Sunday, December 22, 2024

ਹਕੀਕੀ ਗੱਲਾਂ

ਮਿੱਠਾ ਬਹੁਤ ਖਾਂਦੇ ਸਨ, ਸਾਡੇ ਬਜ਼ੁੱਰਗ ਪੁਰਾਣੇ
ਪਰ ਹੁਣ ਮਿੱਠੇ ਵੱਲ ਝਾਕਣ ਨਾ, ਅੱਜਕੱਲ ਦੇ ਨਿਆਣੇ।
ਹਕੀਕੀ ਗੱਲਾਂ ਮੈਂ ਲਿਖਦਾ ਹਾਂ, ਬਿਲਕੱਲ ਝੂਠ ਨਾ ਰਾਈ
ਪਿੰਡ ਮੇਰੇ ਦੇ ਇਕ ਬਜ਼ੁੱਰਗ ਨੇ, ਸੀ ਇਹ ਗੱਲ ਸੁਣਾਈ।
ਖਾਧੇ 32 ਜੋਟੇ ਲੱਡੂਆਂ ਦੇ, ਸਾਡੇ ਪਿੰਡ ਸੁਦਾਗਰ
ਧੜੀ ਇਕ ਸੀ ਚੌਲ ਖਾ ਗਿਆ, ਓਹਦਾ ਭਰਾ ਮਲਾਗਰ।
ਪਹਿਲੇ ਸਮਿਆਂ ਵਿੱਚ ਧਿਆਣੀਆਂ, ਸੀ ਪਿੰਡਾਂ ਵਿੱਚ ਖਵੌਂਦੇ
ਆਂਢ ਗੁਆਂਢ ਦੇ ਪਿੰਡਾਂ ਨੂੰ ਸੀ, ਨਿਉਂਤਾ ਦੇ ਬੁਲਾਉਂਦੇ।
ਔੜ ਲੱਗੀ ਸੀ ਭਾਰੀ, ਭੇਖੇ ਪਿੰਡ ਨੇ ਲੰਗਰ ਲਾਇਆ
ਗਲ ਵਿੱਚ ਪੱਲਾ ਪਾ ਕੇ, ਇੰਦਰ ਦੇਵਤੇ ਨੂੰ ਰਿਝਾਇਆ।
ਹੱਦ ਨਾਲ ਹੱਦ ਸੀ ਲੱਗਦੀ, ਨਾਲੇ ਪਿੰਡ ਸੀ ਨੇੜੇ ਨੇੜੇ
ਪਿਆਰ ਸਾਂਝਾਂ ਸੀ ਦਿਲਾਂ ਦੇ ਅੰਦਰ, ਨਹੀਓਂ ਸਨ ਬਖੇੜੇ।
ਸਦਾਗਰ ਮਲਾਗਰ ਭਾਈ ਦੋਨੋ, ਸੀ ਹੱਦ `ਤੇ ਪਾਣੀ ਲਾਉਂਦੇ
ਭੇਖੇ ਧਿਆਣੀਆਂ ਖਾਣ ਹੈ ਜਾਣ, ਮਨ ਵਿੱਚ ਬਣਤ ਬਣਾਉਂਦੇ।
ਰਾਇ ਹੋਈ ਇਕ ਜਣਾ ਹੀ, ਚਾਵਲ ਖਾਣ ਲਈ ਜਾਊ
ਦੂਜੇ ਲਈ ਉਹ ਪੱਲੇ ਬੰਨ ਕੇ, ਆਉਂਦਾ ਨਾਲ ਲਿਆੳੂ।
ਜਾ ਸੱਥ ਵਿੱਚ ਚੌਲ ਸੀ ਖਾਣ ਬਹਿ ਗਿਆ, ਸਦਾਗਰ ਬਾਈ
ਹਿੱਸੇ ਆਉਂਦੀ ਧੜੀ ਚੌਲਾਂ ਦੀ, ਉਨਾਂ ਸਾਫੇ ਦੇ ਵਿੱਚ ਪਾਈ।
ਤੇਜ ਭੁੱਖ ਸੀ ਲੱਗੀ ਉਹਨੂੰ, ਝੱਟ-ਪੱਟ ਚੌਲ ਮੁਕਾਏ
ਮਲਾਗਰ ਸਿਉਂ ਲਈ ਧੜੀ ਚੌਲ ਸੀ, ਪੱਲੇ ਵਿੱਚ ਪੁਆਏ।
ਗੰਢ ਬੰਨ ਕੇ ਸਿਰ ਤੇ ਧਰ ਉਹ, ਖੇਤਾਂ ਦੇ ਵੱਲ ਧਾਇਆ
ਮੁੱਠਾਂ ਭਰ-2 ਉਹ ਵੀ ਖਾ ਗਿਆ, ਪਾਈਆ ਰਹੇ ਬਕਾਇਆ।
ਵਿੱਚ ਜਵਾਨੀ ਸਦਾਗਰ ਸੀ, ਦੋ ਸੇਰ ਕੱਚੇ ਛੋਲੇ ਖਾਂਦਾ
ਹੁੰਦੀ ਸੁਣ ਹੈਰਾਨੀ ਵੀਰੋ, ਕਿਵੇਂ ਸੀ ਉਹ ਪਚਾਂਦਾ?
ਦੇਸੀ ਘਿਉ ਵੀ ਡੀਕਾਂ ਲਾ ਕੇ, ਪੀਂਦੇ ਸੀ ਉਦੋਂ ਬਾਬੇ
ਪਰ ਹੱਥੀ ਕੰਮ ਸੀ ਕਰਦੇ ਉਹੋ, ਸਾਰੇ ਬੇ ਹਿਸਾਬੇ।
ਜਾਨ ਵਰੋਲਦੇ ਵੇਖੀਦੇ ਨੇ, ਅੱਜਕੱਲ ਦੇ ਨੌਜਵਾਨ
ਪੁਰਾਣੀਆਂ ਖੁਰਾਕਾਂ ਵਾਲੇ ਬਾਬੇ, ਅੱਜ ਵੀ ਦਿਸਣ ਜਵਾਨ।
ਨਸ਼ਿਆਂ ਨੂੰ ਤਿਆਗ ਕੇ ਆਓ, ਜਗਾਈਏ ਜੇ ਜ਼ਮੀਰ
ਖੁਰਾਕ ਨਾਲ ਹੀ ਦੋਸਤੋ, ਬਚਣੇ ਇਹ ਸਰੀਰ।
ਮਿਹਦਾ ਸਭ ਕੁੱਝ ਪਚਾੳੂਗਾ, ਹੈ ਗੱਲ ਲੋਹੇ ਤੇ ਲਕੀਰ।
ਹੱਥੀ ਕੰਮ ਦੀ ਆਦਤ ਪਾਈਏ, ਦੱਦਾਹੁਰੀਆ ਕਹੇ ਜਸਵੀਰ।

Jasveer Shrma Dadahoor 94176-22046

 

 

 

 

 
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾ : 94176-22046

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply