੇਂ ਇੱਕ ਨਵਜੰਮੇ ਬੱਚੇ ਕੋਲੋਂ ਉਲੰਪਿਕ ਮੈਡਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਇੱਕ ਮਹੀਨੇ ਵਿਚ ਦਹਾਕਿਆਂ ਦੇ ਪੱਛੜੇਪਨ ਨੂੰ ਦੂਰ ਨਹੀਂ ਕੀਤਾ ਜਾ ਸਕਦਾ।
ਨਸ਼ਾ ਵਿਰੋਧੀ ਮੁਹਿੰਮ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਸ.ਬਾਦਲ ਨੇ ਕਿਹਾ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਖਤਮ ਕਰਨ ਲਈ ਪਾਬੰਦ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਸਖ਼ਤੀ ਵਰਤਦਿਆਂ ਵੱਡੀ ਗਿਣਤੀ ਵਿਚ ਨਸ਼ੇ ਦੇ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ ਉਹਨਾਂ ਦਾ ਮੁਫ਼ਤ ਇਲਾਜ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਨਸ਼ਾ ਮੁਕਤੀ ਕੇਂਦਰ ਖੋਲਣ ਦੇ ਨਾਲ ਹਰ ਜ਼ਿਲ੍ਹੇ ਵਿਚ ਪੁਨਰਵਾਸ ਕੇਂਦਰ ਵੀ ਸਥਾਪਤ ਕੀਤੇ ਹਨ। ਸ.ਬਾਦਲ ਨੇ ਕਿਹਾ ਕਿ ਉਹ ਖੁਦ ਨਸ਼ਾ ਵਿਰੋਧੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਪੁਲਿਸ ਵਿਭਾਗ ਨੂੰ ਇਹ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਨਸ਼ਾ ਤਸੱਕਰ ਨੂੰ ਬਖਸ਼ਿਆ ਨਾ ਜਾਵੇ। 

ਗੈਸ ਹਾਦਸੇ ‘ਚ ਮਰੇ ਪੀੜਤਾਂ ਦੇ ਪਰਿਵਾਰਾਂ ਨੂੰ ੧-੧ ਲੱਖ ਦੀ ਮਾਲੀ ਸਹਾਇਤਾ ਦਾ ਐਲਾਨ

ਬੀਤੇ ਦਿਨੀਂ ਬਟਾਲਾ ਦੇ ਡੋਗਰਾ ਮੁਹੱਲਾ ਵਿਖੇ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ‘ਚ ਮਰੇ 5 ਵਿਅਕਤੀ ਜਿੰਨਾਂ ਵਿਚ ੩ ਬੱਚੇ ਅਤੇ 2 ਔਰਤਾਂ ਸ਼ਾਮਲ ਹਨ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂਨੂੰ 1-1ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅੱਜ ਬਟਾਲਾ ਵਿਖੇ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਾਦਸਾ ਬੇਹੱਦ ਦੁਖਦਾਈ ਹੈ, ਭਾਵੇਂ ਕਿ ਹਾਦਸੇ ‘ਚ ਗਈਆਂ ਕੀਮਤਾਂ ਜਾਨਾਂ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਦੁੱਖ ਦੀ ਘੜੀ ਵਿਚ ਨਾਲ ਖੜੀ ਹੈ। ਇਸ ਸ.ਨਿਰਮਲ ਸਿੰਘ ਕਾਹਲੋਂ ਸਾਬਕਾ ਸਪੀਕਰ, ਸ.ਕੁਲਬੀਰ ਸਿੰਘ ਰੰਧਾਵਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਹਾਜ਼ਰ ਸਨ।

 

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply