ਵਿੱਛੜੀਆਂ ਸਾਹਿਤਕਾਰਾਂ ਸਖਸ਼ੀਅਤਾਂ ਨੂੰ ਕੀਤਾ ਯਾਦ
ਸਮਰਾਲਾ, 20 ਜੂਨ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ ਸਮਰਾਲਾ ਦੀ ਮਹੀਨਾਵਾਰ ਬੈਠਕ ਮੀਤ ਪ੍ਰਧਾਨ ਸੂਰਿਆ ਕਾਂਤ ਵਰਮਾ ਦੀ ਪ੍ਰਧਾਨਗੀ ਹੇਠ ਹੋਈ।ਸਭ
ਤੋਂ ਪਹਿਲਾਂ ਸਾਹਿਤਕਾਰਾਂ ਵਲੋਂ ਉਡਣਾ ਸਿੱਖ ਮਿਲਖਾ ਸਿੰਘ, ਉਨ੍ਹਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ, ਸਾਹਿਤਕਾਰ ਡਾ. ਹਰਨੇਕ ਸਿੰਘ, ਮਹਿੰਦਰ ਸਾਥੀ ਦੇ ਅਚਾਨਕ ਚਲਾਣੇ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।ਇਸ ਉਪਰੰਤ ਸੂਰੀਆ ਕਾਂਤ ਵਰਮਾ ਵਲੋਂ ਪ੍ਰੋਫੈਸਰ ਮਰਹੂਮ ਹਮਦਰਦਵੀਰ ਨੌਸ਼ਹਿਰਵੀ ਦੀਆਂ ਰਚਨਾ ਕਾਲ ਦੀਆਂ ਪੁਸਤਕਾਂ ਅਤੇ ਉਨ੍ਹਾਂ ਦੀਆਂ ਕਵਿਤਾ ਉਚਾਰਨ ਦਾ ਪਾਠ ਕੀਤਾ।ਜਿਸ ਨੂੰ ਸਰੋਤਿਆਂ ਨੇ ਖੂਬ ਸਰਾਹਿਆ।ਸਭਾ ਵਿੱਚ ਹਾਜ਼ਰ ਕਹਾਣੀਕਾਰ ਅਤੇ ਸ਼ਾਇਰਾਂ ਵਲੋਂ ਕਹਾਣੀਆਂ ਤੇ ਕਵਿਤਾਵਾਂ ਸੁਣਾਈਆਂ ਗਈਆਂ।ਜਿੰਨ੍ਹਾਂ ‘ਤੇ ਉਸਾਰੂ ਬਹਿਸ ਕੀਤੀ ਗਈ।ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਸਿੰਘ ਭਾਦਲਾ ਦੀ ਕਹਾਣੀ ‘ਨਫਰਤ’ ਖੂਬ ਚਰਚਾ ਦਾ ਵਿਸ਼ਾ ਬਣੀ।ਸਭਾ ਵਿੱਚ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਹੁਣ ਤੱਕ ਦੇ ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਦੌਰ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਸਾਹਿਤਕਾਰ, ਗੀਤਕਾਰ, ਗਾਇਕ, ਪ੍ਰੋਡਿਊਸਰ ਫਿਲਮਕਾਰ, ਨਿਰਮਾਤਾ ਨਿਰਦੇਸ਼ਕ, ਸੰਗੀਤਕਾਰ, ਅਦਾਕਾਰਾਂ ਦੀ ਹੁਣ ਤੱਕ ਦੀ ਭੂਮਿਕਾ ‘ਤੇ ਭਰਵੀਂ ਚਰਚਾ ਕੀਤੀ ਗਈ।
ਇਸ ਚਰਚਾ ਵਿੱਚ ਕੁਲਵੰਤ ਤਰਕ, ਪ੍ਰੋ. ਬਲਜੀਤ ਸਿੰਘ ਰੁਪਿੰਦਰਜੀਤ ਸਿੰਘ ਕਲੇਰ, ਮਨਜੀਤ ਸਿੰਘ ਰਿਐਤ, ਗੁਰਬਖ਼ਸ਼ੀਸ਼ ਸਿੰਘ ਬਲਾਲਾ, ਸੁਖਵਿੰਦਰ ਸਿੰਘ ਭਾਦਲਾ, ਇੰਦਰਜੀਤ ਸਿੰਘ ਕੰਗ, ਜਨਰਲ ਸਕੱਤਰ ਜਵਾਲਾ ਸਿੰਘ ਥਿੰਦ, ਕਰਮ ਚੰਦ ਸਾਬਕਾ ਮੈਨੇਜਰ, ਪ੍ਰਧਾਨ ਨਰਿੰਦਰ ਮਣਕੂ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਭਾਜੀ ਗੁਰਸ਼ਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਸੰਤ ਰਾਮ ਉਦਾਸੀ, ਜਸਵੰਤ ਸਿੰਘ ਕੰਵਲ, ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ, ਲਾਲ ਸਿੰਘ ਦਿਲ, ਸਆਦਤ ਹਸਨ ਮੰਟੋ, ਪ੍ਰੇਮ ਗੋਰਕੀ, ਦਲਵੀਰ ਆਦਿ ਦੀ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ।
ਮੀਟਿੰਗ ਦੇ ਅਖੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਸੂਰਿਆ ਕਾਂਤ ਵਰਮਾ ਦੇ 65ਵੇਂ ਜਨਮ ਦਿਨ ਦੀਆਂ ਸਭਾ ਦੇ ਮੈਂਬਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੀ ਤੰਦਰੁਸਤੀ ਦੀ ਲਈ ਦੁਆਵਾਂ ਕੀਤੀਆਂ ਗਈਆਂ।ਜਰਨਲ ਸਕੱਤਰ ਥਿੰਦ ਪੰਜਾਬੀ ਵਲੋਂ ਸਭਾ ਵਿੱਚ ਹਾਜ਼ਰ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media