Saturday, March 21, 2026

40 ਮੁਕਤਿਆਂ ਦੀ ਯਾਦ ਵਿੱਚ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

ਸ਼ਮਰੱਥ ਗੁਰੂ ‘ਤੇ ਸ਼ੰਕਾ ਕਰਨ ਦੀ ਬਜਾਏ ਭਰੋਸੇ ਦਾ ਫਲਸਫਾ ਅਪਨਾਉਣ ਦਿੱਤਾ ‘ਤੇ ਜ਼ੋਰ

PPN1701201505

ਨਵੀਂ ਦਿੱਲੀ, 17 ਜਨਵਰੀ (ਅੰਮ੍ਰਿਤ ਲਤਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਨਾਲ ਸੰਬਧਿਤ ਮਨਾਏ ਜਾਂਦੇ ਸਾਰੇ ਦਿਹਾੜਿਆਂ ਦੀ ਕੜੀ ਵਿੱਚ ਮੁਕਤਸਰ ਵਿਖੇ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਅਪਾਰਦੀਪ ਸਿੰਘ ਯੁੂ.ਕੇ., ਭਾਈ ਮਹਿਤਾਬ ਸਿੰਘ ਅਤੇ ਭਾਈ ਰਵਿੰਦਰ ਸਿੰਘ ਦਿੱਲੀ ਵੱਲੋਂ ਕੀਰਤਨ ਅਤੇ ਭਾਈ ਸੋਹਨ ਸਿੰਘ ਖਾਲਸਾ ਵੱਲੋਂ ਵਿਚਾਰ ਚਰਚਾ ਦੌਰਾਨ 40 ਮੁਕਤਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ ਗਈ।
ਦਿੱਲੀ ਕਮੇਟੀ ਦੇ ਹਜ਼ੂਰੀ ਢਾਡੀ ਭਾਈ ਹਰਭਜਨ ਸਿੰਘ ਖਾਲਸਾ ਨੇ ਮਾਈ ਭਾਗੋ ਜੀ ਵੱਲੋਂ ਭਾਈ ਮਹਾ ਸਿੰਘ ਅਤੇ ਹੋਰ ਸਿੰਘਾਂ ਨੂੰ ਪ੍ਰੇਰਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਦੇ ਮੈਦਾਨ ਵਿੱਚ ਉਤਰਣ ਦੇ ਦਿੱਤੇ ਗਏ ਹਲੁਣੇ ਬਾਰੇ ਸੰਗਤਾਂ ਨੂੰ ਢਾਡੀ ਕਲਾ ਰਾਹੀਂ ਜਾਣੂੰ ਕਰਵਾਇਆ।ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸਮਰੱਥ ਗੁਰੂ ‘ਤੇ ਸ਼ੰਕਾ ਕਰਨ ਦੀ ਬਜਾਏ ਭਰੋਸਾ ਕਰਨ ਦੇ ਫਲਸਫੇ ਨੂੰ ਅਪਨਾਉਣ ਤੇ ਜ਼ੋਰ ਦਿੱਤਾ।ਰਾਣਾ ਨੇ ਕਿਹਾ ਕਿ ਇਕ ਅਕਾਲ ਪੁਰਖ ‘ਤੇ ਭਰੋਸਾ ਕਰਨ ਵਾਲਾ ਸਿੱਖ ਕਦੇ ਵੀ ਗੁਰੂ ਤੋਂ ਬਾਗੀ ਨਹੀਂ ਹੋ ਸਕਦਾ, ਸਗੋਂ ਭਟਕ ਗਏ ਸਿੱਖਾਂ ਨੂੰ ਧਰਮ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕਰਦਾ ਹੈ।ਮਾਈ ਭਾਗੋ ਜੀ ਵੱਲੋਂ 40 ਸਿੰਘਾਂ ਨੂੰ ਹਲੂਣਾ ਦੇ ਕੇ ਗੁਰੂ ਸਾਹਿਬ ਦੀ ਸ਼ਰਣ ਵਿਚ ਭੇਜਣ ਦਾ ਹਵਾਲਾ ਦਿੰਦੇ ਹੋਏ ਰਾਣਾ ਨੇ ਸਮੂਹ ਬੀਬੀਆਂ ਅਤੇ ਭੈਣਾਂ ਨੂੰ ਬੱਚਿਆ ਨੂੰ ਆਪਣੇ ਘਰਾਂ ਵਿੱਚ ਗੁਰੂ ਵਿਰਸੇ ਨਾਲ ਜੋੜਨ ਵਾਸਤੇ ਲੋੜੀਂਦੇ ਕਾਰਜ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਸਟੇਜ ਦੀ ਸੇਵਾ ਦਿੱਲੀ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ ਚੀਮਾ ਵੱਲੋਂ ਨਿਭਾਉਂਦੇ ਹੋਏ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਦੀ ਬਜਾਏ 40 ਮੁਕਤਿਆਂ ਦੀ ਪਰੰਪਰਾ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਧਰਮ ਤੋਂ ਕੁਰਬਾਨ ਕਰਨ ਅਤੇ ਸ਼ੰਕੇ ਤਿਆਗਣ ਦੀ ਬਿਰਤੀ ਨੂੰ ਬੇਦਾਵਾ ਦੇਣ ਦੀ ਅਪੀਲ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply